ਕਿਹਾ ਮੁਲਾਜ਼ਮਾਂ ਦੇੇ ਹੱਕਾਂ ਲਈ ਛੁੱਟੀ ਵਾਲੇ ਦਿਨ ਵੀ ਕੰਮ ਕਰਾਂਗੇ
ਪਟਿਆਲਾ : ਚੇਅਰਮੈਨ ਹਡਾਣਾ ਅਤੇ ਮੈਨੇਜਿੰਗ ਡਾਇਰੈਕਟਰ ਪੀਆਰਟੀਸੀ ਬਿਕਰਮਜੀਤ ਸਿੰਘ ਸੇਰਗਿੱਲ ਵੱਲੋਂ ਪੀਆਰਟੀਸੀ ਦੇ ਮੁੱਖ ਦਫਤਰ ਵਿਖੇ ਐਤਵਾਰ ਛੁੱਟੀ ਵਾਲੇ ਦਿਨ ਅਚਨਚੇਤ ਅਫਸਰਾਂ ਅਤੇ ਮਹਿਕਮੇਂ ਦੀਆਂ ਯੂਨੀਅਨਾਂ ਨੂੰ ਖਾਸ ਸੱਦੇ ਤੇ ਬੁਲਾ ਕੇ ਸਮੂਹ ਯੂਨੀਅਨਾਂ ਨਾਲ ਉਹਨਾਂ ਵੱਲੋਂ ਵੱਖ ਵੱਖ ਸਮੇਂ ਤੇ ਉਠਾਈਆਂ ਜਾ ਰਹੀਆਂ ਮੰਗਾਂ ਦੇ ਨਿਪਟਾਰੇ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਪੀਆਰਟੀਸੀ ਦੀ ਯੂਨੀਅਨਾ ਵੱਲੋਂ ਸਾਲ 2004 ਤੋਂ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੈਗੂਲਰ ਕੀਤੇ ਗਏ ਕਰਮਚਾਰੀਆਂ ਨੂੰ ਪੀਆਰਟੀਸੀ 1992 ਪੈਨਸ਼ਨ ਸਕੀਮ ਅਧੀਨ ਪੈਨਸ਼ਨ ਸਕੀਮ ਦਾ ਮੈਂਬਰ ਬਨਾਉਣ ਸਬੰਧੀ ਉਠਾਈ ਜਾ ਰਹੀ ਮੰਗ ਨੂੰ ਪਹਿਲ ਦੇ ਆਧਾਰ ਤੇ ਪ੍ਰਵਾਨ ਕਰ ਦਿੱਤਾ ਗਿਆ ਹੈ।
ਗੈਰ ਰਸਮੀ ਗੱਲਬਾਤ ਦੌਰਾਨ ਚੇਅਰਮੈਨ ਹਡਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਯੂਨੀਅਨ ਵੱਲੋਂ ਕਾਫੀ ਸਮੇਂ ਤੋਂ ਇਹ ਮੰਗ ਉਠਾਈ ਜਾ ਰਹੀ ਸੀ ਕਿ ਜਿਹੜੇ ਬਾਹਰੀ ਸੰਸਥਾ ਜਾਂ ਸਿੱਧਾ ਠੇਕਾ ਕਰਮਚਾਰੀਆਂ ਨੂੰ ਗਬਨ ਜਾਂ ਗੈਰ ਹਾਜਰ ਹੋਣ ਸਬੰਧੀ ਕੇਸਾਂ ਵਿੱਚ ਨੌਕਰੀ ਤੋਂ ਬਾਹਰ ਕੀਤਾ ਜਾਂਦਾ ਹੈ ਨੂੰ ਉਨ੍ਹਾਂ ਉਜਰਤਾਂ ਤੇ ਹੀ ਬਹਾਲ ਕੀਤਾ ਜਾਵੇ ਜਿਨ੍ਹਾਂ ਤੇ ਉਹਨਾਂ ਦੀਆਂ ਸੇਵਾਵਾ ਵਾਪਿਸ ਕੀਤੀਆ ਗਈਆਂ ਸਨ, ਸੰਬੰਧੀ ਮੰਗ ਨੂੰ ਵੀ ਪ੍ਰਵਾਨ ਕਰਦੇ ਹੋਏ ਇਸ ਤੇ ਜਲਦ ਕਾਰਵਾਈ ਕਰਨ ਦਾ ਆਸਵਾਸਨ ਦਿੱਤਾ ਗਿਆ। ਆਮ ਜਨਤਾ ਦੀ ਸਫਰ ਸਹੂਲਤ ਦੇ ਮੱਦੇ ਨਜਰ ਪੀਆਰਟੀਸੀ ਦੇ ਬੇੜੇ ਵਿੱਚ ਆਪਣੀ ਮਾਲਕੀ ਵਾਲੀਆ 450 ਸਾਧਾਰਨ ਬੱਸਾਂ ਅਤੇ 100 ਮਿੰਨੀ ਬੱਸਾਂ ਪਾਉਣ ਸਬੰਧੀ ਚੱਲ ਰਹੀ ਕਾਰਵਾਈ ਤੋਂ ਵੀ ਯੂਨੀਅਨਾਂ ਨੂੰ ਜਾਣੂ ਕਰਵਾਇਆ ਗਿਆ।
ਹੋਰ ਬੋਲਦਿਆ ਹਡਾਣਾ ਨੇ ਕਿਹਾ ਕਿ ਇਹਨਾਂ ਯੂਨੀਅਨ ਵੱਲੋਂ ਹੋਰ ਉਠਾਈਆਂ ਗਈਆ ਮੰਗਾ ਜਿਵੇ ਪੀ ਆਰ ਟੀ ਸੀ ਦੇ ਰੈਗੂਲਰ ਮੁਲਾਜ਼ਮਾਂ ਨੂੰ ਨਿਊ ਪੈਨਸ਼ਨ ਸਕੀਮ ਅਧੀਨ ਲੈ ਕੇ ਆਉਣਾ, ਐਲ ਟੀ ਸੀ ਲਾਗੂ ਕਰਨ ਸੰਬੰਧੀ, ਪੰਜਾਬ ਸਰਕਾਰ ਕੋਲ ਖੜੇ ਬਕਾਇਆ ਨੂੰ ਰੀਲੀਜ਼ ਕਰਵਾਉਣਾ, ਪੇਅ ਕਮਿਸ਼ਨ ਦੇ ਏਰੀਅਰ ਨੂੰ ਜਲਦ ਰੀਲੀਜ਼ ਕਰਵਾਉਣ ਸੰਬੰਧੀ, ਕੰਟਰੈਕਟ ਮੁਲਾਜ਼ਮਾਂ ਵਿੱਚ ਇਕਸਾਰਤਾ ਤਨਖਾਹ, ਸੈਂਟਰ ਫਲਾਇੰਗ ਨੂੰ ਵਿਸ਼ੇਸ਼ ਭੱਤਾ ਦੇਣ ਸੰਬੰਧੀ, ਐਡਵਾਸ ਬੁੱਕਰਾਂ ਦੀ ਕਮਿਸ਼ਨ ਵਿਚ ਵਾਧਾ ਕਰਨ ਆਦਿ ਸੰਬੰਧੀ ਯੋਗ ਕਦਮ ਚੁੱਕਣ ਦਾ ਵਿਸ਼ਵਾਸ਼ ਦਵਾਇਆ। ਇਸ ਤੋਂ ਇਲਾਵਾ ਔਰਤਾ ਨੂੰ ਮੁਫ਼ਤ ਸਫਰ ਸਹੂਲਤ ਦੇ ਇਵਜ ਵਜੋਂ ਸਰਕਾਰ ਵੱਲ ਪੈਡਿੰਗ ਬਕਾਏ ਨੂੰ ਲਿਆਉਣ ਅਤੇ ਸੇਵਾ ਨਿਵਰਿਤ ਕਾਮਿਆਂ ਨੂੰ ਉਹਨਾਂ ਦੇ ਬਣਦੇ ਲਾਭਾ ਦੀਆਂ ਅਦਾਇਗੀਆਂ ਸਬੰਧੀ ਵਿਚਾਰਨ ਲਈ ਆਸਵਾਸਨ ਵੀ ਦਿੱਤਾ ਗਿਆ।
ਮੀਟਿੰਗ ਦੌਰਾਨ ਮਨਿੰਦਰਪਾਲ ਸਿੰਘ ਸਿੱਧੂ ਜਨਰਲ ਮੈਨੇਜਰ ਪ੍ਰਸਾਸ਼ਨ ਕਮ ਸੀਨੀਅਰ ਕਾਨੂੰਨੀ ਸਲਾਹਕਾਰ, ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ ਸਿਵਲ ਸੈੱਲ, ਸ੍ਰੀ ਅਮਨਵੀਰ ਸਿੰਘ ਟਿਵਾਣਾ ਜਨਰਲ ਮੈਨੇਜਰ ਓਪਰੇਸਨ, ਰਿਕਲ ਗੋਇਲ ਏਸੀਐਫਏ ਤੋਂ ਇਲਾਵਾ ਯੂਨੀਅਨ ਦੀ ਐਕਸ਼ਨ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਮਨਜਿੰਦਰ ਕੁਮਾਰ ਬੱਬੂ ਜਨਰਲ ਸਕੱਤਰ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ, ਹਰਪ੍ਰੀਤ ਸਿੰਘ ਖੱਟੜਾ ਪ੍ਰਧਾਨ ਕਰਮਚਾਰੀ ਦੱਲ, ਬਲਦੇਵ ਰਾਜ ਬੱਤਾ ਇੰਟਕ, ਜਗਤਾਰ ਸਿੰਘ ਸੂਬਾ ਜੁਆਇੰਟ ਸਕੱਤਰ ਯੂਨੀਅਨ 25/11 ਸਮੇਤ ਹੋਰ ਵੱਖ ਵੱਖ ਯੂਨੀਅਨਾਂ ਦੇ ਨੁਮਾਇੰਦੇ ਵੀ ਹਾਜਰ ਸਨ।