Wednesday, April 16, 2025

Malwa

ਸੁਨਾਮ ਵਿਖੇ ਐਸ.ਡੀ.ਐਮ ਵੱਲੋਂ ਦਫ਼ਤਰਾਂ ਦਾ ਅਚਨਚੇਤ ਦੌਰਾ

February 24, 2025 03:25 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸਰਕਾਰੀ ਦਫ਼ਤਰਾਂ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਸੋਮਵਾਰ ਨੂੰ ਐਸ.ਡੀ.ਐਮ ਪ੍ਰਮੋਦ ਸਿੰਗਲਾ ਨੇ ਤਹਿਸੀਲ ਕੰਪਲੈਕਸ, ਸੇਵਾ ਕੇਂਦਰਾਂ ਅਤੇ ਨਗਰ ਕੌਂਸਲ ਦਫਤਰ ਦਾ ਅਚਨਚੇਤ ਦੌਰਾ ਕਰਕੇ ਉਥੇ ਕੰਮਕਾਰ ਕਰਵਾਉਣ ਲਈ ਪੁੱਜੇ ਹੋਏ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨਾਗਰਿਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਹਨਾਂ ਕੋਲੋਂ ਸਰਕਾਰੀ ਫੀਸ ਤੋਂ ਇਲਾਵਾ ਕਿਸੇ ਵੀ ਹੋਰ ਤਰੀਕੇ ਨਾਲ ਰਾਸ਼ੀ ਦੀ ਮੰਗ ਕਰਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਉਨ੍ਹਾਂ ਨੂੰ ਜਾਂ ਵਿਜੀਲੈਂਸ ਦੇ ਭ੍ਰਿਸ਼ਟਾਚਾਰ ਰੋਕੂ ਟੋਲ ਫਰੀ ਨੰਬਰ ਉੱਤੇ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸਬੰਧੀ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਨਾਗਰਿਕਾਂ ਨੂੰ ਬਿਨਾਂ ਵਜ੍ਹਾ ਖੱਜਲ ਖੁਆਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਫਿਰ ਵੀ ਜੇਕਰ ਸਬ ਡਵੀਜ਼ਨ ਸੁਨਾਮ ਅਧੀਨ ਕਿਸੇ ਵੀ ਵਿਭਾਗ ਵਿੱਚ ਨਾਗਰਿਕਾਂ ਦੇ ਕੰਮ ਨੂੰ ਪੂਰਾ ਕਰਨ ਵਿੱਚ ਟਾਲ ਮਟੋਲ ਵਾਲਾ ਰਵਈਆ ਅਪਣਾਇਆ ਜਾਂਦਾ ਹੈ ਤਾਂ ਨਾਗਰਿਕ ਤੁਰੰਤ ਅਜਿਹੇ ਮਾਮਲੇ ਉਹਨਾਂ ਦੇ ਧਿਆਨ ਵਿੱਚ ਲਿਆਉਣ।
ਐਸਡੀਐਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਕੀਤੀ ਗਈ ਗੱਲਬਾਤ ਦੌਰਾਨ ਲੋਕਾਂ ਨੇ ਸਰਕਾਰੀ ਕੰਮਕਾਜ ਦੇ ਸੁਚਾਰੂ ਹੋਣ ਪ੍ਰਤੀ ਹਾਂ ਪੱਖੀ ਹੁੰਗਾਰਾ ਦਿੱਤਾ। ਉਹਨਾਂ ਇਹ ਵੀ ਦੱਸਿਆ ਕਿ ਉਹ ਸਮੇਂ ਸਮੇਂ ਤੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਅਚਨਚੇਤ ਦੌਰੇ ਕਰਦੇ ਰਹਿਣਗੇ।

Have something to say? Post your comment