ਰਾਸ਼ਟਰੀ ਬਾਲਿਕਾ ਦਿਵਸ ਹਰ ਸਾਲ 24 ਜਨਵਰੀ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਭਾਰਤ ਦੀਆਂ ਲੜਕੀਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਅਸਮਾਨਤਾਵਾਂ ਅਤੇ ਸਮੱਸਿਆਵਾਂ ਦੀ ਪਹਿਚਾਣ ਕਰਵਾਉਣਾ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਜਾਗਰੂਕਤਾ ਫੈਲਾਉਣਾ ਹੈ। ਭਾਰਤੀ ਸਮਾਜ ਵਿੱਚ ਲੜਕੀਆਂ ਦੀ ਸਥਿਤੀ ਹਮੇਸ਼ਾ ਚੁਣੌਤੀਆਂ ਭਰੀ ਰਹੀ ਹੈ। ਸਦੀਆਂ ਤੋਂ ਇਹਨਾਂ ਨੂੰ ਸਿੱਖਿਆ, ਪੋਸ਼ਣ, ਸੁਰੱਖਿਆ ਅਤੇ ਸਮਾਨ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ। ਰਾਸ਼ਟਰੀ ਬਾਲਿਕਾ ਦਿਵਸ ਇਨ੍ਹਾਂ ਮਸਲਿਆਂ ਨੂੰ ਪ੍ਰਕਾਸ਼ ਵਿੱਚ ਲਿਆਉਣ ਅਤੇ ਲੜਕੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਕੋਸ਼ਿਸ਼ ਹੈ।
ਭਾਰਤ ਵਿੱਚ ਪੁੱਤਰਪ੍ਰਧਾਨ ਸੰਸਕ੍ਰਿਤੀ ਦੀ ਲੰਮੀ ਇਤਿਹਾਸਿਕ ਗਾਥਾ ਵਿੱਚ ਲੜਕੀਆਂ ਨਾਲ ਹਮੇਸ਼ਾ ਪੱਖ-ਪਾਤ ਕੀਤਾ ਗਿਆ ਹੈ। ਪੁਰਾਣੇ ਸਮਿਆਂ ਤੋਂ ਲੈ ਕੇ ਆਧੁਨਿਕ ਯੁੱਗ ਤੱਕ, ਲੜਕੀਆਂ ਨੂੰ ਘਰ ਦੀ ਚਾਰਦਿਵਾਰੀ ਵਿੱਚ ਰੱਖਣ ਅਤੇ ਉਨ੍ਹਾਂ ਦੀ ਸਿੱਖਿਆ ਤੇ ਵਿਕਾਸ ਨੂੰ ਰੋਕਣ ਦੇ ਕਈ ਉਦਾਹਰਣ ਮਿਲਦੇ ਹਨ। ਕੁੜੀਆਂ ਦੀ ਜਨਮ ਦਰ ਨੂੰ ਘਟਾਉਣ ਵਾਲੇ ਕੁੱਖ ਭਰੂਣ ਹੱਤਿਆ ਦੇ ਮਾਮਲੇ ਵੀ ਸਮਾਜ ਦੇ ਅੰਦਰੂਨੀ ਪੱਖ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਦੀ ਮਨੋਵ੍ਰਿਤੀ ਲੜਕੀਆਂ ਦੀ ਸੁਰੱਖਿਆ ਅਤੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਰਹੀ ਹੈ। ਸਰਕਾਰ ਵੱਲੋਂ 2008 ਵਿੱਚ ਪਹਿਲੀ ਵਾਰ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ। ਇਸ ਦਿਨ ਦੇ ਰਾਹੀਂ ਸਰਕਾਰ ਅਤੇ ਸਮਾਜ ਦੇ ਵੱਖ-ਵੱਖ ਹਿੱਸੇ ਮਿਲ ਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਲੜਕੀਆਂ ਨੂੰ ਉਹਨਾਂ ਦੇ ਜਨਮ ਤੋਂ ਹੀ ਸਮਾਨ ਅਧਿਕਾਰ, ਸਿੱਖਿਆ, ਪੋਸ਼ਣ, ਸੁਰੱਖਿਆ ਅਤੇ ਆਰਥਿਕ ਆਤਮ-ਨਿਰਭਰਤਾ ਪ੍ਰਾਪਤ ਹੋਵੇ। ਇਸ ਦਿਨ ਦਾ ਮੁੱਖ ਮੰਤਵ, ਸਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ, ਲੋਕਾਂ ਦੇ ਵਿਚਾਰਾਂ ਵਿੱਚ ਬਦਲਾਅ ਲਿਆਉਣ ਅਤੇ ਲੜਕੀਆਂ ਦੇ ਪ੍ਰਤੀ ਪਿਆਰ ਅਤੇ ਸਮਮਾਨ ਪੈਦਾ ਕਰਨ ਲਈ ਪ੍ਰੇਰਨਾ ਦੇਣੇ ਵਾਲੇ ਕਾਰਜ ਸ਼ਾਮਲ ਹਨ।
ਭਾਰਤ ਵਿੱਚ ਅਸਮਾਨਤਾ ਬਹੁਤ ਸਪਸ਼ਟ ਹੈ। ਲੜਕੀਆਂ ਨੂੰ ਕਈ ਮੌਕਿਆਂ ਤੇ ਸਿਰਫ਼ ਇਸ ਲਈ ਪਿੱਛੇ ਰੱਖਿਆ ਜਾਂਦਾ ਹੈ ਕਿਉਂਕਿ ਉਹ ਕੁੜੀਆਂ ਹਨ। ਉਦਾਹਰਣ ਵਜੋਂ, ਬਹੁਤ ਸਾਰੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਕੁੜੀਆਂ ਦੀ ਸਿੱਖਿਆ ਨੂੰ ਅਕਸਰ ਅਣਗੋਲਿਆ ਜਾਂਦਾ ਹੈ। ਉਹਨਾਂ ਨੂੰ ਘਰ ਦੇ ਕੰਮ-ਕਾਜ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਦਕਿ ਮੁੰਡਿਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾਂਦੇ ਹਨ। ਇਹ ਮਾਨਸਿਕਤਾ ਸਿਰਫ਼ ਪਿੰਡਾਂ ਤੱਕ ਸੀਮਿਤ ਨਹੀਂ, ਸਗੋਂ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਮਾਹੋਲ ਪਾਇਆ ਜਾਂਦਾ ਹੈ। ਸਿੱਖਿਆ ਹੀ ਉਹ ਜਰੀਆ ਹੈ ਜਿਸ ਨਾਲ ਲੜਕੀਆਂ ਨੂੰ ਆਪਣੇ ਹੱਕਾਂ ਅਤੇ ਮੁੱਲਾਂ ਦੀ ਪਹਿਚਾਣ ਹੋ ਸਕਦੀ ਹੈ। ਰਾਸ਼ਟਰੀ ਬਾਲਿਕਾ ਦਿਵਸ ਸਿੱਖਿਆ ਦੇ ਮਹੱਤਵ ਨੂੰ ਰੌਸ਼ਨ ਕਰਦਾ ਹੈ। ਸਰਕਾਰ ਵੱਲੋਂ ਕਈ ਯੋਜਨਾਵਾਂ ਜਿਵੇਂ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਸ਼ੁਰੂ ਕੀਤੀਆਂ ਗਈਆਂ ਹਨ ਜੋ ਬਾਲਿਕਾਵਾਂ ਦੀ ਸਿੱਖਿਆ ਅਤੇ ਸੁਰੱਖਿਆ ਲਈ ਇੱਕ ਵੱਡਾ ਕਦਮ ਸਾਬਿਤ ਹੋਈਆਂ। ਇਹ ਮੁਹਿੰਮ ਸਿਰਫ਼ ਇੱਕ ਸੰਦੇਸ਼ ਦੇਣ ਲਈ ਨਹੀਂ ਸਗੋਂ ਸਮਾਜਕ ਬਦਲਾਅ ਦੇ ਪ੍ਰਚਾਰ ਲਈ ਸਥਾਪਿਤ ਕੀਤੀ ਗਈ।
ਲੜਕੀਆਂ ਦੇ ਪੋਸ਼ਣ ਤੇ ਸਿਹਤ ਦਾ ਮਾਮਲਾ ਵੀ ਇਕ ਚਿੰਤਾਜਨਕ ਮੁੱਦਾ ਹੈ। ਕਈ ਖੇਤਰਾਂ ਵਿੱਚ ਲੜਕੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਪੋਸ਼ਣ ਪ੍ਰਾਪਤ ਹੁੰਦਾ ਹੈ। ਇਸ ਦੇ ਕਾਰਨ ਲੜਕੀਆਂ ਦੀ ਸਿਹਤ ਖਰਾਬ ਹੋਣ ਦੇ ਮਾਮਲੇ ਵਧ ਰਹੇ ਹਨ। ਰਾਸ਼ਟਰੀ ਬਾਲਿਕਾ ਦਿਵਸ ਸਾਡਾ ਧਿਆਨ ਇਸ ਗੱਲ ਵੱਲ ਕੇਂਦਰਤ ਕਰਦਾ ਹੈ ਕਿ ਸਿਹਤਮੰਦ ਭਵਿੱਖ ਲਈ ਕੁੜੀਆਂ ਨੂੰ ਸੁਰੱਖਿਅਤ ਅਤੇ ਪੋਸ਼ਕ ਖੁਰਾਕ ਦੀ ਲੋੜ ਹੈ। ਇਸ ਦਿਨ ਮਾਤਾ ਅਤੇ ਪਿਤਾ ਨੂੰ ਆਪਣੀਆਂ ਧੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਮੌਕੇ ਦੇਣ ਬਾਰੇ ਸਿਖਾਇਆ ਜਾਂਦਾ ਹੈ। ਲੜਕੀਆਂ ਨੂੰ ਆਪਣੇ ਅਧਿਕਾਰਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਉਹ ਕਿਸ ਤਰ੍ਹਾਂ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧ ਸਕਦੀਆਂ ਹਨ। ਇਸ ਦਿਨ ਦੇ ਰਾਹੀਂ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਕੁੜੀਆਂ ਸਿਰਫ਼ ਘਰ ਦੀ ਮਰਿਆਦਾ ਤੱਕ ਸੀਮਿਤ ਨਹੀਂ, ਸਗੋਂ ਹਰ ਖੇਤਰ ਵਿੱਚ ਉਹ ਉੱਚਾ ਮੁਕਾਮ ਹਾਸਲ ਕਰ ਸਕਦੀਆਂ ਹਨ।
ਰਾਸ਼ਟਰੀ ਬਾਲਿਕਾ ਦਿਵਸ ਸਿਰਫ਼ ਇੱਕ ਦਿਨ ਲਈ ਜਸ਼ਨ ਮਨਾਉਣ ਵਾਲਾ ਦਿਨ ਨਹੀਂ ਹੈ, ਸਗੋਂ ਇਹ ਇੱਕ ਚੇਤਾਵਨੀ ਹੈ ਕਿ ਅਜੇ ਵੀ ਭਾਰਤ ਵਿੱਚ ਲੜਕੀਆਂ ਦੀ ਸਥਿਤੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੜਕੀਆਂ ਨੂੰ ਸਿੱਖਿਆ, ਪੋਸ਼ਣ, ਸੁਰੱਖਿਆ ਅਤੇ ਮੌਕੇ ਦੇਣ ਵਿੱਚ ਆਪਣਾ ਯੋਗਦਾਨ ਪਾਈਏ, ਕਿਉਂਕਿ ਸਮਾਜਕ ਬਦਲਾਅ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ। ਜਦੋਂ ਹਰੇਕ ਘਰ ਆਪਣੇ ਘਰ ਦੀ ਲੜਕੀ ਨੂੰ ਸਹਾਰਾ ਦੇਵੇਗਾ, ਤਦੋਂ ਸਾਡਾ ਦੇਸ਼ ਇੱਕ ਤਰੱਕੀਸ਼ੀਲ ਅਤੇ ਸਮਾਨ ਸੰਸਾਰ ਬਣੇਗਾ। ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਲੜਕੀਆਂ ਦੀ ਮੌਜੂਦਗੀ ਸਿਰਫ਼ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਸਮਾਜ ਲਈ ਮਹੱਤਵਪੂਰਨ ਹੈ। ਉਹ ਇੱਕ ਮਾਂ, ਭੈਣ, ਪਤਨੀ, ਬੇਟੀ ਅਤੇ ਅਗਵਾਈ ਕਰਨ ਵਾਲੇ ਵਜੋਂ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਨੂੰ ਸਮਾਨ ਅਧਿਕਾਰ ਅਤੇ ਮੌਕੇ ਦੇਣਾ ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ, ਸਗੋਂ ਇਹ ਸਾਡਾ ਕਰਤਵ ਹੈ। ਅਸੀਂ ਇਹਨਾਂ ਕੁਝ ਕਦਮਾਂ ਦੁਆਰਾ ਲੜਕੀਆਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੇ ਹਾਂ। ਇਹ ਦਿਨ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਆਪਣੀ ਸੋਚ ਨੂੰ ਬਦਲ ਕੇ ਲੜਕੀਆਂ ਦੇ ਹੱਕਾਂ ਲਈ ਕੰਮ ਕਰੀਏ। ਰਾਸ਼ਟਰੀ ਬਾਲਿਕਾ ਦਿਵਸ ਸਾਡੇ ਸਮਾਜ ਨੂੰ ਸਮਾਨਤਾ, ਆਦਰਸ਼ ਅਤੇ ਵਿਵੇਕਸ਼ੀਲਤਾ ਵਲ ਲੈਕੇ ਜਾਣ ਵਾਲੀ ਇੱਕ ਕੋਸ਼ਿਸ਼ ਹੈ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