ਤੰਗੀਆਂ ਤਰੁਸ਼ੀਆਂ ਬੁਲੰਦ ਹੌਸਲਿਆਂ ਅੱਗੇ ਬੌਣੀਆਂ ਹੋ ਜਾਂਦੀਆਂ ਹਨ, ਜਦੋਂ ਇਨਸਾਨ ਆਪਣੀ ਜ਼ਿੰਦਗੀ ਦਾ ਟੀਚਾ ਨਿਸਚਤ ਕਰਕੇ ਮਸਤ ਹਾਥੀ ਦੀ ਚਾਲ ਤੁਰਦਾ ਹੋਇਆ ਨਿੱਕੀਆਂ-ਮੋਟੀਆਂ ਅੜਚਣਾਂ ਨੂੰ ਮਧੋਲ ਕੇ ਅੱਗੇ ਵੱਧਦਾ ਜਾਂਦਾ ਹੈ। ਜੇਕਰ ਇਨਸਾਨ ਦਾ ਇਰਾਦਾ ਦ੍ਰਿੜ੍ਹ ਅਤੇ ਇੱਛਾ ਸ਼ਕਤੀ ਮਜ਼ਬੂਤ ਹੋਵੇ, ਤਾਂ ਵਿੰਗੇ ਟੇਡੇ ਰਾਹਾਂ ਦੇ ਵਿੰਗ ਵਲ ਕਦੀਂ ਵੀ ਰਸਤਾ ਨਹੀਂ ਰੋਕ ਸਕਦੇ। ਸਗੋਂ ਪਗਡੰਡੀਆਂ ਉਸ ਦੇ ਅੱਗੇ ਰਸਤੇ ਬਣ ਜਾਂਦੀਆਂ ਹਨ। ਕੋਟ ਫੱਤੇ ਦੇ ਟਿੱਬਿਆਂ ਦੀਆਂ ਪਗਡੰਡੀਆਂ ਨੂੰ ਵਿਸ਼ਾਲ ਮਨਮੋਹਕ ਵਾਤਾਵਰਨ ਵਾਲੇ ਰਸਤਿਆਂ ਵਿੱਚ ਬਦਲਣ ਵਾਲਾ ਮਾਨਸਾ ਦੇ ਟਿੱਬਿਆਂ ਦਾ ਰਾਹੀ ਗੋਪਾਲ ਸਿੰਘ ਹੈ, ਜਿਹੜਾ ਰੇਤਲੇ ਇਲਾਕੇ ਦੀਆਂ ਪਗਡੰਡੀਆਂ ‘ਤੇ ਤੁਰਦਾ ਹੋਇਆ, ਕਾਹੀ ਤੇ ਕੰਡਿਆਈ ਦੇ ਫ਼ੁੱਲਾਂ ਵਿੱਚੋਂ ਗੁਲਾਬ ਦਾ ਫ਼ੁੱਲ ਬਣਕੇ ਸਮਾਜਿਕਤਾ ਦੀ ਖ਼ੁਸ਼ਬੋ ਫੈਲਾ ਰਿਹਾ ਹੈ। ਭਾਵੇਂ ਸਮਾਜਿਕ ਤੇ ਪਰਿਵਾਰਿਕ ਹਾਲਾਤ ਉਸ ਅੱਗੇ ਪਹਾੜ ਬਣਕੇ ਖੜ੍ਹਦੇ ਰਹੇ ਪ੍ਰੰਤੂ ਗੋਪਾਲ ਸਿੰਘ ਦੇ ਸਿਰੜ੍ਹ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੇ ਪਹਾੜਾਂ ਦਾ ਸੀਨਾ ਚੀਰ ਕੇ ਆਪਣਾ ਰਸਤਾ ਆਪ ਬਣਾਇਆ। ਸਮਾਜਿਕ ਅਤੇ ਘਰੇਲੂ ਹਾਲਾਤ ਉਸ ਦੇ ਅੱਗੇ ਵਧਦੇ ਕਦਮਾ ਦੀ ਰਫ਼ਤਾਰ ਨੂੰ ਰਵਾਂ ਹੋਣ ਵਿੱਚ ਰੁਕਾਵਟ ਨਹੀਂ ਬਣ ਸਕੇ, ਸਗੋਂ ਦਾਦੇ ਦੀ ਹੱਲਾਸ਼ੇਰੀ ਨਿਸ਼ਾਨੇ ਦੀ ਪ੍ਰਾਪਤੀ ਦਾ ਰਾਹ ਸੌਖਾ ਕਰਦੀ ਰਹੀ। ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਲਗਨ ਨਾਲ ਜਦੋਜਹਿਦ ਕਰਦਾ ਰਿਹਾ ਤਾਂ ਜੋ ਆਪਣੇ ਦਾਦੇ ਦੀ ਸ਼ਾਬਾਸ਼ ਦਾ ਮੁੱਲ ਮੋੜ ਸਕੇ। ਪਿੰਡਾਂ ਵਿੱਚ ਆਮ ਤੌਰ ‘ਤੇ ਬੱਚਿਆਂ ਨੂੰ ਸਹੀ ਅਗਵਾਈ ਦੀ ਘਾਟ ਰਹਿੰਦੀ ਹੈ, ਪ੍ਰੰਤੂ ਉਸ ਦੀ ਇਸ ਘਾਟ ਨੂੰ ਪਿੰਡ ਦੇ ਪਰਉਪਕਾਰੀ ਲੋਕਾਂ ਨੇ ਪੂਰਿਆਂ ਕੀਤਾ। ਉਸ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ਤੋਂ 1982 ਵਿੱਚ ਦਸਵੀਂ ਪਾਸ ਕਰਕੇ ਨੌਕਰੀ ਕਰਨ ਦਾ ਮਨ ਬਣਾਇਆ। ਨੌਕਰੀ ਦੀ ਪ੍ਰਾਪਤੀ ਲਈ ਉਸ ਦੇ ਇੱਕ ਗੁਆਂਢੀ ਨੇ ਉਸ ਨੂੰ ਪੰਜਾਬੀ ਤੇ ਅੰਗਰੇਜ਼ੀ ਦੀ ਸਟੈਨੋਗ੍ਰਾਫ਼ੀ ਦੀ ਸਿੱਖਿਆ ਲੈਣ ਦੀ ਸਲਾਹ ਦਿੱਤੀ। ਫਿਰ ਗੋਪਾਲ ਸਿੰਘ ਨੇ ਸਟੈਨੋਗ੍ਰਾਫ਼ੀ ਦੀ ਸਿੱਖਿਆ ਲੈ ਲਈ ਪ੍ਰੰਤੂ ਹੋਰ ਕੋਈ ਨੌਕਰੀ ਨਾ ਮਿਲੀ, ਮਰਦਾ ਕੀ ਨਹੀਂ ਕਰਦਾ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਾ ਹੋਇਆ, ਅਗਸਤ 1984 ਵਿੱਚ ਉਹ ਲੋਕ ਨਿਰਮਾਣ ਵਿਭਾਗ ਵਿੱਚ ਬੇਲਦਾਰ ਭਰਤੀ ਹੋ ਗਿਆ। ਉਹ ਸਮਝਦਾ ਸੀ ਕਿ ਚਲਦੀ ਦਾ ਨਾਮ ਹੀ ਗੱਡੀ ਹੁੰਦਾ ਹੈ, ਇਸ ਲਈ ਉਹ ਆਪਣੀ ਜ਼ਿੰਦਗੀ ਵਿੱਚ ਖੜੋਤ ਨਹੀਂ ਲਿਆਉਂਣੀ ਚਾਹੁੰਦਾ ਸੀ। ਦਫ਼ਤਰ ਦੇ ਨਰਮ ਦਿਲ ਮਦਦਗਾਰ ਅਧਿਕਾਰੀ ਨੇ ਉਸ ਦੀ ਕਾਬਲੀਅਤ ਵੇਖਕੇ ਦਫ਼ਤਰ ਵਿੱਚ ਟਾਈਪ ਦਾ ਕੰਮ ਕਰਨ ਦੀ ਡਿਊਟੀ ਲਾ ਦਿੱਤੀ। ਪ੍ਰੰਤੂ ਜਿਵੇਂ ਆਮ ਹੁੰਦਾ ਹੈ, ਦਫ਼ਤਰਾਂ ਵਿੱਚ ਕੁਝ ਮੁਲਾਜ਼ਮਾ ਨੂੰ ਇਕ ਬੇਲਦਾਰ ਦਾ ਦਫ਼ਤਰੀ ਕੰਮ ਕਰਨਾ ਰੜਕਣ ਲੱਗ ਪਿਆ। ਫ਼ਿਰ ਉਸ ਨੂੰ ਸੜਕਾਂ ਦੇ ਟੋਏ ਟਿੱਬੇ ਭਰਨ ਲਈ ਬੇਲਦਾਰ ਦਾ ਕੰਮ ਕਰਨ ਲਈ ਭੇਜ ਦਿੱਤਾ ਗਿਆ।
ਗੋਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਤ ਕਰਨ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਿਆਂ, ਕ੍ਰਿਤ ਨੂੰ ਉਸ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ। ਬੇਲਦਾਰੀ ਕਰਦੇ ਸਮੇਂ ਉਸ ਦੇ ਮਨ ਵਿੱਚ ਹੋਰ ਕੁਝ ਅਹੁਦਾ ਪ੍ਰਾਪਤ ਕਰਨ ਦੀ ਚਿਣਗ ਪੈਦਾ ਹੋ ਗਈ। ਉਸ ਸਮੇਂ ਕਿਸੇ ਦੇ ਯਾਦ ਚੇਤੇ ਵੀ ਨਹੀਂ ਸੀ ਕਿ ਗੋਪਾਲ ਸਿੰਘ ਇੱਕ ਦਿਨ ਆਪਣੀ ਕਾਬਲੀਅਤ ਨਾਲ ਪੀ.ਸੀ.ਐਸ. ਅਧਿਕਾਰੀ ਬਣਕੇ ਸਮਾਜਿਕ ਕੁਰੀਤੀਆਂ ਦੇ ਟੋਏ ਟਿੱਬੇ ਭਰਦਾ ਹੋਇਆ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਫ਼ਲ ਪ੍ਰਸ਼ਾਸਨਿਕ ਅਧਿਕਾਰੀ ਸਾਬਤ ਹੋਵੇਗਾ।
ਪੀ.ਸੀ.ਐਸ.ਬਣਕੇ ਲੋਕ ਸੇਵਾ ਕਰਨ ਦੀ ਪ੍ਰਵਿਰਤੀ ਨੂੰ ਚਾਰ ਚੰਨ ਉਦੋਂ ਲੱਗ ਗਏ ਜਦੋਂ ਇੱਕ ਵਾਰ ਉਹ ਆਪਣੇ ਸਰਟੀਫੀਕੇਟ ਅਟੈਸਟ ਕਰਵਾਉਣ ਲਈ ਕਚਹਿਰੀਆਂ ਵਿੱਚ ਆਪਣੇ ਪਿੰਡ ਦੇ ਇੱਕ ਮੁਲਾਜ਼ਮ ਕੋਲ ਗਿਆ ਤਾਂ ਇੱਕ ਪੁਲਿਸ ਅਧਿਕਾਰੀ ਨੇ ਉਸ ਮੁਲਾਜ਼ਮ ਨੂੰ ਸਲੂਟ ਮਾਰੀ। ਪੁਲਿਸ ਅਧਿਕਾਰੀ ਦੀ ਸਲੂਟ ਗੋਪਾਲ ਸਿੰਘ ਦੇ ਦਿਲ ਨੂੰ ਟੁੰਬ ਗਈ। ਗੋਪਾਲ ਸਿੰਘ ਵਿੱਚ ਉਸ ਮੁਲਾਜ਼ਮ ਦੀ ਤਰ੍ਹਾਂ ਬਣਨ ਦੀ ਚੇਸ਼ਟਾ ਐਸੀ ਉਤਪਨ ਹੋ ਗਈ ਕਿ ਉਸਦੀ ਮਿਹਨਤ ਕਰਨ ਦੀ ਰਫ਼ਤਾਰ ਛੜੱਪੇ ਮਾਰਨ ਲੱਗ ਗਈ। ਗੋਪਾਲ ਸਿੰਘ ਦੀ ਮਿਹਨਤ ਰੰਗ ਲਿਆਈ, ਉਹ ਉਸੇ ਮੁਲਾਜ਼ਮ ਦੀ ਥਾਂ ਕੋਰਟ ਵਿੱਚ ਨੌਕਰ ਹੋ ਗਿਆ। ਗੋਪਾਲ ਸਿੰਘ ਦੀ ਕਿਸਮਤ ਹਮੇਸ਼ਾ ਇਮਤਿਹਾਨ ਲੈਂਦੀ ਰਹੀ, ਜਿਹੜੀ ਕੋਰਟ ਵਿੱਚ ਉਹ ਕੰਮ ਕਰ ਰਿਹਾ ਸੀ, ਉਹ ਕੋਰਟ ਹੀ ਟੁੱਟ ਗਈ। ਉਸ ਦੀ ਵੀ ਨੌਕਰੀ ਚਲੀ ਗਈ ਪ੍ਰੰਤੂ ਉਸ ਨੇ ਹੌਸਲਾ ਨਹੀਂ ਛੱਡਿਆ। ਲਗਾਤਾਰ ਮਿਹਨਤ ਕਰਦਾ ਰਿਹਾ ਤਾਂ ਫਿਰ ਉਸ ਦੀ ਚੋਣ ਲੋਕ ਨਿਰਮਾਣ ਵਿੱਚ ਹੋ ਗਈ। ਇਹ ਵੀ ਨੌਕਰੀ ਬਹੁਤੀ ਦੇਰ ਚਲ ਨਾ ਸਕੀ। ਉਹ ਦੁਬਾਰਾ ਜੁਡੀਸ਼ੀਅਲ ਕੋਰਟ ਵਿੱਚ ਐਡਹਾਕ ਸਟੈਨੋ ਲੱਗ ਗਿਆ। ਉਸ ਤੋਂ ਬਾਅਦ ਉਸ ਦੀ ਰੈਗੂਲਰ ਤੌਰ ‘ਤੇ ਚੋਣ ਲੋਕ ਨਿਰਮਾਣ ਵਿਭਾਗ ਵਿੱਚ ਬਤੌਰ ਕਲਰਕ ਹੋ ਗਈ। ਫਿਰ ਦਫ਼ਤਰ ਦੇ ਇੱਕ ਅਧਿਕਾਰੀ ਨੇ ਉਸ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਆ। ਉਸ ਤੋਂ ਬਾਅਦ ਗੋਪਾਲ ਸਿੰਘ ਨੇ ਲਗਾਤਾਰ ਪ੍ਰਾਈਵੇਟ ਉਮੀਦਵਾਰ ਦੇ ਤੌਰ ‘ਤੇ ਬੀ.ਏ., ਐਮ.ਏ. ਰਾਜਨੀਤੀ ਸ਼ਾਸਤਰ, ਐਮ.ਏ.ਪੰਜਾਬੀ ਅਤੇ ਐਲ.ਐਲ.ਬੀ.ਪਾਸ ਕਰ ਲਈਆਂ। ਕਲਰਕ ਦੀ ਨੌਕਰੀ ਨਾਲ ਆਰਥਿਕ ਮਜ਼ਬੂਤੀ ਤਾਂ ਮਿਲੀ ਪ੍ਰੰਤੂ ਗੋਪਾਲ ਸਿੰਘ ਵਿੱਚ ਅਧਿਕਾਰੀ ਬਣਨ ਦਾ ਉਤਸ਼ਾਹ ਮੱਠਾ ਨਹੀਂ ਹੋਇਆ। ਲੋਕ ਨਿਰਮਾਣ ਵਿਭਾਗ ਵਿੱਚੋਂ ਛੁੱਟੀ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐਸ.ਕੋਚਿੰਗ ਸੈਂਟਰ ਵਿੱਚ ਕੋਚਿੰਗ ਲੈਣ ਲਈ ਆ ਗਿਆ। ਦਫ਼ਤਰ ਵਾਲਿਆਂ ਨੇ ਤਨਖ਼ਾਹ ਦੇਣੀ ਬੰਦ ਕਰ ਦਿੱਤੀ ਤਾਂ ਉਹ ਅੱਧ ਵਿਚਾਲੇ ਕੋਚਿੰਗ ਛੱਡ ਕੇ ਦਫ਼ਤਰ ਹਾਜ਼ਰ ਹੋ ਗਿਆ। ਪ੍ਰੰਤੂ ਪੀ.ਸੀ.ਐਸ.