ਨਵੀਂ ਦਿੱਲੀ : ਵਟਸਐਪ ਦੀ ਪ੍ਰਾਈਵੇਸੀ ਪਾਲਿਸੀ ਸਬੰਧੀ ਪੰਜ ਮਹੀਨੇ ਤਕ ਚੱਲੇ ਵਿਵਾਦ ਦੇ ਬਾਅਦ ਵਟਸਐਪ ਨੇ 15 ਮਈ ਤੋਂ ਅਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਭਾਰਤ ਸਮੇਤ ਕਈ ਦੇਸ਼ਾਂ ਵਿਚ ਲਾਗੂ ਕਰ ਦਿਤੀ ਹੈ। ਵਟਸਐਪ ਦੀ ਪਾਲਿਸੀ ਬਾਰੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਵਟਸਐਪ ਤੋਂ ਜਵਾਬ ਮੰਗਿਆ ਸੀ। ਇਸੇ ਵਿਚਾਲੇ ਪਤਾ ਲੱਗਾ ਹੈ ਕਿ ਇਲੈਕਟ੍ਰਾਨਿਕੀ ਅਤੇ ਸੂਚਨਾ ਤਕਨੀਕ ਮੰਤਰਾਲੇ ਨੇ ਵਟਸਐਪ ਨੂੰ ਅਪਣੀ ਨਵੀਂ ਪਾਲਿਸੀ ਵਾਪਸ ਲੈਣ ਦਾ ਹੁਕਮ ਦਿਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਭਾਰਤੀ ਖਪਤਕਾਰਾਂ ਦੀ ਨਿਜਤਾ, ਡਾਟਾ ਸੁਰੱਖਿਆ ਦੇ ਅਧਿਕਾਰ ਨੂੰ ਖ਼ਤਮ ਕਰਨ ਵਾਲੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਕਰੋੜਾਂ ਭਾਰਤੀ ਖਪਤਕਾਰ ਕਮਿਊਨੀਕੇਸ਼ਨਜ਼ ਲਈ ਪ੍ਰਮੁੱਖ ਰੂਪ ਵਿਚ ਵਟਸਐਪ ’ਤੇ ਨਿਰਭਰ ਹੈ। ਵਟਸਐਪ ਦੀ ਨਵੀਂ ਪਾਲਿਸੀ ਨੂੰ ਲਾਗੂ ਕਰਕੇ ਕੰਪਨੀ ਨੇ ਗ਼ੈਰ-ਜ਼ਿੰਮੇਵਾਰ ਹੋਣ ਦਾ ਪ੍ਰਮਾਣ ਦਿਤਾ ਹੈ। ਨਵੀਂ ਪਾਲਿਸੀ ਬਾਰੇ ਦਿੱਲੀ ਹਾਈ ਕੋਰਟ ਵਿਚ ਮਾਮਲਾ ਵਿਚਾਰਅਧੀਨ ਹੈ। ਮੰਤਰਾਲੇ ਨੇ ਕਿਹਾ ਹੈ ਕਿ ਜੇ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ ਤਾਂ ਵਟਸਐਪ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।