ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਚੰਡੀਗੜ੍ਹ ਵਿਚ ਰਹਿਣ ਵਾਲੇ ਆਪਣੇ ਸਾਰੇ ਕਰਮਚਾਰੀਆਂ ਨੂੰ ਆਭਾ ਆਈਡੀ ਬਨਾਉਣ ਦੀ ਅਪੀਲ ਕੀਤੀ ਹੈ। ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਦਸਿਆ ਕਿ ਇਸ ਸਬੰਧ ਵਿਚ ਚੰਡੀਗੜ੍ਹ ਪ੍ਰਸਾਸ਼ਨ ਤੋਂ ਇਕ ਪੱਤਰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਆਭਾਂ ਆਈਡੀ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਆਭਾ ਐਪ ਡਾਊਨਲੋਡ ਕਰ ਕੇ ਜਾਂ ਏਬੀਡੀਐਮ ਵੈਬਸਾਇਟ 'ਤੇ ਜਾ ਕੇ ਬਣਾਈ ਜਾ ਸਕਦੀ ਹੈ। ਵਰਨਣਯੋਗ ਹੈ ਕਿ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐਮ) ਦਾ ਉਦੇਸ਼ ਦੇਸ਼ ਵਿਚ ਇਕ ਮਜਬੂਤ ਡਿਜੀਟਲ ਸਿਹਤ ਬੁਨਿਆਦੀ ਢਾਂਚਾ ਸਥਾਪਿਤ ਕਰਨਾ ਹੈ, ਜੋ ਡਿਜੀਟਲ ਚੈਨਲਾਂ ਰਾਹੀਂ ਸਿਹਤ ਸੇਵਾ ਇਕੋਸਿਸਟਮ ਵਿਚ ਵੱਖ-ਵੱਖ ਹਿੱਤਧਾਰਕਾਂ ਨੂੰ ਜੋੜਦਾ ਹੈ।
ਆਭਾ ਆਈਡੀ ਏਬੀਡੀਐਮ ਦਾ ਇਕ ਪ੍ਰਮੁੱਖ ਘਟਕ ਹੈ। ਇਹ 14 ਨੰਬਰਾਂ ਦੀ ਇਕ ਵਿਸ਼ੇਸ਼ ਗਿਣਤੀ ਹੈ, ਜਿਸ ਨਾਲ ਕਿਸੇ ਵਿਅਕਤੀ ਦੇ ਸਿਹਤ ਰਿਕਾਰਡ ਨੁੰ ਜੋੜਿਆ ਜਾਣਾ ਹੈ। ਇਹ ਪਹਿਲ ਸਿਹਤ ਸੇਵਾ ਦੇ ਡਿਜੀਟਲੀਕਰਣ ਨੂੰ ਪ੍ਰੋਤਸਾਹਨ ਦਿੰਦਾ ਹੈ ਅਤੇ ਕਈ ਲਾਭ ਪ੍ਰਦਾਨ ਕਰਦਾ ਹੈ। ਇਸ ਵਿਚ ਇਕ ਵਿਸ਼ੇਸ਼ ਪਹਿਚਾਣ, ਸੈਂਟਰਲਾਇਸਡ ਸਿਹਤ ਰਿਕਾਰਡ, ਸਿਹਤ ਸਹੂਲਤਾਂ ਤਕ ਬਿਨ੍ਹਾਂ ਰੁਕਾਵਟ ਪਹੁੰਚ, ਇਕ ਪੇਸ਼ੇਵਰ ਰਜਿਸਟਰੀ, ਸਿਹਤ ਰਿਕਾਰਡ ਦੀ ਆਸਾਨ ਨਿਗਰਾਨੀ, ਸੁਰੱਖਿਅਤ ਡਿਜੀਟਲ ਸਿਹਤ ਰਿਕਾਰਡ ਅਤੇ ਨਿਜੀ ਸਿਹਤ ਰਿਕਾਰਡ ਦਾ ਸਿੱਧਾ ਰਜਿਸਟ੍ਰੇਸ਼ਣ ਸ਼ਾਮਿਲ ਹੈ।