ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉਡੀਸ਼ਾ ਰਾਜ ਦੇ ਕਟਕ ਸ਼ਹਿਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਜਾਨਕੀ ਨਾਥ ਬੋਸ ਕਟਕ ਦੇ ਇੱਕ ਪ੍ਰਸਿੱਧ ਵਕੀਲ ਸਨ, ਜਦਕਿ ਮਾਤਾ ਪ੍ਰਭਾਵਤੀ ਦੇਵੀ ਘਰੇਲੂ ਮਹਿਲਾ ਸਨ। ਸੁਭਾਸ਼ ਬਚਪਨ ਤੋਂ ਹੀ ਬਹੁਤ ਤੇਜ ਅਤੇ ਦੇਸ਼ ਭਗਤ ਪ੍ਰਵਿਰਤੀ ਦੇ ਸਨ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਕਟਕ ਦੇ ਰਾਵੇਨਸ਼ਾ ਕਾਲੇਜ ਸਕੂਲ ਵਿੱਚ ਹੋਈ। ਬਚਪਨ ਤੋਂ ਹੀ ਉਨ੍ਹਾਂ ਦੇ ਵਿਚਾਰ ਉੱਚ-ਪੱਧਰ ਦੇ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਸਮਾਜ ਵਿੱਚ ਚੱਲ ਰਹੀਆਂ ਬੁਰਾਈਆਂ ਦੇ ਵਿਰੁੱਧ ਅਵਾਜ਼ ਉਠਾਈ ਸੀ। ਸਨ 1919 ਵਿੱਚ ਉਨ੍ਹਾਂ ਨੇ ਕਲਕਤਾ ਵਿਸ਼ਵਵਿਦਿਆਲਯ ਤੋਂ ਆਪਣੇ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ ਦੀ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਭਾਰਤੀ ਸਿਵਲ ਸੇਵਾ ਦੀ ਪ੍ਰੀਖਿਆ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਇਸ ਪ੍ਰੀਖਿਆ ਵਿੱਚ ਚੌਥਾ ਸਥਾਨ ਹਾਸਲ ਕੀਤਾ। ਪਰ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦਾ ਜਜ਼ਬਾ ਇੰਨ੍ਹਾਂ ਮਜ਼ਬੂਤ ਸੀ ਕਿ ਉਨ੍ਹਾਂ ਨੇ ਸਨ 1921 ਵਿੱਚ ਆਪਣੀ ਸਿਵਲ ਸੇਵਾ ਦੀ ਨੌਕਰੀ ਛੱਡ ਦਿੱਤੀ ਅਤੇ ਦੇਸ਼ ਭਗਤੀ ਦੇ ਰਾਹ 'ਤੇ ਚੱਲ ਪਏ।
ਸੁਭਾਸ਼ ਚੰਦਰ ਬੋਸ ਨੇ ਆਪਣੀ ਸਿਆਸੀ ਜ਼ਿੰਦਗੀ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕੀਤੀ। ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਬਹੁਤ ਹੀ ਜਲਦੀ ਆਪਣੀ ਵੱਖਰੀ ਹੋਂਦ ਵਾਲੀ ਸ਼ਖਸੀਅਤ ਦੇ ਕਾਰਨ ਪਾਰਟੀ ਦੇ ਪ੍ਰਮੁੱਖ ਨੇਤਾ ਬਣ ਗਏ। ਪਰ ਸੁਭਾਸ਼ ਚੰਦਰ ਬੋਸ ਦਾ ਮੰਨਣਾ ਸੀ ਕਿ ਬਰਤਾਨਵੀ ਹਕੂਮਤ ਦੇ ਖ਼ਿਲਾਫ ਲੜਾਈ ਕੇਵਲ ਗੈਰ-ਹਿੰਸਕ ਮਾਰਗ ਨਾਲ ਜਿੱਤੀ ਨਹੀਂ ਜਾ ਸਕਦੀ। ਉਨ੍ਹਾਂ ਨੂੰ ਲੱਗਦਾ ਸੀ ਕਿ ਅਧੂਰੇ ਸਾਧਨਾਂ ਨਾਲ ਕਦੇ ਵੀ ਆਜ਼ਾਦੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹੀ ਕਾਰਨ ਸੀ ਕਿ ਗਾਂਧੀ ਜੀ ਅਤੇ ਬੋਸ ਦੇ ਵਿਚਕਾਰ ਵਿਚਾਰਧਾਰਾਵਾਂ ਦਾ ਟਕਰਾਅ ਹੋਇਆ। ਸਨ 1938 ਵਿੱਚ ਸੁਭਾਸ਼ ਚੰਦਰ ਬੋਸ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ। ਪਰ ਬਰਤਾਨਵੀ ਹਕੂਮਤ ਅਤੇ ਕਾਂਗਰਸ ਦੇ ਕੁਝ ਨਰਮਪੰਥੀਆਂ ਦੇ ਵਿਰੋਧ ਕਾਰਨ ਉਨ੍ਹਾਂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਬਾਅਦ ਉਨ੍ਹਾਂ ਨੇ ਆਪਣਾ ਇੱਕ ਅਲੱਗ ਸੰਗਠਨ ਬਣਾਇਆ, ਜਿਸਦਾ ਨਾਮ ਫਾਰਵਰਡ ਬਲਾਕ ਰੱਖਿਆ। ਇਹ ਸੰਗਠਨ ਬਰਤਾਨਵੀ ਹਕੂਮਤ ਦੇ ਖ਼ਿਲਾਫ ਖੁੱਲ੍ਹੇ ਤੌਰ 'ਤੇ ਮੋਰਚਾ ਲਗਾਉਣ ਲਈ ਤਿਆਰ ਕੀਤਾ ਗਿਆ ਸੀ।
