ਨਵੀਂ ਦਿੱਲੀ : ਨਰਿੰਦਰ ਮੋਦੀ ਸਰਕਾਰ ਦੀ ਸਤਵੀਂ ਵਰ੍ਹੇਗੰਢ ਮੌਕੇ ਕਾਂਗਰਸ ਨੇ ਦੋਸ਼ ਲਾਇਆ ਕਿ ਇਹ ਸਰਕਾਰ ਦੇਸ਼ ਲਈ ਹਾਨੀਕਾਰਕ ਹੈ ਕਿਉਂਕਿ ਇਹ ਹੋਰ ਮੋਰਚੇ ’ਤੇ ਨਾਕਾਮ ਹੋਈ ਹੈ ਅਤੇ ਇਸ ਨੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ। ਕਾਂਗਰਸ ਨੇ ਇਸ ਮੌਕੇ ਸਰਕਾਰ ਵਲੋਂ ਕੀਤੀਆਂ ਗਈਆਂ ਸੱਤ ਕਥਿਤ ਵੱਡੀਆਂ ਭੁੱਲਾਂ ਦਾ ਦੋਸ਼ ਪੱਤਰ ਜਾਰੀ ਕੀਤਾ ਅਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਜਨਤਾ ਦੇ ਪ੍ਰਤੀ ਅਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਦਿਤਾ ਹੈ। ਕਾਂਗਰਸ ਨੇ ਸਰਕਾਰ ਦੀਆਂ ਕਥਿਤ ਸੱਤ ਨਾਕਾਮੀਆਂ ਦੀ ਸੂਚੀ ਬਣਾਈ ਹੈ ਜਿਸ ਵਿਚ ਡਿੱਗਦਾ ਅਰਥਚਾਰਾ, ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਅਤੇ ਕੋਵਿਡ-19 ਕੁਪ੍ਰਬੰਧਨ ਸ਼ਾਮਲ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵਿਟਰ ’ਤੇ ਕਿਹਾ, ‘ਕੋਰੋਨਾ ਨਾਲ ਲੜਨ ਲਈ ਚਾਹੀਦੈ-ਸਹੀ ਨੀਅਤ, ਨੀਤੀ ਅਤੇ ਨਿਸ਼ਚਾ। ਮਹੀਨੇ ਵਿਚ ਇਕ ਵਾਰ ਬੇਕਾਰ ਗੱਲ ਨਹੀਂ।’ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਿਛਲੇ ਸੱਤ ਸਾਲ ਇਕ ਸਰਕਾਰ ਦੀ ਬੇਮਿਸਾਨ ਬਰਬਾਦੀ, ਜ਼ਿੰਮੇਵਾਰੀਆਂ ਦੇ ਤਿਆਗ ਅਤੇ ਭਾਰਤ ਦੇ ਲੋਕਾਂ ਦਾ ਤਿਆਗ ਕੀਤੇ ਜਾਣ ਦੀ ਕਹਾਣੀ ਹੈ ਜਿਸ ਨੂੰ ਪੂਰਾ ਪ੍ਰੇਮ ਅਤੇ ਸਨੇਹ ਦਿਤਾ ਗਿਆ। ਉਨ੍ਹਾਂ ਕਿਹਾ, ‘ਇਹ ਸਰਕਾਰ ਦੇਸ਼ ਲਈ ਹਾਨੀਕਾਰਕ ਹੈ ਕਿਉਂਕਿ ਇਸ ਨੇ ਭਾਰਤ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਪ੍ਰਗਟਾਏ ਗਏ ਭਰੋਸੇ ਅਤੇ ਵਿਸ਼ਵਾਸ ਦੇ ਨਾਲ ਛਲ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਸੱਤ ਸਾਲਾਂ ਬਾਅਦ ਸਾਰਿਆਂ ਦਾ ਹਿਸਾਬ ਲੈਣ ਦਾ ਵਕਤ ਆ ਗਿਆ ਹੈ। ਇਹ ਪੁੱਛਣ ਦਾ ਸਮਾਂ ਆ ਗਿਆ ਹੈ ਕਿ ਦੇਸ਼ ਕਿਉਂ ਤਕਲੀਫ਼ ਵਿਚ ਹੈ?