ਬਣਨ ਦੀ ਚਿਣਗ ਘਟਣ ਦੀ ਥਾਂ ਵਧਦੀ ਰਹੀ। ਜਦੋਜਹਿਦ ਦੇ ਸਮੇਂ ਦੌਰਾਨ ਦੋਸਤਾਂ ਮਿੱਤਰਾਂ, ਅਮੀਰ, ਗ਼ਰੀਬ, ਦੌਲਤਮੰਦ ਅਤੇ ਹਰ ਵਿਅਕਤੀ ਦਾ ਬਹੁਤ ਸਹਿਯੋਗ ਰਿਹਾ। ਮਿਹਨਤੀ ਹੋਣ ਕਰਕੇ ਉਸ ਦੀ 1993 ਵਿੱਚ ਚੋਣ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿੱਚ ਬਤੌਰ ਸਟੈਨੋ ਹੋ ਗਈ। ਉਥੇ ਉਸ ਨੇ ਐਸ.ਡੀ.ਐਮ. ਅਤੇ ਡਿਪਟੀ ਕਮਿਸ਼ਨਰ ਦਾ ਪੀ.ਏ ਅਤੇ ਸੁਪਰਇਨਟੈਂਡੈਂਟ ਰੈਵਨਿਊ ਦੇ ਤੌਰ ‘ਤੇ ਕੰਮ ਕੀਤਾ। ਇਸ ਦੌਰਾਨ ਉਸ ਦੀ ਪੀ.ਸੀ.ਐਸ.ਬਣਨ ਦੀ ਇੱਛਾ ਸ਼ਕਤੀ ਨੂੰ ਹੋਰ ਉਤਸ਼ਾਹ ਮਿਲਿਆ ਕਿਉਂਕਿ ਉਹ ਅਧਿਕਾਰੀਆਂ ਨੂੰ ਕੰਮ ਕਰਦਿਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਦਿਆਂ ਵੇਖਦਾ ਸੀ। ਫਿਰ ਉਸ ਨੇ 1993 ਵਿੱਚ ਪੀ.ਸੀ.ਐਸ. ਦਾ ਇਮਤਿਹਾਨ ਦਿੱਤਾ। ਪ੍ਰੰਤੂ ਸਫ਼ਲ ਨਾ ਹੋ ਸਕਿਆ। ਗੋਪਾਲ ਸਿੰਘ ਨੂੰ ਮਹਿਸੂਸ ਹੋਇਆ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੋ ਸਕਦਾ, ਇਸ ਲਈ ਉਸ ਨੇ ਮਿਹਨਤ ਕਰਨੀ ਨਾ ਛੱਡੀ। ਇਸ ਤੋਂ ਇਲਾਵਾ ਉਸ ਨੇ ਬਚਪਨ ਵਿੱਚ ‘‘ਕਿੰਗ ਬਰੂਸ ਐਂਡ ਸਪਾਈਡਰ’’ ਦੀ ਕਹਾਣੀ ਸੁਣੀ ਹੋਈ ਸੀ, ਇਸ ਲਈ ਉਹ ਵਾਰ ਵਾਰ ਬੀ.ਡੀ.ਪੀ.ਓ ਅਤੇ ਪੀ.ਸੀ.ਐਸ.ਦਾ ਇਮਤਿਹਾਨ ਦਿੰਦਾ ਰਿਹਾ। ਉਸ ਨੇ 1998 ਵਿੱਚ ਵੀ ਇਮਤਿਹਾਨ ਦਿੱਤਾ ਪਰ ਗੱਲ ਨਾ ਬਣੀ ਪ੍ਰੰਤੂ 2014 ਵਿੱਚ ਉਸ ਦੀ ਚੋਣ ਹੋ ਗਈ। ਇਹ ਚੋਣ ਵੀ ਕੋਰਟ ਕਚਹਿਰੀਆਂ ਦੇ ਚਕਰ ਵਿੱਚ ਪੈ ਗਈ ਅਤੇ ਹਾਈ ਕੋਰਟ ਵਿੱਚ ਕੇਸ ਹੋ ਗਿਆ। ਹਾਈ ਕੋਰਟ ਨੇ 2016 ਵਿੱਚ ਸਟੇਅ ਖੋਲ੍ਹੀ, ਜਿਸ ਤੋਂ ਬਾਅਦ ਉਸ ਦੀ ਮਿਹਨਤ ਨੂੰ ਬੂਰ ਪਿਆ। ਪੀ.ਸੀ.ਐਸ.