ਬੋਰਡ ਦੇ ਇਮਤਿਹਾਨ ਹਰ ਵਿਦਿਆਰਥੀ ਦੇ ਜੀਵਨ ਵਿੱਚ ਇੱਕ ਅਹਿਮ ਮੋੜ ਹੁੰਦੇ ਹਨ। ਇਹ ਸਿਰਫ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਮਾਪਿਆਂ ਅਤੇ ਅਧਿਆਪਕਾਂ ਲਈ ਵੀ ਮਹੱਤਵਪੂਰਨ ਹੁੰਦੇ ਹਨ। ਇਮਤਿਹਾਨ ਦੇ ਨਤੀਜੇ ਨਾ ਸਿਰਫ ਵਿਦਿਆਰਥੀ ਦੇ ਅਗਲੇ ਪੜਾਅ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਉਹਦੇ ਆਪਣੇ ਆਤਮ-ਵਿਚਾਰ ਅਤੇ ਆਤਮ-ਵਿਸ਼ਵਾਸ ਤੇ ਵੀ ਗਹਿਰਾ ਅਸਰ ਛੱਡਦੇ ਹਨ। ਇਸ ਲਈ, ਬੋਰਡ ਦੇ ਇਮਤਿਹਾਨਾਂ ਲਈ ਤਿਆਰੀ ਪੂਰੇ ਯੋਜਨਾਬੱਧ ਢੰਗ ਨਾਲ ਕਰਨੀ ਜ਼ਰੂਰੀ ਹੈ। ਇਹ ਤਿਆਰੀ ਨਾ ਸਿਰਫ ਚੰਗੇ ਅੰਕ ਪ੍ਰਪਾਤ ਕਰਨ ਲਈ ਹੈ, ਸਗੋਂ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਅਤੇ ਸਫਲਤਾ ਦੀ ਪ੍ਰਾਪਤੀ ਕਰਨ ਲਈ ਹੈ। ਇਸ ਲਈ ਵਿਦਿਆਰਥੀਆਂ ਨੂੰ ਸਹੀ ਸਮੇਂ 'ਤੇ ਇਮਤਿਹਾਨਾਂ ਲਈ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰਨੀ ਚਾਹੀਦੀ ਹੈ।
ਸਭ ਤੋਂ ਪਹਿਲਾ, ਵਿਦਿਆਰਥੀ ਨੂੰ ਆਪਣੀ ਤਿਆਰੀ ਲਈ ਸਹੀ ਰਣਨੀਤੀ ਬਣਾਉਣੀ ਚਾਹੀਦੀ ਹੈ। ਰਣਨੀਤੀ ਬਣਾਉਣ ਲਈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸੇਲੇਬਸ ਵਿੱਚ ਵਿਸ਼ਿਆਂ ਦੇ ਅਹਿਮ ਹਿੱਸੇ ਕਿਹੜੇ ਹਨ। ਬੋਰਡ ਦੇ ਸੇਲੇਬਸ ਨੂੰ ਧਿਆਨ ਨਾਲ ਪੜ੍ਹਨਾ ਅਤੇ ਸਮਝਣਾ ਸਫਲਤਾ ਦੀ ਪਹਿਲੀ ਕੜੀ ਹੈ। ਹਰ ਵਿਦਿਆਰਥੀ ਨੂੰ ਆਪਣੇ ਸਬਜੈਕਟਾਂ ਦੇ ਅਨੁਸਾਰ ਸੇਲੇਬਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਹਰ ਅਹਿਮ ਵਿਸ਼ੇ ਤੇ ਕਾਬੂ ਪਾ ਸਕੇ। ਇਸ ਲਈ ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਿਕ ਸਭ ਤੋਂ ਜਟਿਲ ਵਿਸ਼ੇ ਨੂੰ ਪਹਿਲਾਂ ਸਮਾਂ ਦੇਕੇ ਘੱਟਦੇ ਕ੍ਰਮ ਵਿੱਚ ਬਾਕੀ ਵਿਸ਼ਿਆਂ ਅਨੁਸਾਰ ਤਿਆਰੀ ਲਈ ਸਮਾਂ ਦੇਵੇ ਭਾਵ ਜਟਿਲ ਵਿਸ਼ੇ ਨੂੰ ਜਿਆਦਾ ਸਮਾਂ ਅਤੇ ਅਸਾਨ ਵਿਸ਼ਿਆਂ ਨੂੰ ਘੱਟ ਸਮਾਂ ਦਿੱਤਾ ਜਾਵੇ।
ਦੂਜਾ, ਸਮਾਂ ਪ੍ਰਬੰਧਨ ਸਭ ਤੋਂ ਅਹਿਮ ਭੂਮਿਕਾ ਨਿਭਾਂਦਾ ਹੈ। ਵਿਦਿਆਰਥੀ ਨੂੰ ਇੱਕ ਰੋਜ਼ਾਨਾ ਰੋਟੀਨ ਤਿਆਰ ਕਰਨੀ ਚਾਹੀਦੀ ਹੈ ਜਿਸ ਵਿੱਚ ਪੜ੍ਹਾਈ ਲਈ ਵਾਧੂ ਸਮਾਂ ਨਿਰਧਾਰਤ ਕੀਤਾ ਜਾਵੇ। ਇਹ ਰੋਜ਼ਾਨਾ ਦੀ ਰੋਟੀਨ ਨਿਰਧਾਰਤ ਕਰਨ ਲਈ ਪਹਿਲਾਂ ਆਪਣੀ ਤਾਕਤ ਅਤੇ ਕਮਜ਼ੋਰੀ ਨੂੰ ਪਰਖਣਾ ਜਰੂਰੀ ਹੈ। ਜਿਵੇਂ ਕਿ ਜਿਨ੍ਹਾਂ ਵਿਸ਼ਿਆਂ ਵਿੱਚ ਕਮਜ਼ੋਰੀ ਹੈ, ਉਨ੍ਹਾਂ ਲਈ ਵਾਧੂ ਸਮਾਂ ਦਿੱਤਾ ਜਾਵੇ। ਹਾਲਾਂਕਿ, ਰੋਜ਼ਾਨਾ ਅਧਿਐਨ ਦੌਰਾਨ ਰੁਚੀ ਵਾਲੇ ਵਿਸ਼ਿਆਂ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ, ਤਾਂ ਜੋ ਵਿਦਿਆਰਥੀ ਦਾ ਵਿਸ਼ਵਾਸ ਬਣਿਆ ਰਹੇ। ਇਸ ਤਰ੍ਹਾਂ ਆਤਮ-ਵਿਸ਼ਵਾਸ ਬਣੇ ਰਹਿਣ ਨਾਲ ਵਿਦਿਆਰਥੀ ਨੂੰ ਤਿਆਰੀ ਕਰਨ ਵਿੱਚ ਅਸਾਨੀ ਰਹਿੰਦੀ ਹੈ।
ਤੀਜਾ, ਨਿਯਮਤਤਾ ਅਤੇ ਅਨੁਸ਼ਾਸਨ ਵਿਦਿਆਰਥੀ ਦੀ ਤਿਆਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਰ ਦਿਨ ਇੱਕ ਸਮੇਂ 'ਤੇ ਪੜ੍ਹਾਈ ਕਰਨੀ ਅਤੇ ਸਵਾਲ-ਜਵਾਬ ਨੂੰ ਹੱਲ ਕਰਨ ਦੀ ਪ੍ਰਕਿਰਿਆ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਵਿਦਿਆਰਥੀ ਦੀ ਯਾਦਦਾਸ਼ਤ ਮਜ਼ਬੂਤ ਹੁੰਦੀ ਹੈ, ਸਗੋਂ ਉਸ ਦਾ ਮਨ ਵੀ ਪੜ੍ਹਾਈ ਵਿੱਚ ਲੱਗਾ ਰਹਿੰਦਾ ਹੈ। ਇਸਦੇ ਨਾਲ ਹੀ, ਨੋਟਸ ਬਣਾਉਣਾ ਪੜ੍ਹਾਈ ਦਾ ਮਹੱਤਵਪੂਰਨ ਹਿੱਸਾ ਹੈ। ਵਿਦਿਆਰਥੀਆਂ ਨੂੰ ਆਪਣੇ ਹਰੇਕ ਵਿਸ਼ੇ ਲਈ ਸੰਖੇਪ ਅਤੇ ਆਸਾਨ ਨੋਟਸ ਬਣਾਉਣੇ ਚਾਹੀਦੇ ਹਨ। ਇਹ ਨੋਟਸ ਵਿਦਿਆਰਥੀ ਨੂੰ ਅੰਤਿਮ ਸਮੇਂ 'ਤੇ ਅਸਾਨੀ ਨਾਲ ਦੁਹਰਾਈ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਇਸਦੇ ਨਾਲ-ਨਾਲ, ਪਹਿਲਾਂ ਪੜ੍ਹੇ ਗਏ ਵਿਸ਼ਿਆਂ ਨੂੰ ਵਾਰ-ਵਾਰ ਦੁਹਰਾਉਣ ਦੀ ਆਦਤ ਵੀ ਪੱਕੀ ਕਰਨੀ ਚਾਹੀਦੀ ਹੈ।
ਇਸਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਵਿਦਿਆਰਥੀ ਪੜ੍ਹਾਈ ਕਰਦਿਆਂ ਵਿਰਾਮ ਲੈਣ ਅਤੇ ਮਨ ਨੂੰ ਤਾਜ਼ਾ ਕਰਨ ਦਾ ਸਮਾਂ ਨਿਰਧਾਰਤ ਕਰਨ। ਲਗਾਤਾਰ ਪੜ੍ਹਾਈ ਨਾ ਸਿਰਫ ਮਨ ਨੂੰ ਥਕਾਵਟ ਦਿੰਦੀ ਹੈ ਸਗੋਂ ਇਸ ਨਾਲ ਯਾਦਦਾਸ਼ਤ ਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ। ਹਰ ਦੋ-ਤਿੰਨ ਘੰਟਿਆਂ ਬਾਅਦ ਛੋਟਾ ਜਿਹਾ ਵਿਰਾਮ ਲੈਣਾ ਮਨ ਨੂੰ ਤਾਜ਼ਾ ਕਰਦਾ ਹੈ ਅਤੇ ਪੜ੍ਹਾਈ ਵਿੱਚ ਨਵੀਂ ਤਾਜਗੀ ਭਰਦਾ ਹੈ। ਬੋਰਡ ਦੇ ਇਮਤਿਹਾਨਾਂ ਲਈ ਪ੍ਰੈਕਟਿਸ ਵੀ ਅਹਿਮ ਹੈ। ਵਿਦਿਆਰਥੀ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਅਤੇ ਮੌਕ ਟੈਸਟ ਦੇ ਜ਼ਰੀਏ ਆਪਣੀ ਤਿਆਰੀ ਨੂੰ ਜਾਂਚ ਸਕਦੇ ਹਨ। ਇਹ ਵਿਦਿਆਰਥੀ ਨੂੰ ਨਾ ਸਿਰਫ ਪੇਪਰ ਪੈਟਰਨ ਨਾਲ ਜਾਣੂ ਕਰਦਾ ਹੈ, ਸਗੋਂ ਸਮੇਂ ਨਾਲ ਪੇਪਰ ਹੱਲ ਕਰਨ ਦੀ ਸਮਝ ਵੀ ਦਿੰਦਾ ਹੈ। ਪ੍ਰੈਕਟਿਸ ਪੇਪਰਾਂ ਦੇ ਜਵਾਬ ਲਿਖਣ ਦੇ ਅਭਿਆਸ ਨਾਲ ਵਿਦਿਆਰਥੀ ਆਪਣੀ ਲਿਖਣ ਦੀ ਗਤੀ ਅਤੇ ਜਵਾਬ ਦੇਣ ਦੇ ਢੰਗ ਨੂੰ ਸੁਧਾਰ ਸਕਦਾ ਹੈ। ਇਸ ਦੇ ਨਾਲ, ਵਿਦਿਆਰਥੀਆਂ ਨੂੰ ਆਪਣੇ ਸਰੀਰਕ ਅਤੇ ਮਾਨਸਿਕ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਰੀਰਕ ਸਿਹਤ ਲਈ ਸਿਹਤਮੰਦ ਖੁਰਾਕ ਅਤੇ ਨਿਯਮਿਤ ਕਸਰਤ ਜਰੂਰੀ ਹੈ। ਮਾਨਸਿਕ ਸਿਹਤ ਲਈ ਮੈਡੀਟੇਸ਼ਨ ਅਤੇ ਪੋਜ਼ੀਟਿਵ ਸੋਚ ਜ਼ਰੂਰੀ ਹੈ। ਇੱਕ ਤੰਦਰੁਸਤ ਸਰੀਰ ਤੇ ਦਿਮਾਗ਼ ਵਿਦਿਆਰਥੀ ਨੂੰ ਜ਼ਿਆਦਾ ਸਮਰੱਥ ਬਣਾਉਂਦਾ ਹੈ।
ਅਧਿਆਪਕਾਂ ਅਤੇ ਮਾਪਿਆਂ ਦੀ ਸਹਾਇਤਾ ਵੀ ਬਹੁਤ ਮਹੱਤਵਪੂਰਨ ਹੈ। ਵਿਦਿਆਰਥੀਆਂ ਨੂੰ ਹਰ ਸਫਲਤਾ ਅਤੇ ਅਸਫਲਤਾ ਲਈ ਆਪਣੇ ਅਧਿਆਪਕਾਂ ਅਤੇ ਮਾਪਿਆਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਇਹ ਉਹਨਾਂ ਨੂੰ ਹੌਂਸਲਾ ਦਿੰਦੇ ਹਨ ਅਤੇ ਜ਼ਰੂਰੀ ਸਲਾਹਾਂ ਨਾਲ ਸਹਾਇਤਾ ਕਰਦੇ ਹਨ। ਇਸਦੇ ਨਾਲ ਹੀ ਵਿਦਿਆਰਥੀ ਨੂੰ ਖੁਦ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਆਪਣੇ ਮਕਸਦ ਤੇ ਫੋਕਸ ਅਤੇ ਸਖ਼ਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਸੱਚੀ ਲਗਨ ਅਤੇ ਸਹੀ ਯੋਜਨਾ ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹਰ ਇਮਤਿਹਾਨ ਵਿੱਚ ਸਫਲ ਹੋ ਸਕਦੇ ਹਨ। ਇਸ ਤਿਆਰੀ ਦੀ ਪ੍ਰਕਿਰਿਆ ਸਿਰਫ ਅੰਕਾਂ ਦੀ ਦੌੜ ਨਹੀਂ, ਸਗੋਂ ਜੀਵਨ ਦੀ ਸਿਖਲਾਈ ਦੇ ਸਫਰ ਦਾ ਹਿੱਸਾ ਹੈ।
ਅੰਤ ਵਿੱਚ, ਬੋਰਡ ਦੇ ਇਮਤਿਹਾਨਾਂ ਵਿੱਚ ਸਫਲਤਾ ਲਈ ਮਿਹਨਤ, ਰਣਨੀਤੀ, ਸਮਾਂ ਪ੍ਰਬੰਧਨ, ਅਤੇ ਨਿਯਮਤਤਾ ਸਭ ਤੋਂ ਮਹੱਤਵਪੂਰਨ ਹਨ। ਸਿਹਤਮੰਦ ਜੀਵਨਸ਼ੈਲੀ ਅਤੇ ਖੁਦ 'ਤੇ ਭਰੋਸਾ ਰੱਖਣ ਵਾਲੇ ਵਿਦਿਆਰਥੀ ਹਰ ਔਕੜ ਨੂੰ ਹੱਲ ਕਰ ਸਕਦੇ ਹਨ। ਬਸ ਜ਼ਰੂਰਤ ਤਾਂ ਸਿਰਫ ਲਗਾਤਾਰ ਮਿਹਨਤ ਅਤੇ ਸੱਚੇ ਸਮਰਪਣ ਦੀ ਹੈ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