ਸਿੱਖਿਆ ਇਕ ਐਸਾ ਹਥਿਆਰ ਹੈ ਜੋ ਕਿਸੇ ਵੀ ਵਿਅਕਤੀ ਨੂੰ ਨਾ ਸਿਰਫ਼ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਲਈ ਯੋਗ ਬਣਾਉਂਦੀ ਹੈ, ਸਗੋਂ ਉਨ੍ਹਾਂ ਦੀ ਅੰਦਰਲੀ ਲੁਕੀ ਹੋਈ ਸਮਰਥਾ ਨੂੰ ਉਭਾਰ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੀ ਦਿੰਦੀ ਹੈ। ਵਿਦਿਆਰਥੀ ਜੀਵਨ ਉਹ ਸਮਾਂ ਹੁੰਦਾ ਹੈ ਜਦੋਂ ਇੱਕ ਨੌਜਵਾਨ ਦੇ ਮਨ ਵਿੱਚ ਅਨੇਕਾਂ ਸੁਪਨੇ ਉਤਪੰਨ ਹੁੰਦੇ ਹਨ, ਪਰ ਨਾਲ ਹੀ ਇਹ ਵੀ ਹਕੀਕਤ ਹੈ ਕਿ ਉਹਨਾਂ ਵਿੱਚੋਂ ਕਈ ਵਿਦਿਆਰਥੀਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਮਕਸਦ ਕੀ ਹੈ, ਉਨ੍ਹਾਂ ਦਾ ਟੀਚਾ ਕੀ ਹੋਣਾ ਚਾਹੀਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਕਿਹੜੇ ਰਾਹ 'ਤੇ ਲੈ ਜਾ ਰਹੇ ਹਨ। ਇਸ ਦੀ ਇਕ ਵੱਡੀ ਵਜ੍ਹਾ ਇਹ ਹੈ ਕਿ ਉਨ੍ਹਾਂ ਨੂੰ ਨਾ ਤਾਂ ਸਮੇਂ ਸਿਰ ਕੋਈ ਅਜਿਹੀ ਮੱਦਦ ਮਿਲਦੀ ਹੈ ਜੋ ਉਨ੍ਹਾਂ ਨੂੰ ਰਾਹ ਦਿਖਾਵੇ ਅਤੇ ਨਾ ਹੀ ਕੋਈ ਐਸਾ ਰੋਲ ਮਾਡਲ ਮਿਲਦਾ ਹੈ ਜਿਸ ਦੀ ਜ਼ਿੰਦਗੀ ਤੋਂ ਉਹ ਪ੍ਰੇਰਣਾ ਲੈ ਸਕਣ।
ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਜੋ “ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਸ਼ੁਰੂ ਕੀਤਾ ਗਿਆ ਹੈ, ਉਹ ਸੱਚਮੁੱਚ ਹੀ ਸ਼ਲਾਘਾਯੋਗ ਅਤੇ ਕਾਬਿਲ-ਏ-ਤਾਰੀਫ਼ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਪਾਠਕ੍ਰਮਕ ਗਿਆਨ ਤੱਕ ਸੀਮਤ ਨਹੀਂ ਰੱਖਦਾ, ਸਗੋਂ ਉਨ੍ਹਾਂ ਦੇ ਅੰਦਰ ਸੁਪਨੇ ਦੇਖਣ, ਉਹਨਾਂ ਨੂੰ ਹਕੀਕਤ ਬਣਾਉਣ ਅਤੇ ਆਪਣੀ ਆਤਮ-ਵਿਸ਼ਵਾਸੀ ਯਾਤਰਾ ਸ਼ੁਰੂ ਕਰਨ ਦੀ ਪ੍ਰੇਰਣਾ ਦਿੰਦਾ ਹੈ। “ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਦੇ ਤਹਿਤ ਪੰਜਾਬ ਦੇ ਆਈਏਐਸ, ਆਈਪੀਐਸ ਅਤੇ ਹੋਰ ਉੱਚ ਪੱਧਰੀ ਅਧਿਕਾਰੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਦੇ ਹਨ। ਉਹ ਆਪਣੇ ਤਜਰਬਿਆਂ, ਸੰਘਰਸ਼ਾਂ ਅਤੇ ਕਾਮਯਾਬੀ ਦੀ ਕਹਾਣੀ ਵਿਦਿਆਰਥੀਆਂ ਨਾਲ ਸਾਂਝੀ ਕਰਦੇ ਹਨ। ਇਹ ਵਿਦਿਆਰਥੀਆਂ ਲਈ ਨਾ ਸਿਰਫ਼ ਉਤਸ਼ਾਹਕਾਰੀ ਹੁੰਦੀ ਹੈ, ਸਗੋਂ ਉਨ੍ਹਾਂ ਲਈ ਇੱਕ ਐਸਾ ਮੌਕਾ ਹੁੰਦਾ ਹੈ ਜੋ ਆਮ ਤੌਰ 'ਤੇ ਉਨ੍ਹਾਂ ਨੂੰ ਕਦੇ ਨਹੀਂ ਮਿਲਦਾ।