ਬਣਨ ਤੋਂ ਬਾਅਦ ਉਸ ਨੇ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਦੇ ਅਸਿਟੈਂਟ ਕਮਿਸ਼ਨਰ ਜਨਰਲ, ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ, ਐਸ.ਡੀ.ਐਮ., ਡਿਪਟੀ ਸਕੱਤਰ ਪੰਜਾਬ ਸਰਕਾਰ ਅਤੇ ਸੰਯੁਕਤ ਸਕੱਤਰ ਲੋਕ ਸੰਪਰਕ ਵਿਭਾਗ ਵਰਣਨਯੋਗ ਹਨ। ਉਹ ਜੁਲਾਈ 2018 ਤੋਂ ਸਤੰਬਰ 2021 ਤੱਕ ਐਸ.ਡੀ.ਐਮ.ਮਲੋਟ ਰਿਹਾ, ਜਿਥੇ ਉਸ ਦੀ ਕਾਰਗੁਜ਼ਾਰੀ ਨੇ ਇਲਾਕੇ ਦੇ ਲੋਕਾਂ ਦਾ ਦਿਲ ਜਿੱਤ ਲਿਆ। ਸਾਹਿਤਕ ਦਿਲ ਹੋਣ ਕਰਕੇ ਲੋਕ ਮਸਲਿਆਂ ਨੂੰ ਮਾਨਵੀ ਪੱਖ ਤੋਂ ਵਿਚਾਰ ਕੇ ਫ਼ੈਸਲੇ ਕਰਦਾ ਰਿਹਾ ਸੀ। ਗੋਪਾਲ ਸਿੰਘ ਦਾ ਇਕ ਕਾਵਿ ਸੰਗ੍ਰਹਿ ‘ਕਸਕ’ ਵੀ ਪ੍ਰਕਾਸ਼ਤ ਹੋਇਆ ਹੈ। ਉਹ ਫ਼ਰਵਰੀ 2024 ਵਿੱਚ ਸੇਵਾ ਮੁਕਤ ਹੋਇਆ ਹੈ।
ਗੋਪਾਲ ਸਿੰਘ ਦਾ ਜਨਮ ਮਾਤਾ ਭੋਲੋ ਕੌਰ ਤੇ ਪਿਤਾ ਬਾਬੂ ਸਿੰਘ ਦੇ ਘਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫੱਤਾ ਵਿੱਚ 15 ਫਰਵਰੀ 1966 ਨੂੰ ਹੋਇਆ ਸੀ। ਉਸ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ, ਜੋ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਦੋ ਲੜਕੇ ਕੈਪਟਨ ਮਿਰਾਜਿੰਦਰ ਸਿੰਘ ਅਤੇ ਨੂਰਿੰਦਰ ਸਿੰਘ ਹਨ। ਨੂਰਿੰਦਰ ਸਿੰਘ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿਚ ਐਲ.ਐਲ.ਬੀ.ਕਰ ਰਿਹਾ ਹੈ।
ਸੰਪਰਕ: ਗੋਪਾਲ ਸਿੰਘ:9780888780
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com