ਸੁਨਾਮ : ਸੁਨਾਮ ਬਲਾਕ ਦੇ ਪਿੰਡ ਬਖਸ਼ੀਵਾਲਾ ਵਿਖੇ ਮਨਰੇਗਾ ਮਜਦੂਰਾਂ ਨੂੰ ਕੰਮ ਦੀ ਵੰਡ ਸਮੇਂ ਕੀਤੇ ਜਾ ਰਹੇ ਕਥਿਤ ਪੱਖਪਾਤੀ ਰਵਈਏ ਦੇ ਖਿਲਾਫ਼ ਮਨਰੇਗਾ ਮਜ਼ਦੂਰਾਂ ਨੇ ਬੀਡੀਪੀਓ ਦਫਤਰ ਸੁਨਾਮ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀ ਜਸਪਾਲ ਸਿੰਘ, ਭਗਵਾਨ ਸਿੰਘ, ਹੰਸਾ ਸਿੰਘ,ਜੱਗਾ ਸਿੰਘ, ਰਾਜਵਿੰਦਰ ਕੌਰ,ਗੁਰਮੀਤ ਕੌਰ,ਪਰਮਜੀਤ ਕੌਰ,ਆਦਿ ਨੇ ਕਿਹਾ ਕਿ ਉਨ੍ਹਾ ਦੇ ਪਿੰਡ ਦੀ ਨਰੇਗਾ ਮੇਟ ਇਮਾਨਦਾਰੀ ਨਾਲ ਕੰਮ ਨਹੀ ਕਰ ਰਹੀ ਬਲਕਿ ਪੱਖਪਾਤ ਕਰਕੇ ਆਪਣੇ ਜਾਣ ਪਛਾਣ ਵਾਲਿਆ ਨੂੰ ਹੀ ਕੰਮ ਦੇ ਰਹੀ ਹੈ। ਉਕਤ ਮੇਟ ਨੇ ਪੰਚਾਇਤੀ ਚੋਣਾਂ ਦੋਰਾਨ ਖੁੱਲ ਕੇ ਇੱਕ ਧੜੇ ਦੀ ਹਮਾਇਤ ਕੀਤੀ ਸੀ ਅਤੇ ਨਰੇਗਾ ਵਰਕਰਾਂ ਨੂੰ ਬਲੈਕਮੇਲ ਕਰਕੇ ਇੱਕ ਖਾਸ ਪਾਰਟੀ ਨੂੰ ਵੋਟਾਂ ਪਵਾਉਣ ਲਈ ਮਜਬੂਰ ਕਰਦੀ ਰਹੀ।ਜੋ ਧਿਰ ਇਨ੍ਹਾਂ ਚੋਣਾ ਵਿੱਚ ਹਾਰ ਗਈ ਹੈ ਉਕਤ ਨਰੇਗਾ ਮੇਟ ਨਾ ਤਾਂ ਉਨ੍ਹਾ ਨੂੰ ਕੰਮ ਦੇ ਰਹੀ ਹੈ ਬਲਕਿ ਹਾਰੀ ਹੋਈ ਧਿਰ ਅਤੇ ਮੋਜਦਾ ਪੰਚਾਇਤ ਵਿੱਚ ਟਕਰਾਅ ਪੈਦਾ ਕਰਵਾ ਰਹੀ ਹੈ ਜਿਸ ਨਾਲ ਪਿੰਡ ਵਿੱਚ ਮਾਹੋਲ ਖਰਾਬ ਹੋ ਰਿਹਾ ਹੈ। ਇਸ ਮੋਕੇ ਪ੍ਰਦਰਸ਼ਨਕਾਰੀਆ ਨੇ ਬੀਡੀਪੀਓ ਦਫਤਰ ਵਿੱਚ ਆਪਣਾ ਮੰਗ ਪੱਤਰ ਦੇ ਮੰਗ ਕੀਤੀ ਕਿ ਉਕਤ ਨਰੇਗਾ ਮੇਟ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸ ਦੀ ਆਈ ਡੀ ਰੱਦ ਕੀਤੀ ਜਾਵੇ। ਉਧਰ ਨਰੇਗਾ ਮੇਟ ਮੋਹਪਾਲ ਕੌਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਹਰ ਇਕ ਨਰੇਗਾ ਮਜਦੂਰ ਨੂੰ ਵਾਰੀ ਸਿਰ ਕੰਮ ਦਿੱਤਾ ਜਾ ਰਿਹਾ ਹੈ ਅਤੇ ਪਿੰਡ ਬਖਸ਼ੀਵਾਲਾ 'ਚ 398 ਨਰੇਗਾ ਮਜਦੂਰਾਂ ਦੇ ਕਾਰਡ ਬਣੇ ਹੋਏ ਹਨ। ਜਿੰਨਾਂ 'ਚੋਂ ਹੁਣ ਤੱਕ 337 ਮਜਦੂਰਾਂ ਨੂੰ ਕੰਮ ਮਿਲ ਚੁੱਕਿਆ ਹੈ। ਫਿਰ ਵੀ ਮੈਂ ਕਿਸੇ ਤਰਾਂ ਦੀ ਪੜ੍ਹਤਾਲ ਕਰਵਾਉਣ ਲਈ ਤਿਆਰ ਹਾਂ।ਇਸ ਮੌਕੇ ਦਫਤਰ ਦੇ ਸੁਪਰਡੈਂਟ ਨਰਿੰਦਰ ਬੀਰ ਸਿੰਘ ਤੂਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਕੇ ਬਣਦੀ ਕਾਰਵਾਈ ਕੀਤੀ ਜਾਵੇਗੀ।