ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਕਰਵਾਏ ਜਾ ਰਹੇ ਰਿਕਾਰਡਤੋੜ ਵਿਕਾਸ ਤੋਂ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਬੇਹੱਦ ਖੁਸ਼ ਅਤੇ ਉਤਸ਼ਾਹਿਤ ਹਨ | ਇਸ ਦੇ ਮੱਦੇਨਜ਼ਰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸਨਮਾਨ ਕੀਤਾ । ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਖਜ਼ਾਨਚੀ ਰਾਜਨ ਸਿੰਗਲਾ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ, ਸਨਸਿਟੀ ਕਾਲੋਨੀ ਦੇ ਪ੍ਰਧਾਨ ਮੁਨੀਸ਼ ਮੋਨੂੰ, ਰੋਟਰੀ ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਨ ਅਰੋੜਾ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਕਈ ਅਹਿਮ ਵਿਕਾਸ ਪ੍ਰੋਜੈਕਟਾਂ ਨੂੰ ਅਮਲੀ ਜਾਮਾ ਪਹਿਨਾ ਕੇ ਅਮਨ ਅਰੋੜਾ ਨੇ ਸਿਆਸੀ ਪਿੱਚ 'ਤੇ ਲੰਮੀ ਲਕੀਰ ਖਿੱਚ ਦਿੱਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸ਼ਹਿਰੀ ਖੇਤਰ ਦੇ ਪ੍ਰਾਜੈਕਟਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਉਨ੍ਹਾਂ ਦੇ ਰੱਥ ਦੀ ਭੂਮਿਕਾ ਨਿਭਾਅ ਕੇ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਇਲਾਕੇ ਦਾ ਵਿਕਾਸ ਉਨ੍ਹਾਂ ਦੀ ਮੁੱਢਲੀ ਤਰਜੀਹ ਹੈ। ਇਲਾਕੇ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸੁਨਾਮ ਇਲਾਕੇ ਦੇ ਲੋਕਾਂ ਨੂੰ ਹਰ ਸਹੂਲਤ ਦੇਣ ਲਈ ਯਤਨ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸੁਨਾਮ ਵਿਧਾਨ ਸਭਾ ਹਲਕੇ ਵਿੱਚ ਹੋਰ ਵੀ ਕਈ ਵੱਡੇ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ। ਉਹ ਪੂਰੀ ਲਗਨ ਨਾਲ ਇਸ ਵਿਚ ਲੱਗਾ ਹੋਇਆ ਹੈ। ਸੁਨਾਮ ਦੇ ਲੋਕਾਂ ਨੇ ਉਸ ’ਤੇ ਭਰੋਸਾ ਪ੍ਰਗਟਾਉਂਦਿਆਂ ਉਸ ਨੂੰ ਇਸ ਅਹੁਦੇ ’ਤੇ ਪਹੁੰਚਾਇਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਅਤੇ ਪਾਰਟੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਕੇ ਵਿਕਾਸ ਦੀ ਕਹਾਣੀ ਲਿਖੀ ਜਾ ਰਹੀ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਘੀਰਥ ਰਾਏ ਗੀਰਾ, ਲਾਭ ਸਿੰਘ ਨੀਲੋਵਾਲ, ਮਨੀ ਸਰਾਓ ਆਦਿ ਹਾਜ਼ਰ ਸਨ।