ਨਵੀਂ ਦਿੱਲੀ : ਕੋਵੈਕਸੀਨ ਦੀ ਤੁਲਨਾ ਵਿਚ ਕੋਵੀਸ਼ੀਲਡ ਟੀਕੇ ਨਾਲ ਜ਼ਿਆਦਾ ਐਂਟੀਬਾਡੀ ਯਾਨੀ ਸਰੀਰ ਅੰਦਰ ਤਾਕਤ ਪੈਦਾ ਹੁੰਦੀ ਹੈ ਹਾਲਾਂਕਿ ਦੋਵੇਂ ਟੀਕੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਵਿਚ ਬਿਹਤਰ ਹਨ। ਅਹਿਤਿਆਤ ਵਜੋਂ ਦੋਹਾਂ ਟੀਕਿਆਂ ਦੀਆਂ ਖ਼ੁਰਾਕਾਂ ਲੈ ਚੁਕੇ ਸਿਹਤ ਕਾਮਿਆਂ ’ਤੇ ਕੀਤੇ ਗਏ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਇਹ ਅਧਿਐਨ ਹਾਲੇ ਛਪਿਆ ਨਹੀਂ ਅਤੇ ਇਸ ਨੂੰ ‘ਮੇਡਆਰਐਕਸਿਵ’ ਵਿਚ ਛਪਣ ਤੋਂ ਪਹਿਲਾਂ ਪੋਸਟ ਕੀਤਾ ਗਿਆ ਹੈ। ਇਸ ਅਧਿਐਨ ਵਿਚ 13 ਰਾਜਾਂ ਦੇ 22 ਸ਼ਹਿਰਾਂ ਦੇ 515 ਸਿਹਤ ਕਾਮਿਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿਚੋਂ 305 ਪੁਰਸ਼ ਅਤੇ 210 ਔਰਤਾਂ ਸਨ। ਸੀਰਮ ਇੰਸਟੀਚਿਊਟ ਆਫ਼ ਇੰਡੀਆ, ਆਕਸਫ਼ੋਰਡ ਐਸਟ੍ਰਾਜੇਨੇਕਾ ਦੇ ਕੋਵੀਸ਼ੀਲਡ ਟੀਕੇ ਦਾ ਨਿਰਮਾਣ ਕਰ ਰਹੀ ਹੈ। ਉਧਰ, ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ, ਆਈਸੀਐਮਆਰ ਅਤੇ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ ਦੇ ਨਾਲ ਮਿਲ ਕੇ ਕੋਵੈਕਸੀਨ ਦਾ ਨਿਰਮਾਣ ਕਰ ਰਹੀ ਹੈ। ਅਧਿਐਨ ਵਿਚ ਸ਼ਾਮਲ ਹੋਣ ਵਾਲਿਆਂ ਦੇ ਖ਼ੂਨ ਦੇ ਨਮੂਨਿਆਂ ਵਿਚ ਐਂਟੀਬਾਡੀ ਅਤੇ ਇਸ ਦੇ ਪੱਧਰ ਦੀ ਜਾਂਚ ਕੀਤੀ ਗਈ। ਅਧਿਐਨ ਦੇ ਲੇਖਕ ਅਤੇ ਜੀਡੀ ਹਸਪਤਾਲ ਐਂਡ ਡਾਇਬਟਿਕ ਇੰਸਟੀਚਿਊਟ ਕੋਲਕਾਤਾ ਵਿਚ ਮਾਹਰ ਡਾਕਟਰ ਅਵਧੇਸ਼ ਕੁਮਾਰ ਨੇ ਟਵਿਟਰ ’ਤੇ ਕਿਹਾ, ‘ਦੋਵੇਂ ਖ਼ੁਰਾਕਾਂ ਲਏ ਜਾਣ ਦੇ ਬਾਅਦ ਦੋਹਾਂ ਟੀਕਿਆਂ ਨੇ ਪ੍ਰਤੀ ਰਖਿਆ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ। ਹਾਲਾਂਕਿ ਕੋਵੈਕਸੀਨ ਦੀ ਤੁਲਨਾ ਵਿਚ ਸੀਰੋ ਪਾਜ਼ੇਟਿਵਿਟੀ ਦਰ ਅਤੇ ਐਂਟੀਬਾਡੀ ਪੱਧਰ ਕੋਵੀਸ਼ੀਲਡ ਵਿਚ ਜ਼ਿਆਦਾ ਰਿਹਾ।