Sunday, January 26, 2025

Articles

ਔਰਤ ਨੂੰ ਓਪਰੀ ਸ਼ੈਅ ਦੇ ਡਰ ਤੋਂ ਕੀਤਾ ਮੁਕਤ : ਮਾਸਟਰ ਪਰਮਵੇਦ 

January 22, 2025 05:35 PM
SehajTimes
ਸੰਗਰੂਰ  : ਤਾਂਤਰਿਕਾਂ, ਅਖੌਤੀ ਸਿਆਣਿਆ, ਬਾਬਿਆਂ ਦੁਆਰਾ ਹਰ ਤਰ੍ਹਾਂ ਦੀ ਬਿਮਾਰੀ, ਰੁਕੇ ਹੋਏ ਕੰਮ, ਕਰੇ ਕਰਾਏ ਅਤੇ ਓਪਰੀ ਸ਼ੈਅ ਦਾ ਅਸਰ ਖਤਮ ਜਾਂ ਨੀ ਹਰ ਸਮੱਸਿਆ, ਹਰ ਬਿਮਾਰੀ ਦਾ ਹਲ, ਗਰੰਟੀ ਸ਼ੁਦਾ ਇਲਾਜ ਕਰਨ ਦਾ ਦਾਅਵਾ ਕਰਨ ਅਤੇ ਇੱਕ ਵਾਰ ਮੌਕਾ ਦੇਣ ਦੀ ਗੱਲ ਕਹਿ  ਕੇ ਭਰਮਾਇਆ ਜਾਂਦਾ ਹੈ। 
ਆਮ ਤੌਰ ਤੇ ਇਹ ਪੇਸ਼ਾਵਰ ਲੋਕ ਤਜ਼ਰਬੇ ਕਾਰਨ ਤੇ ਲੋਕਾਂ ਦੇ ਲਾਈਲੱਗ ਸੁਭਾਅ ਕਾਰਨ ਮਾਹਿਰ ਹੋ ਜਾਂਦੇ ਹਨ ਅਤੇ ਆਏ ਗਾਹਕ/ਪੀੜਿਤ ਪਰਿਵਾਰ ਤੋਂ ਉਸਦੀ ਪਰਿਵਾਰਿਕ, ਆਰਥਿਕ ਅਤੇ ਮਾਨਸਿਕ ਹਾਲਤ ਬਾਰੇ ਸੌਖਿਆਂ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ ਤੇ ਫਿਰ ਬਹੁਤ ਸਾਰੀਆਂ ਗੋਲ ਮੋਲ ਗੱਲਾਂ ਕਰਕੇ ਜਿਨਾਂ ਦੇ ਕਈ ਸਾਰੇ ਅਰਥ ਬਣਦੇ ਹੁੰਦੇ ਹਨ ਦੱਸਦੇ ਹਨ। ਗਾਹਕ ਆਪਣੇ ਆਪ ਹੀ ਆਪਣੇ ਉੱਤੇ ਢੁੱਕਵਾਂ ਅਰਥ ਕੱਢ ਲੈਂਦੇ ਹਨ। ਆਮ ਕਰਕੇ ਇਹ ਸਾਰੇ ਪਖੰਡੀ ਦੁੱਖਾਂ ਤਕਲੀਫਾਂ ਲਈ ਕਿਸੇ ਗੁਆਂਡੀ ਜਾਂ ਰਿਸ਼ਤੇਦਾਰ ਨੂੰ ਜਿੰਮੇਵਾਰ ਠਹਿਰਾਉਂਦੇ ਹਨ ਗ੍ਰਹਿਆਂ ਦੇ ਪ੍ਰਕੋਪ ਹੋਣ ਦੀ ਗੱਲ ਜਾ ਗ੍ਰਹਿਆਂ ਦਾ ਉਹਨਾਂ ਦੀ ਰਾਸ਼ੀ ਦੇ ਅਨੁਕੂਲ ਨਾ ਹੋਣਾ, ਕਿਸੇ ਦਾ ਖੁਵਾਇਆ, ਕਿਸੇ ਦਾ ਕਰਾਇਆ, ਟੂਣਾ ਟੱਪਿਆ ਆਦਿ ਵਰਗੀਆਂ ਝੂਠੀਆਂ ਗੱਲਾਂ ਦੱਸਦੇ ਹਨ। ਜਿਨ੍ਹਾਂ ਨੂੰ ਦੁਖੀ ਹੋਇਆ ਮਨ ਬਹੁਤ ਜਲਦੀ ਸਵੀਕਾਰ ਕਰ ਲੈਂਦਾ ਹੈ। ਇਹਨਾਂ ਵਿੱਚੋਂ ਬਹੁਤੀਆਂ ਗੱਲਾਂ ਜਾਂ ਭਵਿੱਖ ਬਾਣੀਆਂ ਕੁਦਰਤੀ ਹੀ ਜਾਂ ਮੌਕਾ ਮੇਲ ਦੇ ਤੌਰ ਤੇ ਹੀ ਸਹੀ ਹੋ ਜਾਂਦੀਆਂ ਹਨ ਜਿਵੇਂ ਕਿ ਪਾਸ/ਫੇਲ ਹੋਣਾ, ਲੜਕਾ/ਲੜਕੀ ਹੋਣਾ, ਕਾਰੋਬਾਰ ਦਾ ਚੱਲ ਪੈਣਾ, ਨੌਕਰੀ ਦਾ ਮਿਲ ਜਾਣਾ, ਪਰਿਵਾਰਿਕ ਸਮੱਸਿਆਵਾਂ ਦਾ ਹੱਲ ਹੋ ਜਾਣਾ ਆਦਿ ਆਦੀ। ਇਸ ਕਾਰਨ ਗਾਹਕ ਦਾ ਵਿਸ਼ਵਾਸ ਅਜਿਹੀਆਂ ਅਖੌਤੀ ਸ਼ਕਤੀਆਂ ਵਿੱਚ ਪੱਕਾ ਹੋ ਜਾਂਦਾ ਹੈ।
ਸਮਾਜ ਦਾ ਵੱਡਾ ਹਿੱਸਾ ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਨ ਲੱਭਣ ਤੋਂ ਅਸਮਰਥ ਹੋਣ ਕਾਰਨ ਇਹਨਾਂ ਪਖੰਡੀਆਂ ਵੱਲ ਤੁਰਿਆ ਰਹਿੰਦਾ ਹੈ। ਪੜਤਾਲ ਕਰਕੇ ਵਿਸ਼ਵਾਸ ਕਰਨ ਦੀ ਗੱਲ ਤਾਂ ਅਜੇ ਬਹੁਤ ਦੂਰ ਹੈ ਇਸ ਤਰ੍ਹਾਂ ਦੇ ਕੇਸ ਅਕਸਰ ਤਰਕਸ਼ੀਲ ਸੁਸਾਇਟੀ ਕੋਲ ਆਉਂਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੀਤੇ ਕਰਾਏ ਤੇ ਓਪਰੀ ਸ਼ੈ ਦੇ ਅਸਰ ਦਾ ਭਰਮ /ਡਰ ਪਾਲ਼ੀ ਬੈਠੇ ਪਰਿਵਾਰ ਦਾ ਇੱਕ ਕੇਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਕਈ ਸਾਲ ਪਹਿਲਾਂ ਤਰਕਸ਼ੀਲ ਸੁਸਾਇਟੀ ਕੋਲ ਇੱਕ ਔਰਤ ਆਈ ਤੇ ਕਹਿਣ ਲੱਗੀ, "ਸਾਡੀ ਨੂੰਹ ਦੇ ਬੱਚਾ ਹੋਣ ਵਾਲਾ ਹੈ। ਉਸ ਨੂੰ ਕਿਸੇ ਨੇ ਕੁਝ ਕਰਵਾ 'ਤਾ'। ਅਸੀਂ ਬਹੁਤ ਸਾਰੇ ਸਿਆਣਿਆਂ ਕੋਲ ਜਾ ਚੁੱਕੇ ਹਾਂ ਪਰ ਕਿਤੋਂ ਵੀ ਫਰਕ ਨਹੀਂ ਪੈ ਰਿਹਾ। ਉਸ ਦੇ ਦੌਰੇ ਪੈਂਦੇ ਨੇ।