ਨਵੀਂ ਦਿੱਲੀ : ਸਕੂਲਾਂ ’ਚ ਅਧਿਆਪਕ ਦੇ ਰੂਪ ’ਚ ਨਿਯੁਕਤੀ ਲਈ ਕਿਸੇ ਵਿਅਕਤੀ ਦੀ ਯੋਗਤਾ ਦੇ ਸੰਬੰਧ ’ਚ ਅਧਿਆਪਕ ਯੋਗਤਾ ਪ੍ਰੀਖਿਆ ਦਾ ਸਰਟੀਫਿਕੇਟ ਇਕ ਜ਼ਰੂਰੀ ਯੋਗਤਾ ਹੈ। ਹੁਣ ਸਰਕਾਰ ਨੇ ਇਸ ਸਰਟੀਫ਼ੀਕੇਟ ਦੀ ਮਿਆਦ 7 ਸਾਲ ਦੀ ਥਾਂ ਉਮਰ ਭਰ ਲਈ ਕਰ ਦਿਤੀ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਸ ਸਬੰਧੀ ਕਿਹਾ ਕਿ ਇਸ ਕਦਮ ਨਾਲ ਸਿੱਖਿਆ ਦੇ ਖੇਤਰ ’ਚ ਆਪਣਾ ਕਰੀਅਰ ਬਣਾਉਣ ਨੂੰ ਚਾਹਵਾਨ ਉਮੀਦਵਾਰਾਂ ਲਈ ਰੋਜਗਾਰ ਦੇ ਮੌਕੇ ਵਧਣਗੇ। ਰਾਸ਼ਟਰੀ ਅਧਿਆਪਕ ਸਿੱਖਿਆ ਕੌਂਸਲ (ਐੱਨ. ਸੀ. ਟੀ. ਈ.) ਦੇ 11 ਫਰਵਰੀ 2011 ਦੇ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਸੀ ਕਿ ਸੂਬਾ ਸਰਕਾਰਾਂ ਟੀ. ਈ. ਟੀ. ਦਾ ਆਯੋਜਨ ਕਰਨਗੀਆਂ ਅਤੇ ਟੀ. ਈ. ਟੀ. ਯੋਗਤਾ ਸਰਟੀਫਿਕੇਟ ਦੀ ਜਾਇਜ਼ਤਾ ਦੀ ਮਿਆਦ ਪ੍ਰੀਖਿਆ ਪਾਸ ਹੋਣ ਦੀ ਤਾਰੀਕ ਤੋਂ 7 ਸਾਲ ਤੱਕ ਹੋਵੇਗੀ। ਸਰਕਾਰ ਵਲੋਂ ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ.) ਦੇ ਯੋਗਤਾ ਸਰਟੀਫਿਕੇਟ ਦੀ ਮਿਆਦ ਵਧਾਉਣ ਨਾਲ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਇਹ ਫ਼ੈਸਲਾ 2011 ਤੋਂ ਲਾਗੂ ਮੰਨਿਆ ਜਾਵੇਗਾ। ਇਥੇ ਦਸ ਦਈਏ ਕਿ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਨਿਸ਼ੰਕ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਜਾਂ ਵਿਦਿਆਰਥੀਆਂ ਦੇ ਸਰਟੀਫਿਕੇਟ ਦੀ 7 ਸਾਲ ਦੀ ਮਿਆਦ ਪੂਰੀ ਹੋ ਗਈ ਹੈ, ਉਨ੍ਹਾਂ ਬਾਰੇ ਸਬੰਧਤ ਸੂਬਾ ਸਰਕਾਰ ਜਾਂ ਕੇਂਦਰ ਸ਼ਾਸਿਤ ਪ੍ਰਸ਼ਾਸਨ ਟੀ. ਈ. ਟੀ. ਦੀ ਜਾਇਜ਼ਤਾ ਮਿਆਦ ਲਈ ਜ਼ਰੂਰੀ ਕਦਮ ਉਠਾਉਣਗੇ।