ਮੁੰਬਈ : ਪੂਰੇ ਦੇਸ਼ ਵਿਚ ਮਾਨਸੂਨ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਇਸੇ ਲੜੀ ਵਿਚ ਜੇਕਰ ਮੁੰਬਈ ਦੀ ਗੱਲ ਕਰੀਏ ਤਾਂ ਇਥੇ ਮਾਨਸੂਨ ਆਉਣ ਤੋਂ ਪਹਿਲਾਂ ਹੀ ਬਰਸਾਤ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਥੇ ਬਾਰਸ਼ ਐਨੀ ਕੂ ਪੈ ਰਹੀ ਹੈ ਕਿ ਸੜਕਾਂ ਪਾਟਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਥੋ ਦੀ ਇਕ ਪਾਰਕਿੰਗ ਵਿਚ ਕੰਕਰੀਟ ਦੇ ਫਰਸ਼ ’ਤੇ ਅਚਾਨਕ ਇਕ ਵੱਡਾ ਟੋਇਆ ਬਣਨ ਅਤੇ ਉਸ ਵਿਚ ਦੇਖਦੇ ਹੀ ਦੇਖਦੇ ਕਾਰ ਦੇ ਸਮਾ ਜਾਣ ਦੇ ਵੀਡੀਓ ਨੇ ਐਤਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਸਨਸਨੀ ਫੈਲਾਅ ਦਿੱਤੀ। ਵਾਇਰਲ ਵੀਡੀਓ ਮੁੰਬਈ ਦੇ ਘਾਟਕੋਪਰ ਵੈਸਟ ਦੇ ਕਾਮਾ ਲੇਨ ਸਥਿਤ ਇਕ ਰਿਹਾਇਸ਼ੀ ਸੁਸਾਇਟੀ ਦਾ ਹੈ। ਕੁਝ ਸਕਿੰਟਾਂ ਦੇ ਇਸ ਵੀਡੀਓ ’ਚ ਦਿਖਾਈ ਦਿੰਦਾ ਹੈ ਕਿ ਕੰਪਲੈਕਸ ’ਚ ਕੁਝ ਕਾਰਾਂ ਖੜ੍ਹੀਆਂ ਹਨ। ਅਚਾਨਕ ਇਕ ਕਾਰ ਦੇ ਸਾਹਮਣੇ ਕੰਕਰੀਟ ਦੇ ਫਰਸ਼ ’ਚ ਵੱਡਾ ਟੋਇਆ ਬਣ ਜਾਂਦਾ ਹੈ ਤੇ ਪਾਣੀ ਉੱਪਰ ਤਕ ਆ ਜਾਂਦਾ ਹੈ। ਉਹ ਤਲਾਬ ਵਰਗਾ ਦਿਖਾਈ ਦੇਣ ਲੱਗਦਾ ਹੈ। ਉਸ ਜਗ੍ਹਾ ਖੜ੍ਹੀ ਇਕ ਕਾਰ ਟੋਏ ’ਚ ਸਮਾਉਣ ਲੱਗਦੀ ਹੈ ਤੇ ਦੇਖਦੇ ਹੀ ਦੇਖਦੇ ਲੋਪ ਹੋ ਜਾਂਦੀ ਹੈ। ਹਾਲਾਂਕਿ, ਉਸ ਦੇ ਆਲੇ-ਦੁਆਲੇ ਖੜ੍ਹੀਆਂ ਕਾਰਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਹਾਇਸ਼ੀ ਸੁਸਾਇਟੀ ਨੇ ਇਕ ਖੂਹ ਨੂੰ ਕੰਕਰੀਟ ਨਾਲ ਢੱਕ ਦਿੱਤਾ ਸੀ। ਉੱਥੇ ਰਹਿਣ ਵਾਲੇ ਲੋਕ ਉਸ ਜਗ੍ਹਾ ਦੀ ਕਾਰ ਪਾਰਕਿੰਗ ਵਜੋਂ ਵਰਤੋਂ ਕਰ ਰਹੇ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਥਾਣੇ ਅਤੇ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਉੱਥੇ ਪੁੱਜੀਆਂ ਅਤੇ ਵਾਟਰ ਪੰਪ ਅਤੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।