ਨਵੀਂ ਦਿੱਲੀ : ਬੀਤੇ ਚੌਵੀ ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ। ਪਿਛਲੇ ਮਹੀਨੇ ਤੋਂ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਚਲਦਿਆਂ ਸੋਮਵਾਰ ਨੂੰ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2 ਲੱਖ ਤੋਂ ਹੇਠਾਂ ਸੀ। ਜਦਕਿ ਬੀਤੇ ਚੌਵੀ ਘੰਟਿਆਂ ਵਿਚ 2 ਲੱਖ 8 ਹਜ਼ਾਰ 714 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਰੀਜ਼ ਠੀਕ ਵੀ ਹੋ ਰਹੇ ਹਨ ਜਿਨ੍ਹਾਂ ਦੇ ਅੰਕੜਾ 2 ਲੱਖ 95 ਹਜ਼ਾਰ 85 ਹੈ। ਜਿਥੇ ਇੰਨੀ ਵੱਡੀ ਗਿਣਤੀ ਵਿਚ ਲੋਕ ਠੀਕ ਹੋ ਰਹੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਨੇ ਚਿੰਤਾ ਵਧਾ ਦਿਤੀ ਹੈ। ਬੀਤੇ ਚੌਵੀ ਘੰਟਿਆਂ ਦੌਰਾਨ 4,159 ਲੋਕਾਂ ਨੇ ਇਸ ਨਾਮੁਰਾਦ ਬੀਮਾਰੀ ਕਾਰਨ ਆਪਣੀ ਜਾਨ ਗਵਾਈ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਭਾਵੇਂ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਉਥੋਂ ਦੀਆਂ ਸਰਕਾਰਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ 4798 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6451 ਹੈ। ਜਦਕਿ ਪਿਛਲੇ ਮਹੀਨੇ ਇਹ ਅੰਕੜਾ ਉਲਟ ਹੁੰਦਾ ਸੀ ਪਾਜ਼ੇਟਿਵ ਮਾਮਲੇ ਜ਼ਿਆਦਾ ਹੁੰਦੇ ਸਨ ਅਤੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਸੀ। ਸੱਭ ਤੋਂ ਦੁੱਖ ਭਰੀ ਖ਼ਬਰ ਇਹ ਹੈ ਕਿ ਪੰਜਾਬ ਵਿਚ ਮੌਤਾਂ ਦਾ ਅੰਕੜਾ ਨਹੀਂ ਘੱਟ ਰਿਹਾ। ਜੇਕਰ ਬੀਤੇ ਚੌਵੀ ਘੰਟਿਆਂ ਦੀ ਰਿਪੋਰਟ ’ਤੇ ਨਜ਼ਰ ਮਾਰੀ ਜਾਵੇ ਪੰਜਾਬ ਵਿਚ 176 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ ਜੋਕਿ ਆਪਣੇ ਆਪ ਵਿੱਚ ਇਕ ਚਿੰਤਾ ਦਾ ਵਿਸ਼ਾ ਹੈ।