Saturday, February 01, 2025

Articles

ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ : ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਵਿਰਾਸਤੀ ਗਲਵਕੜੀ

January 29, 2025 01:14 PM
SehajTimes

ਸਾਹਿਤ, ਸੰਗੀਤ ਤੇ ਸਲੀਕਾ ਰੂਹ ਦੀ ਖ਼ੁਰਾਕ ਹੁੰਦੇ ਹਨ। ਇਸ ਰੂਹ ਦੀ ਖ਼ੁਰਾਕ ਦਾ ਮਾਧਿਅਮ ਬੋਲੀ ਹੁੰਦੀ ਹੈ। ਕਿਸੇ ਦੀ ਦੇਸ਼ ਦਾ ਸਭਿਆਚਾਰ ਉਸ ਦੇਸ਼ ਦੀ ਖ਼ੁਸ਼ਹਾਲੀ ਤੇ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ। ਸਭਿਆਚਾਰ ਵਿੱਚ ਭਾਵੇਂ ਖਾਣ ਪੀਣ, ਰਹਿਣ ਸਹਿਣ, ਪਹਿਰਾਵਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੁੰਦਾ ਹੈ ਪ੍ਰੰਤੂ ਸਾਹਿਤ ਤੇ ਸੰਗੀਤ ਇਸਦੇ ਬਹੁਤ ਹੀ ਮਹੱਤਵਪੂਰਨ ਅੰਗ ਹੁੰਦੇ ਹਨ, ਜਿਹੜੇ ਮਨੁੱਖ ਦੀ ਮਾਨਸਿਕ ਤ੍ਰਿਪਤੀ ਕਰਦੇ ਹਨ। ਜਿਹੜਾ ਮਨੁੱਖ ਮਾਨਸਿਕ ਤੌਰ ‘ਤੇ ਮਜ਼ਬੂਤ ਹੋਵੇਗਾ ਉਸਦਾ ਵਿਵਹਾਰ, ਰਹਿਣ ਸਹਿਣ ਅਤੇ ਮੇਲ ਮਿਲਾਪ ਸਮਾਜ ਵਿੱਚ ਸਦਭਾਵਨਾ ਪੈਦਾ ਕਰੇਗਾ। ਇਸ ਸਦਭਾਵਨਾ ਦੀ ਮੂੰਹ ਬੋਲਦੀ ਤਸਵੀਰ ਤਿੰਨ ਰੋਜ਼ਾ 18 ਜਨਵਰੀ 2025 ਤੋਂ 21 ਜਨਵਰੀ 2025 ਤੱਕ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ‘ਪਾਕਿ ਹੈਰੀਟਾਈਜ ਡੈਵਿਸ ਹੋਟਲ’ ਵਿੱਚ ਆਯੋਜਤ ਵਿਸ਼ਵ ਪੰਜਾਬੀ ਕਾਨਫ਼ਰੰਸ ਵੇਖਣ ਨੂੰ ਮਿਲਦੀ ਰਹੀ। ਇਹ ਕਾਨਫ਼ਰੰਸ ਪੰਜਾਬੀ ਸਭਿਆਚਾਰ ਦੀ ਵਿਲੱਖਣ ਤਸਵੀਰ ਪੇਸ਼ ਕਰਦੀ ਹੋਈ ਆਪਸੀ, ਪਿਆਰ, ਸਤਿਕਾਰ, ਸਲੀਕਾ ਅਤੇ ਮਿਲਵਰਤਨ ਦਾ ਪ੍ਰਤੀਕ ਬਣਕੇ ਸਾਹਮਣੇ ਆਈ ਹੈ। ਇੱਕ ਕਿਸਮ ਨਾਲ ਦੋ ਦੇਸ਼ਾਂ ਦੇ ਰਾਜਦੂਤਾਂ ਦੀ ਕਾਨਫਰੰਸ ਬਣ ਗਈ ਸੀ। ਇਸ ਕਾਨਫ਼ਰੰਸ ਤੋਂ ਇਉਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਜੁਗਾਂ ਤੋਂ ਵਿਛੜੇ ਵਿਰਾਸਤੀ ਪਰਿਵਾਰ ਮੁੜ ਆਪਣੀ ਵਿਰਾਸਤ ਨਾਲ ਇੱਕਮਿਕ ਹੋ ਕੇ ਗਲਵਕੜੀ ਪਾ ਰਹੇ ਹੋਣ। ਇਹ ਵੀ ਲੱਗ ਰਿਹਾ ਸੀ ਜਿਵੇਂ ਪੰਜਾਬ ਦੇ ਵਿਰਾਸਤੀ ਪਿੰਡ ਵਿੱਚ ਮੇਲਾ ਲੱਗਿਆ ਹੋਵੇ, ਜਿਸ ਵਿੱਚ ਸੰਗੀਤ ਦੀ ਛਹਿਬਰਾਂ ਲੱਗੀਆਂ ਹੋਣ ਜੋ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਦੀ ਤਰਜਮਾਨੀ ਕਰਦੀਆਂ ਸਨ। ਪ੍ਰੇਮ ਪਿਆਰ ਦੇ ਵਹਿਣ ਵਿੱਚ ਵਹਿੰਦਿਆਂ ਪੰਜਾਬੀ ਦੇ ਪ੍ਰੇਮੀ ਸਭਿਆਚਾਰ ਦੀ ਵਿਰਾਸਤ ਵਿੱਚ ਡੁਬਕੀਆਂ ਲਾਉਣ ਲੱਗ ਗਏ।

           ਦੋਹਾਂ ਪੰਜਾਬਾਂ ਦੇ ਫ਼ਨਕਾਰਾਂ ਨੇ ਸਾਂਝੀਵਾਲਤਾ ਦੇ ਗੀਤਾਂ ਨਾਲ ਐਸਾ ਰੰਗ ਬੰਨਿ੍ਹਆਂ ਕਿ ਦਰਸ਼ਕ ਸਰਸ਼ਾਰ ਹੋ ਕੇ ਭਾਵਕਤਾ ਦੇ ਵਹਿਣ ਵਿੱਚ ਵਹਿ ਗਏ। ਹਰਵਿੰਦਰ ਦਾ ਗੀਤ ਜਾਰੀ ਕੀਤਾ ਗਿਆ। ਪੰਮੀ ਬਾਈ ਅਤੇ ਆਰਿਫ਼ ਲੋਹਾਰ ਦੀ ਜੁਗਲਬੰਦੀ ਨੇ ਪੁਰਾਤਨ ਵਿਰਾਸਤ ਨੂੰ ਯਾਦ ਕਰਵਾ ਦਿੱਤਾ। ਸੁਖੀ ਬਰਾੜ, ਡੌਲੀ ਗੁਲੇਰੀਆ, ਪੰਮੀ ਬਾਈ, ਸਤਨਾਮ ਪੰਜਾਬੀ, ਆਰਿਫ਼ ਲੋਹਾਰ, ਅਕਰਮ ਰਾਹੀ, ਇਮਰਾਨ ਸ਼ੌਕਤ ਅਲੀ, ਖਤੀਜਾ, ਅਸਲਮ ਬਾਹੂ ਵੀਰ ਸਿਪਾਹੀ ਦੇ  ਗੀਤਾਂ ਨੂੰ ਸੁਣਕੇ ਪੰਜਾਬੀਆਂ ਦੇ ਚਿਹਰੇ ਟਹਿਕਣ ਲੱਗ ਪਏ। ਬਾਬਾ ਨਜਮੀ ਨੇ ‘ਇਕਬਾਲ ਪੰਜਾਬੀ ਦਾ’ ਗਾ ਕੇ ਅਤੇ ਇਲਿਅਸ ਘੁੰਮਣ ਨੇ ਸੰਵੇਦਨਸ਼ੀਲ ਤਕਰੀਰ ਕਰਕੇ ਜੋਸ਼ ਭਰ ਦਿੱਤਾ। ਤ੍ਰੈਲੋਚਨ ਲੋਚੀ ਨੇ ਬਹੁਤ ਹੀ ਭਾਵਪੂਰਤ ਢੰਗ ਨਾਲ ‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਨਾਲ ਮਾਹੌਲ ਭਾਵਕ ਕਰ ਦਿੱਤਾ। ਇਸ ਭਾਈਚਾਰਕ ਸਾਂਝ ਵਿੱਚ ਸਾਹਿਤ, ਕਲਾ, ਸੰਗੀਤ, ਪੱਤਰਕਾਰੀ, ਅਦਾਕਾਰੀ ਅਤੇ ਵਿਦਵਤਾ ਦੇ ਮੁਜੱਸਮੇ ਅਦੀਬ ਆਪਣੇ ਦਿਲ ਦੀਆਂ ਕੁੰਦਰਾਂ ਵਿੱਚੋਂ ਖੁੱਸੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਨੰਦਿਤ ਹੋ ਰਹੇ ਸਨ। ਪੰਜਾਬ ਤੇ ਪੰਜਾਬੀਅਤ ਦਾ ਝੰਡਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਦੀਬਾਂ ਨੇ ਬੁਲੰਦ  ਕੀਤਾ। ਇਸ ਕਾਨਫ਼ਰੰਸ ਵਿੱਚ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਕਰਕੇ ਇਸਨੂੰ ਅਮੀਰ ਕਰਨ ਵਾਲੇ ਸੂਫ਼ੀਇਜ਼ਮ ਸਾਹਿਤ ਦੇ ਧੁਰੰਦਰ ਵਿਦਵਾਨਾ ਦੀ ਸਾਹਿਤਕ ਦੇਣ ਨੂੰ ਸਲਾਮ ਕਰਦਿਆਂ ਸੰਜੀਦਾ ਪਰਿਚਰਚਾ ਕੀਤੀ ਗਈ। ਸੁਖਦੇਵ ਸਿੰਘ ਸਿਰਸਾ ਅਤੇ ਡਾ.ਸੁਜਿੰਦਰ ਸਿੰਘ ਸੰਘਾ ਨੇ ਸੂਫ਼ੀਇਜ਼ਮ ਤੇ ਖੋਜੀ ਪਰਚੇ ਪੜ੍ਹੇ ਜਿਨ੍ਹਾਂ ਤੇ ਭਰਪੂਰ ਚਰਚਾ ਹੋਈ। 34ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਭਾਰਤ ਤੋਂ 65 ਸੰਗੀਤ, ਸਾਹਿਤ ਤੇ ਕਲਾ ਪ੍ਰੇਮੀਆਂ ਦਾ ਕਾਫ਼ਲਾ ਹੁੰਮ-ਹੁੰਮਾ ਤੇ ਗੱਜ ਵਜਾਕੇ ਪਹੁੰਚਿਆ ਸੀ, ਜਿਵੇਂ ਉਹ ਨਾਨਕ ਛੱਕ ਤੇ ਗਏ ਹੋਏ ਗਦ-ਗਦ ਹੋ ਰਹੇ ਹੋਣ। ਦੂਜੇ ਪਾਸੇ ਵੀ ਆਪਣੇ ਪੇਕਿਆਂ ਦੇ ਮੇਲ ਨੂੰ ਦਿਲ ਦੇ ਢੋਲਕੀ ਛੈਣਿਆਂ ਨਾਲ ਤੇਲ ‘ਚੋ ਕੇ ਸੁਆਗਤ ਕੀਤਾ ਗਿਆ। ਦੋਹਾਂ ਪਾਸਿਆਂ ਦੇ ਅਦੀਬਾਂ ਨੂੰ ਚਾਅ ਚੜ੍ਹਿਆ ਪਿਆ ਸੀ, ਜਿਵੇਂ ਨਜ਼ਦੀਕੀ ਸੰਬੰਧੀ ਦੇ ਵਿਆਹ ਦਾ ਆਨੰਦ ਮਾਣ ਰਹੇ ਹੋਣ। ਚੜ੍ਹਦੇ ਪੰਜਾਬ ਦੇ ਜਥੇ ਦੀ ਅਗਵਾਈ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ, ਭਾਰਤੀ ਚੈਪਟਰ ਦੇ ਚੇਅਰਮੈਨ ਡਾ.ਦੀਪਕ ਮਨਮੋਹਨ ਸਿੰਘ ਅਤੇ ਉਘੇ ਕਵੀ ਅਤੇ ਪੰਜਾਬੀ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਕਰ ਰਹੇ ਸਨ। ਪ੍ਰੇਮੀਆਂ ਦਾ ਇਹ ਕਾਫ਼ਲਾ ਪਾਕਿਸਤਾਨ ਦੇ ਸਾਬਕਾ ਵਜ਼ੀਰ ਫ਼ਖ਼ਰ ਜ਼ਮਾਨ ਦੇ ਸੱਦੇ ‘ਤੇ ਲਾਹੌਰ ਪਹੁੰਚਿਆ ਸੀ। ਅਨੀਤਾ ਸ਼ਬਦੀਸ਼ ਨੇ ਬਹੁਤ ਹੀ ਭਾਵਪੂਰਤ ਨਾਟਕ ‘ਗੁੰਮਸ਼ੁਦਾ ਔਰਤ’ ਜੋ ਔਰਤਾਂ ਦੇ ਸ਼ਸ਼ਤੀਕਰਨ ਦਾ ਸੰਦੇਸ਼ ਦਿੰਦਾ ਸੀ, ਖੇਡਿਆ ਗਿਆ, ਜਿਸਨੇ ਦੋਵਾਂ ਦੇਸ਼ਾਂ ਦੇ ਪੰਜਾਬੀ ਪ੍ਰੇਮੀਆਂ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਵਹਿਣ ਲਾ ਦਿੱਤੇ। ਲਾਹੌਰ ਸ਼ਹਿਰ ਵਿੱਚ ਰੌਣਕਾਂ ਲੱਗ ਗਈਆਂ। ਇਸੇ ਕਰਕੇ ਕਹਿੰਦੇ ਹਨ, ਜਿਸਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆਂ ਹੀ ਨਹੀਂ। ਲਾਹੌਰ ਵਿੱਚੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੇ ਪਿਆਰ ਦੀ ਖ਼ੁਸ਼ਬੋ ਆ ਰਹੀ ਸੀ। ਦਿਨ ਭਰ ਸੂਫ਼ੀਇਜ਼ਮ  ਵਰਗੇ ਬਹੁਤ ਹੀ ਗੰਭੀਰ ਵਿਸ਼ਿਆਂ ‘ਤੇ ਵਿਚਾਰ ਵਟਾਂਦਰੇ ਹੁੰਦੇ ਤੇ ਹਰ ਰੋਜ਼ ਸ਼ਾਮ ਨੂੰ ਇੱਕ ਨਹੀਂ ਸਗੋਂ ਵੱਖੋ-ਵੱਖਰੀਆਂ ਮਹਿਫ਼ਲਾਂ ਸਜਦੀਆਂ, ਜਿਨ੍ਹਾਂ ਵਿੱਚ ਸੰਗੀਤਕ ਤੇ ਸਾਹਿਤਕ ਰੂਹਾਂ ਆਪਣੇ ਕਲਾਮ ਪੇਸ਼ ਕਰਦੀਆਂ।  ਫ਼ਖ਼ਰ ਤੇ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚ ਪੰਜਾਬੀ ਜ਼ਬਾਨ ਦਾ ਪਰਚਮ ਲਹਿਰਾ ਰਿਹਾ ਹੈ। ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਪੰਜਾਬੀ ਜ਼ੁਬਾਨ ਆਪਣੀ ਮਾਂ ਦੀ ਤਰ੍ਹਾਂ ਸਾਂਭ ਕੇ ਰੱਖਣਗੇ ਤੇ ਘਰਾਂ ਵਿੱਚ ਪੰਜਾਬੀ ਬੋਲੀ ਜਾਵੇਗੀ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਲਹਿੰਦੇ ਪੰਜਾਬ ਵਿੱਚ ਯੂਨੀਵਰਸਿਟੀ ਸਥਾਪਤ ਕੀਤੀ ਹੋਈ ਹੈ।

    ਇਸ ਮੌਕੇ ‘ਤੇ ਫ਼ਖ਼ਰ ਜ਼ਮਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਦੁੱਖ ਦੀ ਗੱਲ ਹੈ ਕਿ ਪੰਜਾਬੀ ਜ਼ੁਬਾਨ ਨੂੰ ਬਿਗਾਨਿਆਂ ਨਾਲੋਂ ਆਪਣਿਆਂ ਤੋਂ ਵਧੇਰੇ ਖ਼ਤਰਾ ਹੈ। ਡਾ.ਦੀਪਕ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਲਾਹੌਰ ਨੇ ਪੰਜਾਬੀ ਬੋਲੀ, ਤਹਿਜ਼ੀਬ ਤੇ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨੂੰ ਯਾਦ ਕੀਤਾ। ਆਮ ਤੌਰ ‘ਤੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ‘ਤੇ ਕਿੰਤੂ-ਪ੍ਰੰਤੂ ਕੀਤੇ ਜਾਂਦੇ ਰਹੇ ਹਨ ਕਿ ਉਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਸੈਰ ਕਰਨ ਦੇ ਬਹਾਨੇ ਲੋਕ ਜਾਂਦੇ ਹਨ ਅਤੇ ਉਨ੍ਹਾਂ ਦਾ ਪੰਜਾਬੀ ਸਾਹਿਤ ਤੇ ਸੰਗੀਤ ਨਾਲ ਕੋਈ ਵਾਸਤਾ ਨਹੀਂ ਹੁੰਦਾ ਪ੍ਰੰਤੂ ਲਾਹੌਰ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਚੋਟੀ ਦੇ ਸਾਹਿਤਕਾਰ, ਸੰਗੀਤਕਾਰ, ਗਾਇਕ, ਅਦਾਕਾਰ ਅਤੇ ਪੱਤਰਕਾਰ ਸ਼ਾਮਲ ਹੋਏ, ਜਿਹੜੇ ਜਾਣੇ ਪਛਾਣੇ ਵਿਅਕਤੀ ਹਨ। ਇਸ ਕਾਨਫ਼ਰੰਸ ਦੀ ਸਫਲਤਾ ਨੇ ਝੰਡੇ ਗੱਡ ਦਿੱਤੇ ਹਨ।  ਭਾਰਤ ਤੋਂ ਸ਼ਾਮਲ ਹੋਏ ਵਿਦਵਾਨਾਂ ਵਿੱਚ ਜੰਗ ਬਹਾਦਰ ਗੋਇਲ, ਸੁਖਦੇਵ ਸਿੰਘ ਸਿਰਸਾ, ਦਰਸ਼ਨ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਤੂਰ, ਕਾਹਨ ਸਿੰਘ ਪੰਨੂੰ, ਸੁਨੀਤਾ ਧੀਰ, ਬਲਕਾਰ ਸਿੱਧੂ, ਪੰਮੀ ਬਾਈ, ਖਾਲਿਦ ਹੁਸੈਨ, ਅਨੀਤਾ ਸ਼ਬਦੀਸ਼ ਆਦਿ। ਪੱਤਰਕਾਰਾਂ ਵਿੱਚ ਨਵਦੀਪ ਸਿੰਘ ਗਿੱਲ ਅਤੇ ਜਗਤਾਰ ਸਿੰਘ ਭੁਲਰ। ਇਸ ਮੌਕੇ ‘ਤੇ ਲਹਿੰਦੇ ਪੰਜਾਬ ਦੇ ਅਬਦੁਲ ਕਦੀਮ, ਡਾ.ਕੁਦਸੀ, ਬੁਸ਼ਰਾ ਏਜਾਜ, ਬਾਬਾ ਨਜਮੀ, ਬਾਬਾ ਗੁਲਾਮ ਹੁਸੈਨ ਹੈਦਰ, ਰਾਜਾ ਸਾਦਿਕ ਉਲਾ ਖ਼ਾਨ, ਖਾਲਿਦ ਏਜਾਜ਼ ਮੁਫ਼ਤੀ, ਸ਼ਾਇਦਾ ਬਾਨੋ ਅਤੇ ਪੱਤਰਕਾਰਾਂ ਵਿੱਚ ਭੁਲੇਖਾ ਅਖ਼ਬਾਰ ਦੇ ਸੰਪਾਦਕ ਮੁਦੱਸਰ ਇਕਬਾਲ ਬੱਟ, ਪੰਚਮ ਅਖ਼ਬਾਰ ਦੇ ਮੁੱਖ ਸੰਪਾਦਕ ਮਕਸੂਦ ਸਾਕਿਬ ਅਤੇ ਸੁਗਰਾ ਸਦੇਫ਼ ਸ਼ਾਮਲ ਸਨ। ਪੰਜਾਬੀ ਭਾਸ਼ਾ ਦੇ ਬੋਲਬਾਲੇ ਨੇ ਅਗਲੇ ਪੰਜਾਹ ਸਾਲਾਂ ਵਿੱਚ ਪੰਜਾਬੀ ਖ਼ਤਮ ਹੋਣ ਦੀਆਂ ਅਫ਼ਵਾਹਾਂ ਨੂੰ ਝੁਠਲਾ ਦਿੱਤਾ। ਇਸ ਤੋਂ ਇਲਾਵਾ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ। ਇਸੇ ਲੜੀ ਸੰਬੰਧੀ 1993 ਵਿੱਚ ਪਟਿਆਲਾ ਵਿਖੇ ਵੇਦ ਪ੍ਰਕਾਸ਼ ਗੁਪਤਾ ਚੇਅਰਮੈਨ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਅਤੇ ਸ੍ਰ.ਬੇਅੰਤ ਸਿੰਘ ਤਤਕਾਲੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੇ ਤੌਰ ‘ਇੰਡੋ-ਪਾਕਿ ਮੁਸ਼ਾਇਰਾ’ ਥਾਪਰ ਇਨਸਟੀਚਿਊਟ ਵਿਖੇ ਆਯੋਜਤ ਕੀਤਾ ਗਿਆ ਸੀ, ਜਿਸ ਵਿੱਚ ਚੋਟੀ ਦੇ ਪਾਕਿਸਤਾਨ ਅਤੇ ਭਾਰਤ ਦੇ ਸ਼ਾਇਰਾਂ ਨੇ ਹਿੱਸਾ ਲਿਆ ਸੀ। ਫਿਰ 2004 ਵਿੱਚ ਪਟਿਆਲਾ ਵਿਖੇ ਹੀ ਇੰਡੋ-ਪਾਕਿ ਖੇਡਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਵੇਲੇ 2004 ਵਿੱਚ ਆਯੋਜਤ ਕੀਤੀਆਂ ਗਈਆਂ ਸਨ। ਪਾਕਿਸਤਾਨ ਤੇ ਭਾਰਤ ਵਿੱਚ ਅਜਿਹੀਆਂ ਸਰਗਰਮੀਆਂ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦੇ ਹੋਣ ਨਾਲ ਦੋਹਾਂ ਦੇਸ਼ਾਂ ਵਿੱਚ ਸਦਭਾਵਨਾ ਵੱਧਦੀ ਹੈ, ਜਿਸਦੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਅਤਿਅੰਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਲੋਕਾਂ ਦੀਆਂ ਆਂਦਰਾਂ ਜੁੜੀਆਂ ਹੋਈਆਂ ਹਨ।

  ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ ਵਿੱਚ ਇੱਕ ਹੋਰ ਖ਼ੁਸ਼ਨੁਮਾ ਫ਼ੈਸਲਾ ਕੀਤਾ ਗਿਆ, ਜਿਸ ਅਨੁਸਾਰ ਪੰਜਾਬੀ ਭਾਸ਼ਾ ਨੂੰ ਪ੍ਰਫ਼ੁਲਤ ਕਰਨ ਲਈ 12 ਨੁਕਾਤੀ  ਪ੍ਰੋਗਰਾਮ ਦਾ ਐਲਾਨ ਦੋਹਾਂ ਦੇਸ਼ਾਂ ਲਈ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਪੰਜਾਬੀ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਾਇਮਰੀ ਤੋਂ ਲਾਜ਼ਮੀ ਵਿਸ਼ੇ ਦੇ ਤੌਰ ‘ਤੇ ਪੜ੍ਹਾਈ ਜਾਵੇ, ਪੰਜਾਬੀ ਨੂੰ ਪੰਜਾਬ ਵਿੱਚ ਸਰਕਾਰੀ ਭਾਸ਼ਾ ਵਜੋਂ ਮਾਣਤਾ ਦਿੱਤੀ ਜਾਵੇ, ਦਸ ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣ, ਗਲੀਆਂ ਤੇ ਸੜਕਾਂ ਦੇ ਨਾਮ ਪੰਜਾਬੀ ਵਿੱਚ ਲਿਖੇ ਜਾਣ, ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ਨੂੰ ਆਰਥਿਕ ਮਦਦ ਦਿੱਤੀ ਜਾਵੇ ਅਤੇ ਦਫ਼ਤਰਾਂ ਤੇ ਘਰਾਂ ਵਿੱਚ ਪੰਜਾਬੀ ਬੋਲੀ ਜਾਵੇ ਆਦਿ ਸ਼ਾਮਲ ਹਨ।

   ਇਸ ਕਾਨਫ਼ਰੰਸ ਵਿੱਚ ਚੜ੍ਹਦੇ ਪੰਜਾਬ ਤੋਂ ਸਤਿਨਾਮ ਮਾਣਕ ਦੀ ਪੁਸਤਕ ‘ਬਾਤਾਂ ਵਾਹਗਿਓਂ ਪਾਰ ਦੀਆਂ (ਸਫ਼ਰਨਾਮਾ )’, ਸਰਬਜੀਤ ਜੱਸ ਦੀ ਪੁਸਤਕ ‘ਲਸਕੀ ਹੋਈ ਅੱਖ(ਕਵਿਤਾ)’, ਗੁਰਭਜਨ ਸਿੰਘ ਗਿੱਲ ਦੀ ਮੇਰੇ ਪੰਜ ਦਰਿਆ (ਗੀਤ) , ਜੰਗ ਬਹਾਦਗ ਗੋਇਲ ਦੀ ‘ਸਾਹਿਤ ਸੰਜੀਵਨੀ (ਵਾਰਤਕ)’, ਸਹਿਜਪ੍ਰੀਤ ਸਿੰਘ ਮਾਂਗਟ ਦੀ  ‘ਸਹਿਜ ਮਤੀਆਂ (ਕਵਿਤਾ)’, ਤ੍ਰੈਲੋਚਨ ਲੋਚੀ ਦੀ ‘ਦਿਲ ਦਰਵਾਜ਼ੇ (ਗ਼ਜ਼ਲਾਂ)’, ਨਵਦੀਪ ਸਿੰਘ ਗਿੱਲ ਦੀ ‘ਪੰਜ-ਆਬ ਦੇ ਸ਼ਾਹ ਅਸਵਾਰ (ਦੋਹਾਂ ਪੰਜਾਬਾਂ ਦੇ ਖਿਡਾਰੀਆਂ ਦੇ ਰੇਖਾ ਚਿਤਰ)’ ਅਤੇ ਹਰਮੀਤ ਵਿਦਿਆਰਥੀ ਦੀ ‘ਮੈਂ ਚਸ਼ਮਦੀਦ (ਕਵਿਤਾਵਾਂ)’ ਦੀਆਂ ਪੁਸਤਕਾਂ ਦੇ ਸ਼ਾਹਮੁਖੀ ਐਡੀਸ਼ਨ ਲੋਕ ਅਰਪਨ ਕੀਤੇ ਗਏ। ਲਹਿੰਦੇ ਪੰਜਾਬ ਦੀ ਬਿਹਤਰੀਨ ਸ਼ਾਇਰਾ ਬੁਸ਼ਰਾ ਇਜ਼ਾਜ਼ ਦੀ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ (ਕਵਿਤਾ)’  ਦਾ ਗੁਰਮੁਖੀ ਐਡੀਸ਼ਨ ਲੋਕ ਅਰਪਨ ਕੀਤਾ ਗਿਆ। ਸ਼ਾਲਾ ਅਜਿਹੀਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਹੁੰਦੀਆਂ ਰਹਿਣ!

 

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

 

Have something to say? Post your comment