ਕੁੱਝ ਥਾਵਾਂ 'ਤੇ ਹੋਈ ਗਰਮਾ ਗਰਮੀ; ਪੁਲਿਸ ਬਣੀ ਮੂਕ ਦਰਸ਼ਕ
ਹੁਸ਼ਿਆਰਪੁਰ : ਪਹਿਲਗਾਮ ਦੇ ਅੱਤਵਾਦੀ ਹਮਲੇ ਵਿੱਚ ਨਿਰਦੋਸ਼ ਟੂਰਿਸਟਾਂ ਦੇ ਮਾਰੇ ਜਾਣ ਦੇ ਰੋਸ ਵੱਜੋਂ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਅਚਾਨਕ ਦਿੱਤੀ ਗਈ ਹੁਸ਼ਿਆਰਪੁਰ ਬੰਦ ਦੀ ਕਾਲ ਦੇ ਮੱਦੇ ਨਜ਼ਰ ਹੁਸ਼ਿਆਰਪੁਰ ਸ਼ਹਿਰ ਦੀ ਹਦੂਦ ਅੰਦਰ ਲਗਭਗ ਸਾਰੇ ਕਾਰੋਬਾਰੀ ਅਦਾਰੇ, ਦੁਕਾਨਾਂ ਅਤੇ ਸਿੱਖਿਆ ਸੰਸਥਾਨ ਬੰਦ ਰਹੇ ਜਦਕਿ ਹੁਸ਼ਿਆਰਪੁਰ ਸ਼ਹਿਰ ਦੇ ਬਾਹਰ ਵਾਰ ਅਤੇ ਹੋਰ ਕਸਬਿਆਂ ਵਿੱਚ ਦੁਕਾਨਾਂ ਤੇ ਕਾਰੋਬਾਰਿ ਅਦਾਰੇ ਆਮ ਵਾਂਗ ਖੁੱਲੇ ਰਹੇ | ਸਵੇਰ ਦੇ 9 ਵੱਜਦਿਆਂ ਸਾਰ ਹੀ ਹਿੰਦੂ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਬਾਜ਼ਾਰਾਂ ਵਿੱਚ ਨਿਕਲ ਆਏ ਅਤੇ ਜ਼ੋਰਦਾਰ ਨਾਅਰੇ ਮਾਰਦੇ ਹੋਏ ਵੱਖ-ਵੱਖ ਗਰੁੱਪਾਂ ਵਿੱਚ ਪੂਰਾ ਸ਼ਹਿਰ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ | ਅਚਾਨਕ ਦਿੱਤੀ ਗਈ ਇਸ ਬੰਦ ਦੀ ਕਾਲ ਕਾਰਣ ਦੂਰ ਦੁਰਾਡੇ ਦੇ ਪਿੰਡਾਂ ਤੋਂ ਆਪਣੇ ਕੰਮਾਂਕਾਰਾਂ ਨੂੰ ਲੈ ਕੇ ਸ਼ਹਿਰ ਆਏ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਵਡੇਰੀ ਉਮਰ ਦੀਆਂ ਔਰਤਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਨਾਲ ਲੈ ਕੇ ਆਈਆਂ ਔਰਤਾਂ ਨੂੰ ਗਰਮੀ ਵਿੱਚ ਇਧਰ ਉਧਰ ਭਟਕਣਾ ਪਿਆ | ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀਆਂ ਦੁਕਾਨਾਂ ਤੋ ਇਲਾਵਾ ਪੈਟਰੋਲ ਪੰਪਾਂ, ਬੈਂਕਾਂ, ਨਿੱਜੀ ਕੰਪਨੀਆਂ, ਇਥੋਂ ਤੱਕ ਕਿ ਰੇੜੀਆਂ ਫੜੀਆਂ ਵਾਲੀਆਂ ਛੋਟੀਆਂ ਦੁਕਾਨਾਂ ਨੂੰ ਵੀ ਨਹੀਂ ਬਖਸ਼ਿਆ ਹੁਸ਼ਿਆਰਪੁਰ ਦੇ ਅੰਤਰਰਾਜੀ ਬੱਸ ਸਟੈਂਡ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਘੇਰ ਕੇ ਬੱਸਾਂ ਦੁਕਾਨਾਂ ਬੰਦ ਕਰਵਾਈਆਂ ਪਰ ਕੁਝ ਸਮੇਂ ਬਾਅਦ ਬੱਸ ਸੇਵਾ ਚਾਲੂ ਹੋਣ ਕਾਰਣ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ | ਕੁਝ ਨਿਜੀ ਯੂਟਿਊਬਰ ਅਤੇ ਵੈਬ ਚੈਨਲ ਵਾਲੇ ਮੀਡੀਆ ਕਰਮੀਆਂ ਵੱਲੋਂ ਲਾਈਵ ਚਲਾਏ ਜਾਣ ਕਾਰਨ ਪ੍ਰਦਰਸ਼ਨਕਾਰੀ ਹੋਰ ਉਤੇਜਿਤ ਹੋ ਕੇ ਮੀਡੀਆ ਸਾਹਮਣੇ ਆਪਣਾ ਚਿਹਰਾ ਦਿਖਾਉਣ ਲਈ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਦੁਕਾਨਾਂ ਬੰਦ ਕਰਵਾ ਰਹੇ ਸਨ ਜਿਸ ਕਾਰਨ ਕੁੱਝ ਥਾਵਾਂ ਤੇ ਦੁਕਾਨਦਾਰਾਂ ਨਾਲ ਉਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਗਰਮਾ ਗਰਮੀ ਵੀ ਹੋਈ ਪਰ ਉਹਨਾਂ ਦੇ ਨਾਲ ਚੱਲ ਰਹੀ ਪੁਲਿਸ ਮੂਕ ਦਰਸ਼ਕ ਬਣੀ ਹੋਈ ਦੇਖੀ ਗਈ | ਹੁਸ਼ਿਆਰਪੁਰ ਪੁਲਿਸ ਵੱਲੋਂ ਇਸ ਬੰਦ ਦੇ ਸੱਦੇ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਪ੍ਰਦਰਸ਼ਨਕਾਰੀਆਂ ਦੀਆਂ ਵੱਖ-ਵੱਖ ਟੁਕੜੀਆਂ ਦੇ ਨਾਲ ਨਾਲ ਪੁਲਿਸ ਦੀਆਂ ਗੱਡੀਆਂ ਤੇ ਅਧਿਕਾਰੀ ਚੱਲ ਰਹੇ ਸਨ | ਹੁਸ਼ਿਆਰਪੁਰ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਕੀਤੇ ਗਏ ਇਸ ਬੰਦ ਦੇ ਪ੍ਰਦਰਸ਼ਨ ਦੌਰਾਨ ਜਿਆਦਾਤਰ ਭਾਜਪਾਈ ਆਗੂ ਹੀ ਸਰਗਰਮ ਦੇਖੇ ਗਏ | ਬਾਅਦ ਦੁਪਹਿਰ ਕਰੀਬ ਤਿੰਨ ਚਾਰ ਵਜੇ ਤੋਂ ਬਾਅਦ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਸਨ | ਵੱਖ-ਵੱਖ ਸੰਸਥਾਵਾਂ ਵੱਲੋਂ ਇਸ ਅੱਤਵਾਦੀ ਘਟਨਾ ਵਿੱਚ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦੇ ਰੋਸ ਵਜੋਂ ਕੈਂਡਲ ਮਾਰਚ ਕੱਢਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ |