ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸੁਨਾਮ ਦੇ ਪ੍ਰਧਾਨ ਬਿੰਦਰ ਪਾਲ ਛਾਜਲੀ ਨੇ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦਾ ਨਵਾਂ ਖੇਤੀ ਨੀਤੀ ਦਾ ਖਰੜਾ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਇਸ ਖੇਤੀ ਨੀਤੀ ਖਰੜੇ ਨੂੰ ਤੁਰੰਤ ਰੱਦ ਕਰੇ। ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਛਾਜਲੀ ਅਤੇ ਗੋਬਿੰਦਗੜ੍ਹ ਜੇਜੀਆ ਤੋਂ ਕਿਸਾਨਾਂ ਦਾ ਕਾਫ਼ਲਾ ਮੋਗਾ ਕਿਸਾਨ ਮਹਾਂਪੰਚਾਇਤ ਲਈ ਰਵਾਨਾ ਕਰਨ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਬਿੰਦਰ ਪਾਲ ਛਾਜਲੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸਰਕਾਰ ਨਵੇਂ ਖੇਤੀ ਨੀਤੀ ਦੇ ਖਰੜੇ ਰਾਹੀਂ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਲਈ ਯਤਨ ਕਰ ਰਹੀ ਹੈ ਕਿਸਾਨ ਇਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਆਖਿਆ ਕਿ ਕਿਸਾਨ ਆਪਣੀਆਂ ਨਸਲਾਂ ਅਤੇ ਫ਼ਸਲਾਂ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਹਨ ਲੇਕਿਨ ਖੇਤੀ ਧੰਦੇ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਖੇਤੀ ਘਾਟੇ ਦਾ ਧੰਦਾ ਬਣਕੇ ਰਹਿ ਗਈ ਹੈ। ਇਸ ਮੌਕੇ ਹਰਬੰਸ ਸਿੰਘ, ਮਾਲੀ, ਦਰਸ਼ਨ ਸਿੰਘ, ਜਰਨੈਲ ਸਿੰਘ, ਪ੍ਰਗਟ ਸਿੰਘ ,ਮਿਸਰੀ ਸਿੰਘ, ਕਰਮ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।