ਹਰ ਸਮੇਂ ਡਰੀ, ਡਰੀ ਰਹਿੰਦੀ ਹੈ, ਨੀਂਦ ਵੀ ਘੱਟ ਹੈ, ਭੁੱਖ ਵੀ ਘੱਟ ਹੈ, ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ।" ਅਖੌਤੀ ਸਿਆਣਿਆਂ ਜੋ ਕੁਝ ਦੱਸਿਆ, ਸੁਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ। ਉਸਨੇ ਕਿਹਾ "ਭਾਈ, ਇੱਕ ਕਹਿੰਦਾ ਤੁਹਾਡੀ ਬਹੂ ਨੂੰ ਓਪਰੀ ਸ਼ੈਅ ਰੂਪੀ ਕਚੀਲ ਚਿੰਬੜੀ ਹੋਈ ਐ। ਕੋਈ ਕਹਿੰਦਾ, ਕਿਸੇ ਨੇ ਕੁੱਝ ਖੁਆ ਤਾ, ਕੋਈ ਕੁੱਝ ਕੋਈ ਕੁੱਝ। ਕਿਸੇ ਨੇ ਗੰਦ ਦੀ ਧੂਣੀ ਦੇਣ ਲਈ ਕਿਹਾ, ਅਸੀਂ ਉਹ ਵੀ ਕੀਤਾ। ਕਿਸੇ ਨੇ ਗੰਦੀ ਜੁੱਤੀ ਸੰਘਾਉਣ ਨੂੰ ਕਿਹਾ, ਅਸੀਂ ਉਹ ਵੀ ਕੀਤਾ। ਕਿਸੇ ਨੇ ਭੂਤ ਭਜਾਉਣ ਲਈ ਗੰਦੀ ਜੁੱਤੀ ਮੂੰਹ ਵਿੱਚ ਪਾਉਣ ਲਈ ਕਿਹਾ, ਅਸੀਂ ਉਹ ਵੀ ਕੀਤਾ। ਕਿਸੇ ਨੇ ਕੜਾਹੀ ਕਰਾਈ। ਇੱਕ ਵਾਰੀ ਤਾਂ ਸਿਆਣੇ ਨੇ ਇਸ ਨੂੰ ਚਿਮਟਿਆਂ ਨਾਲ ਕੁੱਟਿਆ। ਕਿਸੇ ਨੇ ਵਾਲ ਖਿੱਚੇ। ਇੱਕ ਸਿਆਣਾ ਇਸ ਨੂੰ ਗਰਮ ਕੋਲਿਆਂ ਤੇ ਖੜਾਉਣਾ ਚਾਹੁੰਦਾ ਸੀ, ਪਰ ਅਸੀਂ ਅਜਿਹਾ ਨਹੀਂ ਹੋਣ ਦਿੱਤਾ। ਸਾਡੇ ਪਿੰਡ ਵਾਲੇ ਜਸਵਿੰਦਰ ਮਾਸਟਰ ਨੇ ਤੁਹਾਡੀ ਦੱਸ ਪਾਈ ਹੈ। ਸੋ ਭਾਈ ਅਸੀਂ ਬਹੂ ਦੇ ਇਲਾਜ ਲਈ ਤੁਹਾਡੇ ਕੋਲ ਆਏ ਹਾਂ।" ਸਾਰੀ ਗੱਲ ਸੁਣਨ ਤੋਂ ਬਾਅਦ ਕੱਲ ਉਹਨਾਂ ਦੇ ਘਰ ਆਉਣ ਬਾਰੇ ਕਹਿ ਕੇ ਉਸ ਨੂੰ ਤੋਰ ਦਿੱਤਾ। ਮੈਂ ਆਪਣੇ ਤਰਕਸ਼ੀਲ ਸਾਥੀਆਂ ਨਾਲ ਮੀਟਿੰਗ ਕਰਕੇ ਸਾਰੀ ਗੱਲ ਸਾਂਝੀ ਕੀਤੀ। ਪ੍ਰਗਟ ਸਿੰਘ, ਗੁਰਦੀਪ ਸਿੰਘ ਲਹਿਰਾ, ਕ੍ਰਿਸ਼ਨ ਸਿੰਘ ਤੇ ਮੈਂ ਅਗਲੇ ਦਿਨ ਪੀੜਿਤ ਪਰਿਵਾਰ ਦੇ ਘਰ ਜਾਣ ਦੀ ਸਲਾਹ ਕਰਕੇ ਸਵੇਰੇ ਹੀ ਸਬੰਧਤ ਘਰੇ ਜਾ ਪਹੁੰਚੇ। ਅਸੀਂ ਮਨੋਵਿਗਿਆਨਕ ਤੇ ਵਿਗਿਆਨਿਕ ਪੱਖ ਤੋਂ ਕੁੜੀ ਦੇ ਡਰ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਪ੍ਰਾਪਤ ਕਰਕੇ ਪਤਾ ਲੱਗਿਆ ਕਿ ਲੜਕੀ ਦੀ ਪਹਿਲੀ ਡਿਲੀਵਰੀ ਸੀ ਤੇ ਇਸ ਸਬੰਧੀ ਉਸਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਸਨ। ਬਾਕੀ ਦੇ ਡਰ ਤਾਂ ਅਖੌਤੀ ਸਿਆਣਿਆਂ ਨੇ ਉਸ ਦੇ ਮਨ ਵਿੱਚ ਭਰ ਦਿੱਤੇ ਸਨ। ਪਰਿਵਾਰ ਅੰਧ ਵਿਸ਼ਵਾਸੀ ਸੀ ਜਿਵੇਂ ਜਿਵੇਂ ਅਖੌਤੀ ਸਿਆਣੇ ਡਰਾਉਂਦੇ ਰਹੇ ਉਹ ਡਰਦੇ ਰਹੇ ਤੇ ਗੈਰ ਵਿਗਿਆਨਿਕ ਢੰਗ ਨਾਲ ਇਲਾਜ ਅਤੇ ਲੁੱਟ ਕਰਵਾਉਂਦੇ ਰਹੇ। ਸਿਆਣਿਆਂ ਨੇ ਰੱਜ ਕੇ ਉਹਨਾਂ ਨੂੰ ਲੁੱਟਿਆ। ਅਸੀਂ ਡਰ ਤੇ ਦੌਰਿਆਂ ਦੇ ਕਾਰਨ ਜਾਣ ਚੁੱਕੇ ਸਾਂ। ਅਸੀਂ ਆਪਣੇ ਢੰਗ ਨਾਲ ਉਸ ਦੇ ਮਨ ਵਿੱਚੋਂ ਉਪਰੀ ਸ਼ੈਅ ਦਾ ਡਰ ਦੂਰ ਕੀਤਾ ਤੇ ਫਿਰ ਇਨ੍ਹਾਂ ਕਾਲਪਨਿਕ ਚੀਜ਼ਾਂ ਦੀ ਅਸਲੀਅਤ ਗੱਲਬਾਤ ਵਿਧੀ ਰਾਹੀਂ ਉਸ ਨੂੰ ਸਮਝਾਈ। ਸਾਡੀ ਗਲਬਾਤ ਦਾ ਉਸ ਤੇ ਅਸਰ ਹੋ ਰਿਹਾ ਸੀ, ਜਿਉਂ, ਜਿਉਂ ਅਸੀਂ ਭੂਤਾਂ ਪ੍ਰੇਤਾਂ, ਕਚੀਲਾਂ ਦੀ ਅਣਹੋਂਦ ਬਾਰੇ ਦਸ ਰਹੇ ਸੀ, ਤਿਉਂ ਤਿਉਂ ਉਹ ਡਰ ਮੁਕਤ ਹੋ ਰਹੀ ਸੀ। ਉਸਨੂੰ ਸਮਝਾਇਆ ਗਿਆ ਕਿ ਡਿਲੀਵਰੀ ਤੋਂ ਡਰਨ ਦੀ ਲੋੜ ਨਹੀਂ। ਖੁਸ਼ੀ ਹੋਣੀ ਚਾਹੀਦੀ ਹੈ, ਨਵਾਂ ਜੀ ਘਰੇ ਆ ਰਿਹਾ ਹੈ। ਉਸਨੂੰ ਪੁੱਛਿਆ ਗਿਆ ਕਿ ਘਰਦਿਆਂ ਵੱਲੋਂ ਨਵੇਂ ਆਉਣ ਵਾਲੇ ਬੱਚੇ ਪ੍ਰਤੀ, ਮੁੰਡੇ ਕੁੜੀ ਬਾਰੇ ਕੋਈ ਗੱਲ ਤਾਂ ਨਹੀਂ ਚੱਲ ਰਹੀ। ਤੇਰਾ ਸਹੁਰਾ ਪਰਿਵਾਰ ਸਿਰਫ ਮੁੰਡੇ ਦੀ ਇੱਛਾ ਤਾਂ ਨਹੀਂ ਕਰ ਰਿਹਾ ?
