ਨਵੀਂ ਦਿੱਲੀ : ਦੇਸ਼ ਵਿਚ ਜੋ ਅੱਜ ਕੋਰੋਨਾ ਦੀ ਸਥਿਤੀ ਹੈ ਇਸ ਲਈ ਜਿੰਮੇਵਾਰ ਕੌਣ ਹੈ। ਇਕ ਰਾਏ ਅਨੁਸਾਰ ਪਿਛਲੇ ਸਾਲ ਜਦੋਂ ਕੋਰੋਨਾ ਦੇ ਮਾਮਲੇ ਘਟੇ ਸਨ ਤਾਂ ਸਰਕਾਰ ਨੇ ਫ਼ਟਾਫਟ ਤਾਲਾਬੰਦੀ ਖ਼ਤਮ ਕਰ ਦਿਤੀ ਸੀ, ਮਾਹਰਾਂ ਦੀ ਰਾਏ ਅਨੁਸਾਰ ਸਰਕਾਰ ਨੂੰ ਐਨੀ ਛੇਤੀ ਫ਼ੈਸਲਾ ਨਹੀਂ ਸੀ ਲੈਣਾ ਚਾਹੀਦਾ। ਜੇਕਰ ਲਾਕਡਾਉਨ ਨੂੰ ਅਨਲੌਕ ਕਰਨਾ ਹੀ ਸੀ ਤਾਂ ਹੌਲੀ ਹੌਲੀ ਕਰਨਾ ਚਾਹੀਦਾ ਸੀ। ਪਰ ਹੁਣ ਘੱਟ ਹੁੰਦੇ Corona ਮਾਮਲਿਆਂ ਵਿਚਕਾਰ ਹੁਣ ਇੱਕ ਜੂਨ ਤੋਂ ਮੱਧ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ ਸਮੇਤ ਕਈ ਰਾਜ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ ਪੱਛਮੀ ਬੰਗਾਲ ਵਰਗੇ ਕੁਝ ਸੂਬਿਆਂ ਨੇ ਪਾਬੰਦੀਆਂ ਦੀ ਸਮੇਂ ਸੀਮਾ ਵਧਾ ਦਿੱਤੀ ਹੈ। ਭਾਰਤ ਵਿੱਚ ਕੋਰੋਨਾ ਦੀ ਦੂਜੀ ਘਾਤਕ ਲਹਿਰ ਇਸ ਗੱਲ ਦਾ ਨਤੀਜਾ ਹੈ ਕਿ ਪਹਿਲੀ ਲਹਿਰ ਤੋਂ ਬਾਅਦ ਸਰਕਾਰ ਨੇ ਮੰਨ ਲਿਆ ਸੀ ਕਿ ਉਹ ਕੋਰੋਨਾ ਤੋਂ ਜਿੱਤ ਚੁੱਕੇ ਹਨ। ਇਸ ਕਰ ਕੇ ਬਿਨਾਂ ਸੋਚੇ ਸਮਝੇ ਸਮੇਂ ਤੋਂ ਪਹਿਲਾਂ ਹੀ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ, ਪਰ ਦੂਜੀ ਲਹਿਰ ਪਹਿਲੀ ਲਹਿਰ ਦੇ ਮੁਕਾਬਲੇ ਜ਼ਿਆਦਾ ਭਿਆਨਕ ਨਿਕਲੀ।
ਮਈ ਦੇ ਦੂਜੇ ਹਫ਼ਤੇ ਵਿੱਚ ਅਮਰੀਕਾ ਦੇ ਉੱਘੇ ਵਾਇਰਸ ਰੋਗ ਮਾਹਿਰ ਐਂਥਨੀ ਫਾਊਚੀ ਨੇ ਸੀਨੇਟ ਦੀ ਹੈਲਥ-ਐਜੂਕੇਸ਼ਨ ਕਮੇਟੀ ਦੇ ਸਾਹਮਣੇ ਦਿੱਤੇ ਆਪਣੇ ਬਿਆਨ ਵਿੱਚ ਇਹ ਗੱਲ ਕਹੀ ਸੀ। ਅਜਿਹੇ ਵਿੱਚ ਇਸ ਵਾਰ ਵੀ ਪਿਛਲੀ ਵਾਰ ਵਾਲੀ ਗ਼ਲਤੀ ਨਾ ਦੁਹਰਾਈ ਜਾਵੇ, ਸੂਬਾ ਸਰਕਾਰਾਂ ਨੂੰ ਇਸ ਦਾ ਬਹੁਤ ਖ਼ਿਆਲ ਰੱਖਣਾ ਹੋਵੇਗਾ।
ਪਰ ਇਹ ਵੀ ਸੱਚ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲੀ ਲਹਿਰ ਤੋਂ ਵੱਖ ਹੈ। ਪਹਿਲੀ ਲਹਿਰ ਤੋਂ ਬਾਅਦ unlock ਪ੍ਰਕਿਰਿਆ ਦਾ ਅਸਰ ਕੁਝ ਮਹੀਨੇ ਤੱਕ ਰਿਹਾ। ਫਰਵਰੀ ਤੱਕ ਮਾਮਲਿਆਂ ਵਿੱਚ ਕਮੀ ਵੀ ਦੇਖਣ ਨੂੰ ਮਿਲੀ। ਹੋਰ ਮਾਹਰਾਂ ਦੀ ਸੁਣੀਏ ਤਾਂ ਭਾਰਤ ਵਿੱਚ ਪਹਿਲੀ ਲਹਿਰ ਤੋਂ ਬਾਅਦ unlock ਦੀ ਪ੍ਰਕਿਰਿਆ ਪਿਛਲੇ ਸਾਲ ਜੂਨ-ਜੁਲਾਈ ਵਿੱਚ ਸ਼ੁਰੂ ਹੋਈ ਸੀ, ਪਰ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਮੁੜ ਤੇਜ਼ੀ ਫਰਵਰੀ ਤੋਂ ਬਾਅਦ ਦੇਖਣ ਨੂੰ ਮਿਲੀ। ਜੇਕਰ ਭਾਰਤ ਵਿੱਚ ਨਵਾਂ ਵੇਰੀਐਂਟ ਨਹੀਂ ਆਉਂਦਾ ਤਾਂ ਸਥਿਤੀ ਥੋੜ੍ਹੀ ਵੱਖ ਹੁੰਦੀ। ਨਵਾਂ ਵੇਰੀਐਂਟ ਇੰਨਾ ਜ਼ਿਆਦਾ ਭਿਆਨਕ ਹੋਵੇਗਾ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਹਾਲਾਂਕਿ ਇਹ ਗੱਲ ਵੀ ਸਹੀ ਹੈ ਕਿ ਪਿਛਲੀ ਲਹਿਰ ਦੀ ਤੁਲਨਾ ਵਿੱਚ ਇਸ ਵਾਰ ਹਾਲਾਤ ਬਿਲਕੁਲ ਵੱਖ ਹਨ। ਇਸ ਵਾਰ ਰਾਸ਼ਟਰੀ ਪੱਧਰ ਦੇ ਲੌਕਡਾਊਨ ਦਾ ਐਲਾਨ ਨਹੀਂ ਹੋਇਆ ਸੀ।