ਮਹਾਸਮੁੰਦ: ਛੱਤੀਸਗੜ੍ਹ ਦੇ ਮਹਾਸਮੁੰਦ ਵਿਚ ਔਰਤ ਨੇ ਅਪਣੀਆਂ 5 ਬੇਟੀਆਂ ਨਾਲ ਬੁਧਵਾਰ ਦੇਰ ਰਾਤ ਰੇਲ ਗੱਡੀ ਦੇ ਸਾਹਮਣੇ ਖ਼ੁਦਕੁਸ਼ੀ ਕਰ ਲਈ। ਸਾਰਿਆਂ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਰੇਲਵੇ ਟਰੈਕ ’ਤੇ 50 ਮੀਟਰ ਦੂਰ ਤਕ ਖਿੰਡੀਆਂ ਪਈਆਂ ਮਿਲੀਆਂ। ਮਰਨ ਵਾਲੇ ਸਾਰੇ ਬੱਚਿਆਂ ਦੀ ਉਮਰ 10 ਤੋਂ 18 ਸਾਲ ਵਿਚਾਲੇ ਹੈ। ਦਸਿਆ ਜਾ ਰਿਹਾ ਹੈ ਕਿ ਸ਼ਰਾਬੀ ਪਤੀ ਨਾਲ ਲੜਾਈ ਹੋਣ ਮਗਰੋਂ ਔਰਤ ਨੇ ਅਜਿਹਾ ਕਦਮ ਚੁਕਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਲੋਕਾਂ ਨੇ ਰੇਲਵੇ ਟਰੈਕ ’ਤੇ ਲਾਸ਼ਾਂ ਵੇਖੀਆਂ ਤਾਂ ਪੁਲਿਸ ਨੂੰ ਸੂਚਨਾ ਦਿਤੀ। ਬੇਮਚਾ ਵਾਸੀ ਔਰਤ ਉਮਾ ਸਾਹੂ ਉਮਰ 45 ਸਾਲ ਦਾ ਪਤੀ ਕੇਜਰਾਮ ਸ਼ਰਾਬ ਪੀਣ ਦਾ ਆਦੀ ਹੈ। ਉਹ ਬੁਧਵਾਰ ਨੂੰ ਵੀ ਸ਼ਰਾਬ ਪੀ ਕੇ ਘਰ ਪੁੱਜਾ ਤਾਂ ਪਤੀ ਪਤਨੀ ਵਿਚਾਲੇ ਲੜਾਈ ਸ਼ੁਰੂ ਹੋ ਗਈ। ਗੱਲ ਏਨੀ ਜ਼ਿਆਦਾ ਵੱਧ ਗਈ ਕਿ ਉਮਾ ਸ਼ਾਮ ਕਰੀਬ 7.30 ਵਜੇ ਅਪਣੀਆਂ ਪੰਜਾਂ ਬੇਟੀਆਂ 18 ਸਾਲਾ ਯਸ਼ੋਦਾ, 16 ਸਾਲਾ ਭੂਮਿਕਾ, 14 ਸਾਲਾ ਕੁਮਕੁਮ, 12 ਸਾਲਾ ਤੁਲਸੀ ਅਤੇ 10 ਸਾਲਾ ਰੋਹਿਣੀ ਨੂੰ ਨਾਲ ਲੈ ਕੇ ਘਰੋਂ ਨਿਕਲ ਪਈ। ਬਾਅਦ ਵਿਚ ਉਨ੍ਹਾਂ ਨੇ ਰਾਤ 9 ਕੁ ਵਜੇ Çਲੰਕ ਐਕਸਪ੍ਰੈਸ ਦੇ ਸਾਹਮਣੇ ਛਾਲਾਂ ਮਾਰ ਕੇ ਜਾਨ ਦੇ ਦਿਤੀ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇਰ ਰਾਤ ਵਾਪਰੀ। ਔਰਤ ਅਤੇ ਤਿੰਨ ਕੁੜੀਆਂ ਦੀਆਂ ਲਾਸ਼ਾਂ ਥੋੜੀ ਦੂਰ ਮਿਲੀਆਂ, ਜਦਕਿ ਦੋ ਹੋਰ ਕੁੜੀਆਂ ਦੀਆਂ ਲਾਸ਼ਾਂ ਟਰੈਕ ’ਤੇ ਅੱਗੇ ਪਈਆਂ ਮਿਲੀਆਂ। ਲਾਸ਼ਾਂ ਨਾਲ ਉਨ੍ਹਾਂ ਦੀਆਂ ਚੱਪਲਾਂ ਵੀ ਪਈਆਂ ਸਨ।