ਉਸਨੇ ਕਿਹਾ ''ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਹੈ। ਮੇਰਾ ਬਹੁਤ ਜਿਆਦਾ ਖਿਆਲ ਰੱਖਦਾ ਹੈ। ਸਾਰਿਆਂ ਵੱਲੋਂ ਮੈਨੂੰ ਪੂਰਾ ਮਾਣ ਸਤਿਕਾਰ ਮਿਲਦਾ ਹੈ। ਮੇਰਾ ਘਰ ਵਾਲਾ ਮੇਰਾ ਬਹੁਤ ਖਿਆਲ ਰੱਖਦਾ ਹੈ। ਮੈਨੂੰ ਡਿਲੀਵਰੀ ਦਾ ਡਰ ਲੱਗਿਆ ਰਹਿੰਦਾ ਹੈ। ਮੇਰੇ ਮਨ ਵਿੱਚੋਂ ਇਹ ਗੱਲ ਜਾਂਦੀ ਹੀ ਨਹੀਂ। ਪਿਛਲੇ ਸਾਲ ਸਾਡੀ ਗੁਆਂਢਣ ਦੀ ਡਿਲੀਵਰੀ ਨਾਲ ਮੌਤ ਹੋ ਗਈ ਸੀ। ਅਸੀਂ ਉਸਨੂੰ ਸਮਝਾਇਆ ਕਿ ਤੇਰੇ ਸਹੁਰੇ ਪਰਿਵਾਰ ਨੂੰ ਤੇਰੀ ਡਿਲੀਵਰੀ ਹਸਪਤਾਲ ਵਿੱਚ ਕਰਵਾਉਣ ਬਾਰੇ ਕਹਾਂਗੇ। ਕਿਸੇ ਸਿਆਣੇ ਲੇਡੀ ਡਾਕਟਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਕਹਾਂਗੇ। ਅਸੀਂ ਕਿਹਾ,"ਉਨਾਂ ਔਰਤਾਂ ਨਾਲ ਹੀ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਜਿਹੜੇ ਪਰਿਵਾਰ ਡਾਕਟਰਾਂ ਦੇ ਸੰਪਰਕ ਵਿੱਚ ਨਹੀਂ ਰਹਿੰਦੇ।" ਅਸੀਂ ਫਿਰ ਉਸਨੂੰ ਹੌਂਸਲਾ ਦਿੱਤਾ ਤੇ ਓਪਰੀ ਸ਼ੈਅ ਦਾ ਡਰ ਖਤਮ ਕਰਨ ਦਾ ਯਤਨ ਕਰਦੇ ਹੋਏ ਕਿਹਾ; ਮਨਘੜਤ ਭੂਤਾਂ ਪ੍ਰੇਤਾਂ, ਚੁੜੇਲਾਂ, ਕਚੀਲਾਂ ਤੋਂ ਡਰਨ ਦੀ ਲੋੜ ਨਹੀਂ। ਕਿਉਂਕਿ ਜਿਸ ਘਰ ਅਸੀਂ ਆ ਜਾਂਦੇ ਹਾਂ ਤਾਂ ਇਹ ਉੱਥੇ ਜ਼ਿੰਦਗੀ ਭਰ ਨਹੀਂ ਆਉਂਦੀਆਂ। ਇਹ ਤਾਂ ਸਾਡੇ ਨਾਂ ਤੋਂ ਹੀ ਡਰਦੀਆਂ ਨੇ, ਸਾਡੇ ਕਹਿਣ ਦਾ ਮਤਲਬ ਹੈ ਪਰਿਵਾਰ ਇਨ੍ਹਾਂ ਕਾਲਪਨਿਕ ਚੀਜ਼ਾਂ ਤੋਂ ਜਾਣੂੰ ਹੋ ਜਾਂਦਾ ਹੈ। ਅਸਲ ਵਿੱਚ ਇਨ੍ਹਾਂ ਦੀ ਹੋਂਦ ਹੀ ਨਹੀਂ। ਉਸ ਦਾ ਮੁਰਝਾਇਆ ਚਿਹਰਾ ਖਿੜ ਉੱਠਿਆ ਤੇ ਮੁਸਕਰਾਹਟਾਂ ਵਿਖੇਰਨ ਲੱਗਿਆ। ਡਰ ਖੰਭ ਲਾ ਕੇ ਉੱਡ ਚੁੱਕਿਆ ਸੀ। ਉਸਨੂੰ ਜ਼ਿੰਦਗੀ ਦੀ ਅਸਲੀਅਤ ਤੇ ਭੂਤਾਂ ਪ੍ਰੇਤਾਂ ਦੀ ਅਣਹੋਂਦ ਬਾਰੇ ਦੱਸਣਾ ਉਸ ਉੱਪਰ ਡੂੰਘਾ ਅਸਰ ਪਾ ਰਿਹਾ ਸੀ। ਅਸੀਂ ਉਸਨੂੰ ਪੁੱਛਿਆ ਹੁਣ ਤੂੰ ਕਿਵੇਂ ਮਹਿਸੂਸ ਕਰ ਰਹੀ ਹੈ ? ਉਸਨੇ ਕਿਹਾ ,"ਅੰਕਲ ਤੁਸੀਂ ਮੈਨੂੰ ਬਚਾ ਲਿਆ, ਇਨਾਂ ਨਾ -ਮੁਰਾਦ ਅਖੌਤੀ ਸਿਆਣਿਆਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ।"
ਫਿਰ ਅਸੀਂ ਪਰਿਵਾਰਿਕ ਮੈਂਬਰਾਂ ਨੂੰ ਇਕੱਠਾ ਕੀਤਾ ਤੇ ਕਿਹਾ, ਅਖੌਤੀ ਸਿਆਣੇ ਸਾਨੂੰ ਡਰਾ ਕੇ ਲੁੱਟਦੇ ਨੇ। ਜਦ ਉਹ ਆਪ ਬਿਮਾਰ ਹੁੰਦੇ ਹਨ ਤਾਂ ਉਹ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਹਨ। ਅੱਜ ਕੱਲ ਵਿਗਿਆਨ ਦਾ ਯੁੱਗ ਹੈ। ਵਿਗਿਆਨ ਨੇ ਸਾਨੂੰ ਜ਼ਿੰਦਗੀ ਲਈ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ। ਤੁਸੀਂ ਡਰੀ ਜਾਂਦੇ ਹੋ, ਇਹ ਡਰਾਈ ਜਾਂਦੇ ਹਨ। ਤੁਸੀਂ ਝੜੀ ਜਾਂਦੇ ਹੋ, ਤੇ ਇਹ ਤੁਹਾਨੂੰ ਝਾੜਨ ਦੇ ਹੋਰ ਢੰਗ ਤਰੀਕੇ ਲੱਭੀ ਜਾਂਦੇ ਹਨ। ਸੋ ਇਹ ਤੁਹਾਨੂੰ ਡਰਾ ਕੇ ਖੂਬ ਲੁੱਟਦੇ ਹਨ। ਅਸੀਂ ਕਿਹਾ, "ਤੁਸੀਂ ਆਪ ਸੋਚੋ ਕਿ ਇਹਨਾਂ ਕੋਲ ਅਜਿਹੀ ਕਿਹੜੀ ਸ਼ਕਤੀ ਹੈ ਜਿਸ ਨਾਲ ਇਹ ਤੁਹਾਡਾ ਇਲਾਜ ਕਰ ਸਕਣ। ਇਹਨਾਂ ਕੋਲ ਸਿਰਫ਼ ਇੱਕ ਹੀ ਗੱਲ ਹੈ, ਤੁਹਾਨੂੰ ਡਰਾ ਕੇ ਲੁੱਟਣਾ। ਆਪ ਸਿਆਣੇ ਬਣੋ। ਧਾਗੇ ਤਵੀਤ, ਟੂਣੇ -ਟਾਮਣ ਤਿਆਗੋ ਅਤੇ ਵਿਗਿਆਨਕ ਸੋਚ ਅਪਣਾਓ।
