ਸਾਰੇ ਰਾਸ਼ਨ ਡਿਪੂ 'ਤੇ ਲਗਾਏ ਜਾਣਗੇ ਸੀਸੀਟੀਵੀ ਕੈਮਰੇ, ਮੰਤਰੀ ਨੇ ਦਿੱਤੇ ਨਿਰਦੇਸ਼
ਚੰਡੀਗੜ੍ਹ : ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਡਿਪੂ ਹੋਲਡਰ ਤੋਂ ਰਾਸ਼ਨ ਦਾ ਵੇਰਵਾ ਜਲਦੀ ਤੋਂ ਜਲਦੀ ਕਰਵਾਉਣਾ ਯਕੀਨੀ ਕਰਨ। ਜਾਨਬੂਝ ਕੇ ਦੇਰੀ ਕਰਨ ਵਾਲੇ ਡਿਪੂ ਹੋਲਡਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੇ ਰਾਸ਼ਨ ਡਿਪੂਆਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗਰੀਬਾਂ ਦੇ ਰਾਸ਼ਨ ਵਿਚ ਗੜਬੜੀ ਕਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਨਾਗਰ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਜਿਲ੍ਹਾ ਪੱਧਰ ਤੋਂ ਲੈ ਕੇ ਮੁੱਖ ਦਫਤਰ ਪੱਧਰ ਤਕ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਵੀ ਮੌਜੂਦ ਰਹੀ।
ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਨੇ ਵਿਭਾਗ ਦੀ ਪਹਿਲੀ ਮੀਟਿੰਗ ਲੈਂਦੇ ਹੋਏ ਸਾਰੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਚਾਹੁੰਦੇ ਹਨ ਕਿ ਕੋਈ ਵੀ ਗਰੀਬ ਯੋਗ ਵਿਅਕਤੀ ਆਪਣੇ ਹੱਕ ਤੋਂ ਵਾਂਝਾ ਨਾ ਰਹੇ, ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਦੇ ਉਸੀ ਸਪਨੇ ਨੂੰ ਸਾਕਾਰ ਕਰਨ ਵਿਚ ਲੱਗੀ ਹੋਈ ਹੈ। ਗਰੀਬਾਂ ਨੂੰ ਏਏਵਾਈ ਅਤੇ ਬੀਪੀਐਲ ਕਾਰਡ ਰਾਹੀਂ ਦਿੱਤੇ ਜਾਣ ਵਾਲੇ ਰਾਸ਼ਨ ਦੀ ਸਮੂਚੀ ਗਿਣਤੀ ਸਮੇਂ 'ਤੇ ਪਹੁੰਚਾਉਣ ਲਈ ਉਨ੍ਹਾਂ ਨੇ ਜਿੱਥੇ ਅਧਿਕਾਰੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਉੱਥੇ ਹੀ ਗੜਬੜੀ ਕਰਨ ਵਾਲੇ ਡਿਪੋ ਹੋਲਡਰਾਂ ਨੂੰ ਸਰੰਖਣ ਦੇਣ ਵਾਲੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਰਾਸ਼ਨ ਡਿਪੂਆਂ 'ਤੇ ਰਾਸ਼ਨ ਇਕ ਮਿੱਤੀ ਤੋਂ ਪਹਿਲਾਂ ਪਹੁੰਚ ਜਾਣਾ ਚਾਹੀਦਾ ਹੈ ਤਾਂ ਜੋ ਗਰੀਬ ਲੋਕ ਸਮੇਂ 'ਤੇ ਆਪਣੇ ਅਨਾਜ ਦਾ ਪ੍ਰਬੰਧ ਕਰ ਸਕਣ। ਉਨ੍ਹਾਂ ਨੇ ਸਾਰੇ ਡਿਪੂਆਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਕੈਮਰਿਆਂ ਨਾਲ ਨਿਗਰਾਨੀ ਜਿਲ੍ਹਾ ਪੱਧਰ ਅਤੇ ਮੁੱਖ ਦਫਤਰ ਪੱਧਰ 'ਤੇ ਕੀਤੀ ੧ਾਵੇਗੀ। ਇਸ ਤੋਂ ਡਿਪੂ ਹੋਲਡਰਾਂ ਦੇ ਕੰਮ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਗਰੀਬ ਵਿਅਕਤੀਆਂ ਦੇ ਰਾਸ਼ਨ ਵਿਚ ਗੜਬੜੀ ਹੋਣ ਤੋਂ ਵੀ ਬਚਿਆ ਜਾ ਸਕੇਗਾ।
ਸ੍ਰੀ ਰਾਜੇਸ਼ ਨਾਗਰ ਨੇ ਰਾਸ਼ਨ ਵੰਡ ਦਾ ਆਨਲਾਇਨ ਡਾਟਾ ਅਪਡੇਟ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਡਿਪੂ 'ਤੇ ਰਾਸ਼ਨ ਪਹੁੰਚਦਾ ਹੈ ਤਾਂ ਇਸ ਦੀ ਸੂਚਨਾ ਖਪਤਕਾਰਾਂ ਤਕ ਮੁਨਾਦੀ ਰਾਹੀਂ ਕਰਵਾਉਣ ਦੇ ਨਾਲ-ਨਾਲ ਵਾਟਸਐਪ ਅਤੇ ਟੈਕਸਟ-ਮੈਸੇਜ ਰਾਹੀਂ ਤੁਰੰਤ ਪਹੁੰਚਾਉਣੀ ਚਾਹੀਦੀ ਹੈ। ਡਿਪੂਆਂ ਲਈ ਨਿਰਧਾਰਤ ਸਮੇਂ ਵਿਚ ਡਿਪੂ ਨੂੰ ਪੂਰਾ ਮਹੀਨਾ ਜਾਂ ਉਦੋਂ ਤਕ ਖੋਲ ਕੇ ਰੱਖਣਾ ਜਰੂਰੀ ਹੋੇਗਾ ਜਦੋਂ ਤਕ ਉਸ ਦੇ ਖੇਤਰ ਵਿਚ ਸੌ-ਫੀਸਦੀ ਰਾਸ਼ਨ ਦੀ ਵੰਡ ਨਾ ਹੋ ਜਾਵੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਪਰਿਵਾਰ ਦੇ ਸਿਰਫ ਇਕ ਵਿਅਕਤੀ ਨੂੰ ਹੀ ਰਾਸ਼ਨ ਡਿਪੂ ਦਾ ਲਾਇਸੈਂਸ ਮਿਲਣਾ ਚਾਹੀਦਾ ਹੈ, ਮਿਲੀਭਗਤ ਨਾਲ ਕਈ ਡਿਪੂਆਂ ਦਾ ਲਾਇਸੈਂਸ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।