ਪਣਜੀ : ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਨੂੰ ਬਲਾਤਕਾਰ ਮਾਮਲੇ ਵਿਚ ਬਰੀ ਕਰ ਦਿਤਾ ਗਿਆ ਹੈ। ਗੋਆ ਦੀ ਸੈਸ਼ਨ ਅਦਾਲਤ ਨੇ ਇਸ ਮਾਮਲੇ ਵਿਚ ਪਹਿਲਾਂ ਹੀ ਸੁਣਵਾਈ ਪੂਰੀ ਕਰ ਲਈ ਸੀ ਅਤੇ ਅੱਜ ਅਪਣਾ ਫ਼ੈਸਲਾ ਸੁਣਾਇਆ। ਤੇਜਪਾਲ ਉਤੇ 2013 ਵਿਚ ਗੋਆ ਦੇ ਲਗਜ਼ਰੀ ਹੋਟਲ ਦੀ ਲਿਫ਼ਟ ਅੰਦਰ ਮਹਿਲਾ ਸਾਥੀ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ ਹਾਲਾਂਕਿ ਉਹ ਸ਼ੁਰੂ ਤੋਂ ਹੀ ਖ਼ੁਦ ਨੂੰ ਬੇਕਸੂਰ ਦਸਦਾ ਆ ਰਿਹਾ ਸੀ। ਗੋਆ ਪੁਲਿਸ ਨੇ ਨਵੰਬਰ 2013 ਵਿਚ ਪਰਚਾ ਦਰਜ ਕੀਤਾ ਸੀ ਅਤੇ ਤੇਜਪਾਲ ਨੂੰ ਗਿ੍ਰਫ਼ਤਾਰ ਕੀਤਾ ਸੀ। ਉਹ ਮਈ 2014 ਤੋਂ ਜ਼ਮਾਨਤ ਉਤੇ ਬਾਹਰ ਹੈ। ਗੋਆ ਅਪਰਾਧ ਸ਼ਾਖ਼ਾ ਨੇ ਤੇਜਪਾਲ ਵਿਰੁਧ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਉਸ ਉਤੇ ਬਲਾਤਕਾਰ, ਗ਼ਲਤ ਇਰਾਦੇ ਨਾਲ ਕੈਦ ਕਰਨ, ਜਿਸਮਾਨੀ ਸ਼ੋਸ਼ਣ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਘਟਨਾ ਮਗਰੋਂ ਤੇਜਪਾਲ ਦਾ ਪੱਤਰਕਾਰੀ ਦਾ ਕਰੀਅਰ ਵੀ ਖ਼ਤਮ ਹੋ ਗਿਆ ਸੀ। ਔਰਤ ਮੁਤਾਬਕ ਹੋਟਲ ਦੀ ਲਿਫ਼ਟ ਵਿਚ ਤੇਜਪਾਲ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਜਦ ਉਹ ਉਥੇ ਮੈਗਜ਼ੀਨ ਦੇ ਕਿਸੇ ਸਮਾਗਮ ਵਿਚ ਗਈ ਹੋਈ ਸੀ।