ਅਸੀਂ ਉਨ੍ਹਾਂ ਨੂੰ ਕੁੱਝ ਗੱਲਾਂ ਦੀ ਹਦਾਇਤ ਕੀਤੀ। ਅਸੀਂ ਕਿਹਾ ਕਿ ਤੁਸੀਂ ਕਦੇ ਵੀ ਕਿਸੇ ਅਖੌਤੀ ਸਿਆਣੇ ਕੋਲ ਪੁੱਛਾ ਲੈਣ ਨਹੀਂ ਜਾਣਾ। ਇਸ ਦੀ ਡਿਲੀਵਰੀ ਲਈ ਕਿਸੇ ਮਾਹਰ ਡਾਕਟਰ ਨਾਲ ਸੰਪਰਕ ਕਰੋ, ਤੇ ਡਿਲੀਵਰੀ ਹੋਣ ਤੱਕ ਡਾਕਟਰ ਦੀ ਸਲਾਹ ਲੈਂਦੇ ਰਹੋ।
10 ਦਿਨ ਬਾਅਦ ਅਸੀਂ ਉਨਾਂ ਦੇ ਘਰ ਗਏ, ਸਾਰੇ ਬੜੇ ਖੁਸ਼ ਸਨ। ਸਾਡੀ ਅਚਨਚੇਤ ਆਮਦ ਤੇ ਉਹ ਬਹੁਤ ਜਿਆਦਾ ਅਹਿਸਾਨਮੰਦ ਮਹਿਸੂਸ ਕਰ ਰਹੇ ਸਨ। ਅਸੀਂ ਕਿਹਾ ਕਿ ਕਈ ਵਾਰੀ ਸਬੰਧਤ ਪਰਿਵਾਰ ਠੀਕ ਹੋਣ ਮਗਰੋਂ ਸਾਡੇ ਨਾਲ ਸੰਪਰਕ ਨਹੀਂ ਕਰਦੇ, ਇਸ ਲਈ ਅਸੀਂ ਠੀਕ ਹੋਣ ਤੱਕ ਪਰਿਵਾਰ ਨਾਲ ਸੰਪਰਕ ਰੱਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਗਿਆਨ ਕਿਸੇ ਦੇ ਕੰਮ ਆ ਸਕੇ। ਕੁੜੀ ਦੇ ਚਿਹਰੇ ਦੀ ਰੌਣਕ ਉਸਦੇ ਠੀਕ ਹੋਣ ਦਾ ਪ੍ਰਗਟਾਵਾ ਸੀ। ਇਸ ਤਰ੍ਹਾਂ ਤਰਕਸ਼ੀਲਾਂ ਕੀਤਾ ਉਸ ਔਰਤ ਨੂੰ ਓਪਰੀ ਸ਼ੈਅ ਦੇ ਡਰ ਤੋਂ ਮੁਕਤ। ਅਸੀਂ ਤਰਕਸ਼ੀਲ ਸਾਥੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸੀ।
 
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 9417422349

Have something to say? Post your comment