ਸੁਭਾਸ਼ ਚੰਦਰ ਬੋਸ ਦੀ ਅਸਲ ਕਹਾਣੀ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਉਹ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਦੇਸ਼ ਦੀ ਆਜ਼ਾਦੀ ਲਈ ਹੋਰ ਦੇਸ਼ਾਂ ਤੋਂ ਸਹਾਇਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਵਿਦੇਸ਼ ਚਲੇ ਗਏ। ਜਰਮਨੀ ਅਤੇ ਜਪਾਨ ਦੇ ਸਹਿਯੋਗ ਨਾਲ ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ। ਇਹ ਫੌਜ ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਲੜਨ ਲਈ ਬਣਾਈ ਗਈ ਸੀ। ਉਨ੍ਹਾਂ ਦਾ ਨਾਰਾ ਸੀ, "ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ।" ਇਸ ਨਾਰੇ ਨੇ ਹਜ਼ਾਰਾਂ ਭਾਰਤੀਆਂ ਨੂੰ ਬੋਸ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਆਜ਼ਾਦ ਹਿੰਦ ਫੌਜ ਨੇ ਅੰਦਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਆਜ਼ਾਦ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਪਰ ਬਰਤਾਨਵੀ ਤਾਕਤਾਂ ਅਤੇ ਜੰਗ ਦੇ ਪਲਟੇ ਸਵਰੂਪ ਕਾਰਨ ਆਜ਼ਾਦ ਹਿੰਦ ਫੌਜ ਨੂੰ ਪਿੱਛੇ ਹਟਣਾ ਪਿਆ। ਹਾਲਾਂਕਿ ਇਸ ਨਾਲ ਬੋਸ ਦਾ ਹੋਸਲਾ ਕਦੇ ਵੀ ਨਹੀਂ ਟੁੱਟਿਆ ਸੀ।
ਸੁਭਾਸ਼ ਚੰਦਰ ਬੋਸ ਦੀ ਮੌਤ ਅਜੇ ਵੀ ਇਕ ਰਾਜ਼ ਹੈ। ਮਿਤੀ 18 ਅਗਸਤ 1945 ਨੂੰ ਤਾਈਵਾਨ ਦੇ ਤਾਈਹੋਕੂ ਸ਼ਹਿਰ ਵਿੱਚ ਇਕ ਵਿਮਾਨ ਦੁਰਘਟਨਾ ਵਿੱਚ ਉਨ੍ਹਾਂ ਦੀ ਮੌਤ ਹੋਣ ਦੀ ਖ਼ਬਰ ਆਈ। ਪਰ ਕਈ ਇਤਿਹਾਸਕਾਰ ਅਤੇ ਲੋਕਾਂ ਦਾ ਮੰਨਣਾ ਹੈ ਕਿ ਇਹ ਦੁਰਘਟਨਾ ਸਿਰਫ਼ ਇਕ ਕਹਾਣੀ ਸੀ ਅਤੇ ਨੇਤਾਜੀ ਬਾਅਦ ਵਿੱਚ ਵੀ ਜਿਊਂਦੇ ਰਹੇ। ਸੁਭਾਸ਼ ਚੰਦਰ ਬੋਸ ਦਾ ਜੀਵਨ ਸਾਡੀ ਨਵੀਂ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਦੇਸ਼ ਲਈ ਜੀਣਾ ਅਤੇ ਮਰਨਾ ਕਿੰਨਾ ਮਹੱਤਵਪੂਰਨ ਹੈ। ਉਨ੍ਹਾਂ ਦੇ ਨਾਰੇ ਅਤੇ ਜਜ਼ਬੇ ਨੇ ਹਮੇਸ਼ਾ ਦੇਸ਼ਵਾਸੀਆਂ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਦਾ ਨਾਰਾ, "ਜੈ ਹਿੰਦ," ਅੱਜ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਸਾਡੇ ਲਈ ਕੇਵਲ ਇਕ ਸਮਾਰੋਹ ਨਹੀਂ ਹੈ, ਸਗੋਂ ਇਹ ਸਾਡੇ ਦੇਸ਼ ਪ੍ਰਤੀ ਉਨ੍ਹਾਂ ਦੇ ਬੇਹਤਰੀਨ ਯੋਗਦਾਨ ਨੂੰ ਯਾਦ ਕਰਨ ਅਤੇ ਸੱਚੀ ਸ਼ਰਧਾਂਜਲੀ ਦੇਣ ਦਾ ਦਿਨ ਹੈ। ਉਨ੍ਹਾਂ ਦੀ ਜਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇਕਰ ਮਨ ਵਿੱਚ ਦ੍ਰਿੜ ਸੰਕਪਲ ਹੋਵੇ, ਤਾਂ ਜਿੰਦਗੀ ਵਿੱਚ ਕਿਸੇ ਵੀ ਉਦੇਸ਼ ਦੀ ਪ੍ਰਾਪਤੀ ਮੁਸ਼ਕਿਲ ਨਹੀਂ ਹੁੰਦੀ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