ਬੀਜਿੰਗ : ਚੀਨ ਨੇ ਤਕਨੀਕ ਦੇ ਖੇਤਰ ਵਿਚ ਵੱਡੀ ਸਫ਼ਲਤਾ ਹਾਸਲ ਕਰ ਲਈ ਹੈ ਜੋ ਉਸ ਨੂੰ ਪਛਮੀ ਦੇਸ਼ਾਂ ਤੋਂ 30 ਸਾਲ ਅੱਗੇ ਕਰ ਦੇਵੇਗੀ। ਇਹ ਦਾਅਵਾ ਕੀਤਾ ਹੈ ਚਾਈਨਿਜ਼ ਅਕੈਡਮੀ ਆਫ਼ ਸਾਇੰਸਜ਼ ਦੇ ਖੋਜਕਾਰ ਹਾਨ ਗੁਅਲਈ ਨੇ। ਉਨ੍ਹਾਂ ਦਾ ਇਹ ਦਾਅਵਾ ਭਵਿੱਖ ਵਿਚ ਉਡਣ ਵਾਲੇ ਹਾਈਪਰ ਸੌਨਿਕ ਜਹਾਜ਼ਾਂ ਦੀ ਪਰਖ ਲਈ ਹਾਈਪਰਸੌਨਿਕ ਟਨਲ ਬਣਾਉਣ ਬਾਰੇ ਹੈ। ਇਸ ਸੁਰੰਗ ਵਿਚ ਜਹਾਜ਼ਾਂ ਦੀ ਪਰਖ ਆਵਾਜ਼ ਦੀ ਗਤੀ ਤੋਂ 30 ਗੁਣਾਂ ਜ਼ਿਆਦਾ ਰਫ਼ਤਾਰ ਨਾਲ ਕੀਤੀ ਜਾ ਸਕੇਗੀ ਯਾਨੀ 23000 ਮੀਲ ਪ੍ਰਤੀ ਘੰਟਾ ਜਾਂ 37,013 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਇਸ ਪ੍ਰਾਪਤੀ ਬਾਰੇ ਉਨ੍ਹਾਂ ਦਸਿਆ ਕਿ ਇਸ ਖੋਜ ਦੇ ਨਾਲ ਚੀਨ ਅਮਰੀਕਾ ਯੂਰੋਪ ਜਿਹੀਆਂ ਸ਼ਕਤੀਆਂ ਤੋਂ ਲਗਭਗ 20 ਤੋਂ 30 ਸਾਲ ਅੱਗੇ ਨਿਕਲ ਜਾਵੇਗਾ ਜਦਕਿ ਚੀਨ ਦੇ ਇਲਾਵਾ ਅਮਰੀਕਾ ਅਤੇ ਰੂਸ ਆਦਿ ਦੇਸ਼ਾਂ ਨੇ ਮਿਜ਼ਾਇਲਾਂ ਸਮੇਤ ਹਾਈਪਰਸੌਨਿਕ ਫ਼ਲਾਈਟ ਤਕਨੀਕ ਸਬੰਧੀ ਭਾਰੀ ਨਿਵੇਸ਼ ਕੀਤਾ ਹੈ। ਇਸ ਨਵੀਂ ਤਕਨੀਕ ਨਾਲ ਬਣੇ ਸੁਪਰ ਫ਼ਾਸਟ ਜੈਟ ਇਕ ਘੰਟੇ ਵਿਚ ਧਰਤੀ ਦੇ 3 ਚੱਕਰ ਲਗਾ ਸਕਣਗੇ ਕਿਉਂਕਿ ਧਰਤੀ ਦਾ ਘੇਰਾ 12,714 ਕਿਲੋਮੀਟਰ ਦਾ ਹੈ ਅਤੇ ਇਸ ਜਹਾਜ਼ ਦੀ ਗਤੀ 37,013 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਇਸ ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਜਹਾਜ਼ ਦੀ ਲਾਗਤ ਵਿਚ 90 ਫ਼ੀਸਦੀ ਤੋਂ ਵੱਧ ਦੀ ਕਟੌਤੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਆਮ ਲੋਕਾਂ ਲਈ ਪੁਲਾੜ ਦੀ ਯਾਤਰਾ ਵੀ ਆਸਾਨ ਹੋ ਸਕਦੀ ਹੈ। ਏਨੀ ਗਤੀ ਨਾਲ ਯਾਤਰਾ ਕਰਨ ਵਾਲਾ ਜੈਟ 10 ਹਜ਼ਾਰ ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ ਅਤੇ ਹਵਾ ਦੇ ਅਣੂਆਂ ਨੂੰ ਪਰਮਾਣੂਆਂ ਵਿਚ ਤੋੜ ਸਕਦਾ ਹੈ।