ਇੱਕ ਆਮ ਘਰ ਦੇ ਵਿਦਿਆਰਥੀ ਲਈ ਉੱਚ ਅਹੁਦਿਆਂ ਤੇ ਬੈਠੇ ਅਫਸਰਾਂ ਨਾਲ ਮਿਲਣਾ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਜਾਨਣਾ ਇੱਕ ਸੁਪਨੇ ਵਰਗੀ ਗੱਲ ਹੁੰਦੀ ਹੈ। ਇਸ ਯਤਨ ਰਾਹੀਂ ਵਿਦਿਆਰਥੀ ਨਾ ਸਿਰਫ਼ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਦਿਲਚਸਪੀ ਕਿਸ ਖੇਤਰ ਵਿੱਚ ਹੋ ਸਕਦੀ ਹੈ, ਸਗੋਂ ਇਹ ਵੀ ਸਿੱਖਦੇ ਹਨ ਕਿ ਆਪਣੇ ਮਨ-ਚਾਹੇ ਖੇਤਰ ਵਿੱਚ ਕਿਵੇਂ ਅੱਗੇ ਵਧਣਾ ਹੈ। ਇਹ ਅਧਿਕਾਰੀ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਗਰੀਬੀ, ਰੁਕਾਵਟਾਂ, ਸਮਾਜਿਕ ਦਬਾਵਾਂ ਜਾਂ ਹੋਰ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨੇ ਪੂਰੇ ਕੀਤੇ। ਇਹ ਸੁਣ ਕੇ ਵਿਦਿਆਰਥੀਆਂ ਦੇ ਅੰਦਰ ਇੱਕ ਨਵੀਂ ਜਾਗਰੁਕਤਾ ਪੈਦਾ ਹੁੰਦੀ ਹੈ, ਉਹ ਆਪਣੇ ਆਪ ਨੂੰ ਉਹਨਾਂ ਅਧਿਕਾਰੀਆਂ ਦੀ ਜਗ੍ਹਾ ਤੇ ਸੋਚਦੇ ਹਨ, ਅਤੇ ਆਪਣੀ ਜ਼ਿੰਦਗੀ ਬਾਰੇ ਨਵੀਂ ਦਿਸ਼ਾ ਵਿੱਚ ਸੋਚਣਾ ਸ਼ੁਰੂ ਕਰਦੇ ਹਨ।
“ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਸਿਰਫ਼ ਪ੍ਰੇਰਣਾ ਹੀ ਨਹੀਂ ਦਿੰਦਾ, ਇਹ ਵਿਦਿਆਰਥੀਆਂ ਨੂੰ ਜੀਵਨ ਦੇ ਮੌਜੂਦਾ ਅਤੇ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਦਾ ਹੈ। ਅਜਿਹੀ ਪ੍ਰਕਿਰਿਆ ਵਿੱਚ ਉਹ ਸਿੱਖਦੇ ਹਨ ਕਿ ਅਨੁਸ਼ਾਸਨ, ਸਮੇਂ ਦੀ ਕਦਰ, ਮੁਸ਼ਕਿਲ ਹਲਾਤਾਂ ਵਿੱਚ ਵੀ ਅਡਿੱਗ ਰਹਿਣਾ ਅਤੇ ਸਮਝਦਾਰੀ ਨਾਲ ਫੈਸਲੇ ਲੈਣਾ ਕਿਵੇਂ ਜ਼ਿੰਦਗੀ ਨੂੰ ਸੁਧਾਰ ਸਕਦੇ ਹਨ। ਇਹ ਵੀ ਮਹੱਤਵਪੂਰਨ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਿਰਫ਼ ਇਹ ਪ੍ਰੋਗਰਾਮ ਚਲਾਇਆ ਹੀ ਨਹੀਂ, ਸਗੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਕਾਫੀ ਉੱਤੇ ਚੱਕਿਆ ਹੈ। ਡਿਜੀਟਲ ਕਲਾਸਰੂਮ, ਇੰਟਰੈਕਟਿਵ ਪੈਨਲ, ਵਧੀਆ ਇਮਾਰਤਾਂ, ਖੇਡਾਂ ਦੀਆਂ ਸਹੂਲਤਾਂ, ਸਫਾਈ ਅਤੇ ਸੁਰੱਖਿਆ ਸੰਬੰਧੀ ਵਧੀਆ ਪ੍ਰਬੰਧ - ਇਹ ਸਭ ਕੁਝ ਵਿਦਿਆਰਥੀਆਂ ਲਈ ਸਿੱਖਣ ਦੇ ਮਾਹੌਲ ਨੂੰ ਸੁਧਾਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਏ ਹਨ।
“ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਇੱਕ ਮਨੋਵਿਗਿਆਨਿਕ ਪੱਖੋਂ ਵੀ ਵਿਦਿਆਰਥੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਜਦੋਂ ਇੱਕ ਵਿਦਿਆਰਥੀ ਆਪਣੇ ਵਰਗੇ ਪਿਛੋਕੜ ਵਾਲੇ ਕਿਸੇ ਅਫਸਰ ਦੀ ਕਹਾਣੀ ਸੁਣਦਾ ਹੈ, ਤਾਂ ਉਸ ਦੇ ਅੰਦਰੋਂ ‘ਮੈਂ ਵੀ ਕਰ ਸਕਦਾ ਹਾਂ’ ਵਾਲਾ ਭਾਵ ਪੈਦਾ ਹੁੰਦਾ ਹੈ। ਇਹ ਭਾਵ ਉਸ ਦਾ ਆਤਮ-ਵਿਸ਼ਵਾਸੀ ਪ੍ਰਗਟਾਵਾ ਹੈ ਜੋ ਕਈ ਵਾਰੀ ਪਾਠਕ੍ਰਮ ਕਿਤਾਬਾਂ ਨਹੀਂ ਦੇ ਸਕਦੀਆਂ। ਇਸ ਪ੍ਰੋਗਰਾਮ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਸਿਰਫ਼ ਵਿਦਿਆਰਥੀਆਂ ਲਈ ਨਹੀਂ, ਸਗੋਂ ਅਧਿਆਪਕਾਂ ਲਈ ਵੀ ਇੱਕ ਨਵਾਂ ਅਨੁਭਵ ਹੈ। ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਵੇਖਦੇ ਹਨ, ਉਹਨਾਂ ਵਿੱਚ ਵੀ ਇੱਕ ਨਵੀਂ ਉਤਸ਼ਾਹਨਾ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਪਾਠ ਹੋਰ ਜੋਸ਼ ਨਾਲ ਪੜ੍ਹਾਉਣ ਲਈ ਤਿਆਰ ਹੋ ਜਾਂਦੇ ਹਨ।
“ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਦੇ ਲਾਭ ਲੰਬੇ ਸਮੇਂ ਤੱਕ ਦੇਖਣ ਨੂੰ ਮਿਲਣਗੇ। ਜਿਵੇਂ ਜਿਵੇਂ ਵਿਦਿਆਰਥੀਆਂ ਦੀ ਸੋਚ ਵਧੇਗੀ, ਉਨ੍ਹਾਂ ਦੇ ਸੁਪਨੇ ਵਧਣਗੇ, ਉਨ੍ਹਾਂ ਦੀ ਮਿਹਨਤ ਵਿੱਚ ਨਿਖਾਰ ਆਵੇਗਾ ਅਤੇ ਇਹ ਸਾਰੇ ਤੱਤ ਉਨ੍ਹਾਂ ਨੂੰ ਇਕ ਦਿਨ ਆਪਣੇ ਟੀਚਿਆਂ ਤੱਕ ਲੈ ਜਾਣਗੇ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਾ ਸਿਰਫ਼ ਨੌਕਰੀਯੋਗ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਸਗੋਂ ਉਨ੍ਹਾਂ ਨੂੰ ਸਮਾਜ ਦੇ ਇਮਾਨਦਾਰ, ਉੱਤਮ ਅਤੇ ਜਿੰਮੇਵਾਰ ਨਾਗਰਿਕ ਬਣਾਉਣ ਦੀ ਰਾਹਦਾਰੀ ਵੀ ਦਿੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹਰੇਕ ਸਕੂਲ, ਹਰੇਕ ਵਿਦਿਆਰਥੀ, ਹਰੇਕ ਅਧਿਆਪਕ ਇਸ ਉਪਰਾਲੇ ਦਾ ਭਰਪੂਰ ਲਾਭ ਲੈਣ ਦੀ ਕੋਸ਼ਿਸ਼ ਕਰੇ। ਪੰਜਾਬ ਸਰਕਾਰ ਨੇ ਜੋ ਬੀਜ ਬੀਜਿਆ ਹੈ, ਉਸ ਨੂੰ ਸੰਜੋਗ ਅਤੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਹ ਸਫਲ ਤੇ ਸ਼ਾਨਦਾਰ ਰੁੱਖ ਬਣ ਸਕੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਗਰਾਮ ਹੋਰ ਵੀ ਵਿਸਥਾਰ ਪਾਏਗਾ, ਇਸ ਵਿੱਚ ਹੋਰ ਵਿਅਕਤੀਆਂ ਨੂੰ ਸ਼ਾਮਿਲ ਕਰੇਗਾ ਅਤੇ ਹੋਰ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਚਮਕ ਲਿਆਵੇਗਾ।
ਇਸ ਲਈ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਵਧਾਈ ਦੇ ਪਾਤਰ ਹਨ ਜੋ ਸਕੂਲ ਸਿੱਖਿਆ ਨੂੰ ਮਾਤਰ ਅੰਕਾਂ ਦੀ ਦੌੜ ਨਹੀਂ, ਸਗੋਂ ਜੀਵਨ ਦੀ ਦਿਸ਼ਾ ਦਿਖਾਉਣ ਵਾਲੀ ਪ੍ਰਕਿਰਿਆ ਬਣਾ ਰਹੇ ਹਨ। ਉਮੀਦ ਹੈ ਕਿ ਇਹ ਯਤਨ ਲਗਾਤਾਰ ਜਾਰੀ ਰਹੇਗਾ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਨਵੀਂ ਉਚਾਈ ਤੱਕ ਲਿਜਾਏਗਾ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