ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਦੇਸ਼ ਨੂੰ ਸੰਬੋਧਨ ਕੀਤਾ। 32 ਮਿੰਟ ਦੇ ਭਾਸ਼ਨ ਵਿਚ ਉਨ੍ਹਾਂ ਦੋ ਵੱਡੇ ਐਲਾਨ ਕੀਤੇ। ਪਹਿਲਾ ਕਿ ਸਾਰੇ ਰਾਜਾਂ ਨੂੰ ਹੁਣ ਕੇਂਦਰ ਵਲੋਂ ਮੁਫ਼ਤ ਵੈਕਸੀਨ ਦਿਤੀ ਜਾਵੇਗੀ। ਰਾਜਾਂ ਨੂੰ ਹੁਣ ਇਸ ਲਈ ਕੋਈ ਖ਼ਰਚਾ ਨਹੀਂ ਕਰਨਾ ਪਵੇਗਾ। ਦੂਜਾ ਕਿ ਦੇਸ਼ ਦੇ 80 ਕਰੋੜ ਗ਼ਰੀਬ ਲੋਕਾਂ ਨੂੰ ਨਵੰਬਰ ਯਾਨੀ ਦੀਵਾਲੀ ਤਕ ਮੁਫ਼ਤ ਰਾਸ਼ਨ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ 21 ਜੂਨ ਸੋਮਵਾਰ ਤੋਂ 18 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਹੁਣ ਕੇਂਦਰ ਵਲੋਂ ਮੁਫ਼ਤ ਦਵਾਈ ਦਿਤੀ ਜਾਵੇਗੀ। ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਅਤੇ ਇਸ ਨਾਲ ਸਾਡੀ ਲੜਾਈ ਜਾਰੀ ਹੈ। ਦੁਨੀਆਂ ਦੇ ਕਈ ਦੇਸ਼ਾਂ ਵਾਂਗ ਭਾਰਤ ਵੀ ਇਸ ਲੜਾਈ ਦੌਰਾਨ ਵੱਡੀ ਪੀੜ ਵਿਚੋਂ ਲੰਘਿਆ ਹੈ। ਉਨ੍ਹਾਂ ਕਿਹਾ ਕਿ ਕਈਆਂ ਨੇ ਅਪਣੇ ਘਰ ਵਾਲਿਆਂ ਅਤੇ ਦੋਸਤਾਂ ਨੂੰ ਗਵਾਇਆ ਹੈ। ਅਜਿਹੇ ਸਾਰੇ ਪਰਵਾਰਾਂ ਨਾਲ ਸਾਡੀ ਪੂਰੀ ਹਮਦਰਦੀ ਹੈ। ਬੀਤੇ 100 ਸਾਲ ਵਿਚ ਆਈ ਇਹ ਸਭ ਤੋਂ ਵੱਡੀ ਮਹਾਂਮਾਰੀ ਹੈ, ਤਰਾਸਦੀ ਹੈ। ਇਸ ਤਰ੍ਹਾਂ ਦੀ ਮਹਾਮਾਰੀ ਆਧੁਨਿਕ ਵਿਸ਼ਵ ਨੇ ਨਾ ਵੇਖੀ ਸੀ ਅਤੇ ਨਾ ਅਨੁਭਵ ਕੀਤੀ ਸੀ। ਮੋਦੀ ਨੇ ਕਿਹਾ ਕਿ ਏਨੀ ਵੱਡੀ ਮਹਾਂਮਾਰੀ ਨਾਲ ਸਾਡਾ ਦੇਸ਼ ਕਈ ਮੋਰਚਿਆਂ ’ਤੇ ਲੜ ਰਿਹਾ ਹੈ। ਕੋਵਿਡ ਹਸਪਤਾਲ ਬਣਾਉਣ ਤੋਂ ਲੈ ਕੇ ਆਈਸੀਯੂ ਬੈਡਾਂ ਦੀ ਗਿਣਤੀ ਵਧਾਉਣਾ, ਵੈਂਟੀਲੇਟਰ ਬਣਾਉਣ ਤੋਂ ਲੈ ਕੇ ਟੈਸਟਿੰਗ ਲੈਬ ਦਾ ਨੈਟਵਰਕ ਤਿਆਰ ਕਰਨਾ ਹੈ। ਬੀਤੇ ਸਵਾ ਸਾਲ ਵਿਚ ਹੀ ਦੇਸ਼ ਵਿਚ ਇਕ ਨਵਾਂ ਹੈਲਥ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ। ਦੂਜੀ ਲਹਿਰ ਨੂੰ ਨਾ ਸੰਭਾਲਣ ਦੇ ਦੋਸ਼ਾਂ ਬਾਰੇ ਮੋਦੀ ਨੇ ਕਿਹਾ ਕਿ ਰਾਜਾਂ ਦੀ ਮੰਗ ’ਤੇ ਹੀ ਉਨ੍ਹਾਂ ਨੂੰ ਕੋਰੋਨਾ ਕੰਟਰੋਲ ਅਤੇ ਵੈਕਸੀਨੇਸ਼ਨ ਦੇ ਅਧਿਕਾਰ ਦਿਤੇ ਗਏ। ਮੋਦੀ ਨੇ ਕਿਹਾ ਕਿ ਇਹ ਚੰਗੀ ਗੱਲ ਰਹੀ ਹੈ ਕਿ ਰਾਜਾਂ ਨੇ ਇਹ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 16 ਜਨਵਰੀ ਤੋਂ ਅਪ੍ਰੈਲ ਅੰਤ ਵਾਲੀ ਵਿਵਸਥਾ ਨੂੰ ਫਿਰ ਲਾਗੂ ਕੀਤੇ ਜਾਵੇ। ਅੱਜ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਰਾਜਾਂ ਕੋਲ ਟੀਕਾਕਰਨ ਨਾਲ ਜੁੜਿਆ ਜੋ 25 ਫ਼ੀਸਦੀ ਕੰਮ ਸੀ, ਉਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਚੁੱਕੇਗੀ। ਇਹ ਵਿਵਸਥਾ ਦੋ ਹਫ਼ਤੇ ਵਿਚ ਲਾਗੂ ਕੀਤੀ ਜਾਵੇਗੀ। ਵੈਕਸੀਨ ਕੰਪਨੀਆਂ ਤੋਂ ਕੁਲ ਉਤਪਾਦਨ ਦਾ 75 ਫ਼ੀਸਦੀ ਹਿੱਸਾ ਖ਼ੁਦ ਖ਼ਰੀਦ ਕੇ ਰਾਜ ਸਰਕਾਰਾਂ ਨੂੰ ਮੁਫ਼ਤ ਦਿਤਾ ਜਾਵੇਗਾ। ਮੋਦੀ ਨੇ ਕਿਹਾ ਕਿ ਕਿਸੇ ਵੀ ਰਾਜ ਸਰਕਾਰ ਨੂੰ ਵੈਕਸੀਨ ਲਈ ਕੁਝ ਵੀ ਖ਼ਰਚ ਨਹੀਂ ਕਰਨਾ ਪਵੇਗਾ।