ਕੋਲਕਾਤਾ : ਕੇਂਦਰ ਅਤੇ ਪਛਮੀ ਬੰਗਾਲ ਸਰਕਾਰ ਵਿਚਾਲੇ ਕਲੇਸ਼ ਵਧਦਾ ਜਾ ਰਿਹਾ ਹੈ। ਜਿਸ ਮੁੱਖ ਸਕੱਤਰ ਦੇ ਮਾਮਲੇ ’ਤੇ ਅੱਜ ਸਵੇਰੇ ਮਮਤਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੁੱਖ ਸਕੱਤਰ ਦੇ ਤਬਾਦਲੇ ਦੇ ਹੁਕਮ ਰੱਦ ਕਰਨ ਲਈ ਕਿਹਾ ਸੀ, ਉਸ ਨੂੰ ਉਸ ਨੇ ਅਪਣਾ ਮੁੱਖ ਸਲਾਹਕਾਰ ਬਣਾ ਲਿਆ ਹੇ। ਮੰਗਲਵਾਰ ਤੋਂ ਅਲਪਨ ਬੰਦੋਪਾਧਿਆਏ ਮੁੱਖ ਸਲਾਹਕਾਰ ਵਜੋਂ ਅਪਣਾ ਕੰਮ ਸ਼ੁਰੂ ਕਰ ਲੈਣਗੇ। ਮੁੱਖ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਹਰੀਕ੍ਰਿਸ਼ਨ ਦਵਿਵੇਦੀ ਨੂੰ ਦਿਤੀ ਗਈ ਹੈ। ਮਮਤਾ ਨੇ ਕਿਹਾ ਕਿ ਬੰਧੋਪਾਧਿਆਏ 31 ਮਈ ਨੂੰ ਸੇਵਾਮੁਕਤ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ। ਉਹ 1 ਜੂਨ ਤੋਂ ਅਪਣਾ ਕੰਮ ਸ਼ੁਰੂ ਕਰ ਦੇਣਗੇ। ਮਮਤਾ ਨੇ ਕਿਹਾ, ‘ਮੈਂ ਕੇਂਦਰ ਨੂੰ ਲਿਖਿਆ ਸੀ ਕਿ ਜਿਸ ਦੇ ਜਵਾਬ ਵਿਚ ਮੁੱਖ ਸਕੱਤਰ ਨੂੰ ਕਲ ਦਿੱਲੀ ਵਿਚ ਅਹੁਦਾ ਸੰਭਾਲਣ ਲਈ ਕਿਹਾ ਗਿਆ ਹੈ। ਬੰਗਾਲ ਦੇ ਮੁੱਖ ਸਕੱਤਰ ਨੂੰ ਕੇਂਦਰ ਵਿਚ ਬੁਲਾਏ ਜਾਣ ਦਾ ਕਾਰਨ ਮੈਨੂੰ ਭੇਜੇ ਗਏ ਪੱਤਰ ਵਿਚ ਨਹੀਂ ਹੈ।’ ਉਨ੍ਹਾਂ ਕਿਹਾ ਕਿ ਕੇਂਦਰ ਕਿਸੇ ਅਧਿਕਾਰੀ ਨੂੰ ਰਾਜ ਸਰਕਾਰ ਦੀ ਸਹਿਮਤੀ ਦੇ ਬਿਨਾਂ ਇਸ ਵਿਚ ਜਾਇਨ ਕਰਨ ਲਈ ਪਾਬੰਦ ਨਹੀਂ ਕਰ ਸਕਦੀ ਹੈ।