ਸੁਨਾਮ : ਗਰਭਵਤੀ ਔਰਤਾਂ ਦੀ ਡਾਕਟਰੀ ਇਲਾਜ ਦੌਰਾਨ ਮੌਤ ਲਈ ਪੈਰਾ ਮੈਡੀਕਲ ਸਟਾਫ, ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ, ਸੀ ਐਚ ਓ ਅਤੇ ਆਸ਼ਾ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਥੇਬੰਦੀ ਨੇ ਇਸ ਦੇ ਉਲਟ ਸਰਕਾਰ ਦੇ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਸਬੰਧੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਸੂਬਾਈ ਕਨਵੀਨਰ ਮਨਜੀਤ ਕੌਰ, ਗੁਰਦੇਵ ਸਿੰਘ ਢਿੱਲੋਂ, ਜਸਬੀਰ ਕੌਰ ਮੂਨਕ, ਨਰਿੰਦਰ ਸ਼ਰਮਾ, ਪ੍ਰਭ ਵੇਰਕਾ, ਮਨਜੀਤ ਕੌਰ, ਰਜਨੀ ਸ਼ਰਮਾ, ਸੁਖਜੀਤ ਸੇਖੋਂ, ਸੁਖਜਿੰਦਰ ਸਿੰਘ ਫਾਜਿਲਕਾ, ਰਣਦੀਪ ਸਿੰਘ ਫਤਿਹਗੜ, ਅਵਤਾਰ ਸਿੰਘ ਗੰਢੂਆਂ, ਆਸ਼ਾ ਵਰਕਰ /ਆਸ਼ਾ ਫੈਸਟੀਲੇਟਰ ਸੂਬਾਈ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਸੀ ਐਚ ਓ ਪ੍ਰਧਾਨ ਸੁਨੀਲ, ਕੰਟਰੇਕਟ ਫੀਮੇਲ ਵਰਕਰ ਪ੍ਰਧਾਨ ਸਰਬਜੀਤ ਕੌਰ, ਰੇਡੀਓ ਗਰਾਫਰ ਜਥੇਬੰਦੀ ਦੇ ਪ੍ਰਧਾਨ ਸੰਦੀਪ ਸਿੰਘ, ਬਲਜਿੰਦਰ ਕੌਰ ਸੁਨਾਮ ਅਤੇ ਅੰਜਨਾ ਸ਼ਰਮਾ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਪੂਰੇ ਪੰਜਾਬ ਵਿੱਚ ਗਾਇਨੀ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸੰਸਥਾਵਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਜਿਆਦਾਤਰ ਲੋਕ ਸਰਕਾਰੀ ਸੰਸਥਾਵਾਂ ਵਿੱਚ ਜਾਣ ਤੋਂ ਗੁਰੇਜ ਕਰਦੇ ਹਨ ਅਤੇ ਮਲਟੀਪਰਪਜ ਹੈਲਥ ਫੀਮੇਲ, ਸੀ ਐਚ ਓ, ਆਸ਼ਾ ਵਰਕਰ ਡਾਕਟਰੀ ਸਲਾਹ ਲੈਣ ਲਈ ਗਰਭਵਤੀ ਨੂੰ ਪ੍ਰੇਰਿਤ ਕਰਕੇ ਸਰਕਾਰੀ ਹਸਪਤਾਲ ਵਿਖੇ ਭੇਜਦੇ ਹਨ ਲੇਕਿਨ ਉੱਥੇ ਵੀ ਮਰੀਜ਼ ਦੀ ਕਥਿਤ ਤੌਰ ਤੇ ਲੁੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਬਾਦੀ ਵਧਣ ਕਾਰਨ ਅਲਟਰਾਸਾਊਂਡ, ਤੇ ਹੋਰ ਟੈਸਟਾਂ ਲਈ ਕਈ ਵਾਰ ਮਰੀਜ਼ ਨੂੰ ਬਾਹਰੋਂ ਕਰਵਾਉਣੇ ਪੈਂਦੇ ਹਨ ਜਿਸ ਨਾਲ ਮਰੀਜ਼ ਸਿਵਲ ਹਸਪਤਾਲ ਜਾਣ ਤੋਂ ਗੁਰੇਜ ਕਰਦੇ ਹਨ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਜਦਕਿ ਪੋਸਟਾਂ ਘੱਟ ਹਨ। ਕਈ ਵਾਰ ਹਾਈ ਰਿਸਕ ਕੀਤੇ ਕੇਸਾਂ ਨੂੰ ਸਿਵਲ ਹਸਪਤਾਲ ਵੱਲੋਂ ਮੈਡੀਕਲ ਕਾਲਜ਼ ਲਈ ਰੈਫਰ ਕੀਤਾ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਗਰਭਵਤੀ ਔਰਤ ਦੀ ਮੌਤ ਹੋ ਜਾਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਫੀਲਡ ਸਟਾਫ ਵੱਲੋ ਕਿਸੇ ਵੀ ਗਰਭਵਤੀ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਦੀ ਜਿੰਮੇਵਾਰੀ ਵੀ ਡਾਕਟਰ ਦੀ ਫਿਕਸ ਕੀਤੀ ਜਾਵੇ। ਗਰਭ ਅਵਸਥਾ ਵਿਚ ਮਹਿਲਾਵਾਂ ਦੀਆਂ ਹੋਣ ਵਾਲੀਆਂ ਮੌਤਾਂ ਰੋਕਣ ਲਈ ਸਰਕਾਰ ਬਲਾਕ ਪੱਧਰ ਤੇ ਗਾਇਨੀ ਦੇ ਮਾਹਿਰ ਡਾਕਟਰਾਂ ਅਤੇ ਸਟਾਫ ਦੀ ਘਾਟ ਪੂਰੀ ਕਰਨ ਨੂੰ ਯਕੀਨੀ ਬਣਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।