ਇਸਲਾਮਾਬਾਦ : ਇਹ ਪਹਿਲੀ ਵਾਰ ਨਹੀਂ ਕਿ ਪਾਕਿਸਤਾਨ ਦੀ ਅਸੈਂਬਲੀ ਵਿਚ ਰੌਲਾ ਪਿਆ ਹੋਵੇ, ਅਜਿਹਾ ਹੁੰਦਾ ਹੀ ਰਹਿੰਦਾ ਹੈ ਪਰ ਇਸ ਵਾਰ ਕੁੱਝ ਜਿ਼ਆਦਾ ਹੀ ਖਪ-ਖਾਨਾ ਪੈ ਗਿਆ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਸੱਤਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇੱਕ ਦੂਜੇ ਵੱਲ ਚੀਜ਼ਾਂ ਸੁੱਟੀਆਂ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਡਾਨ ਦੀ ਖ਼ਬਰ ਮੁਤਾਬਕ ਸੰਘੀ ਬਜਟ ਦੌਰਾਨ ਆਮ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਦੂਜੇ ਦਿਨ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਮਾਹੌਲ ਗਰਮਾ ਗਿਆ। ਸੋਸ਼ਲ ਮੀਡੀਆ 'ਤੇ ਇੱਕ ਵਾਇਰਲ ਵੀਡੀਓ ਵਿੱਚ ਪੀਟੀਆਈ ਦੇ ਅਲੀ ਅਵਾਨ ਨੂੰ ਵਿਰੋਧੀ ਧਿਰ ਦੇ ਮੈਂਬਰ ਉਤੇ ਚਿਲਾਉਂਦਿਆਂ, ਮਾੜੀ ਸ਼ਬਦਾਵਲੀ ਦੀ ਵਰਤੋਂ ਅਤੇ ਇੱਕ ਕਿਤਾਬ ਸੁਟਦਿਆਂ ਦੇਖਿਆ ਜਾ ਸਕਦਾ ਸੀ। ਜਿਸ ਵਿਚ ਇਕ ਕਿਤਾਬ ਸੁੱਟੀ ਗਈ ਸੀ ਦੂਜਾ ਬੰਦਾ ਵਾਪਸ ਕਿਤਾਬ ਕਿਸੇ ਹੋਰ ਉਤੇ ਸੁਟਦਾ ਰਿਹਾ। ਇਸ ਤੋਂ ਬਾਅਦ ਅਸੈਂਬਲੀ ਵਿੱਚ ਬਜਟ ਬੁੱਕ ਉਛਲਦੀਆਂ ਦੇਖੀਆਂ ਗਈਆਂ। ਸੰਸਦ ਮੈਂਬਰਾਂ ਦੀ ਰਾਸ਼ਟਰੀ ਅਸੈਂਬਲੀ ਵਿਚ ਗਾਲਾਂ ਕੱਢਣ ਅਤੇ ਧੱਕਾ ਕਰਨ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੰਸਦ ਨੂੰ ਕੁਝ ਸਮੇਂ ਲਈ ਮੁਲਤਵੀ ਕਰਨਾ ਪਿਆ। ਇੱਕ ਸੰਸਦ ਮੈਂਬਰ ਗੁੱਸੇ ਨਾਲ ਇੰਨਾ ਭੜਕ ਗਿਆ ਕਿ ਉਹ ਨੈਸ਼ਨਲ ਅਸੈਂਬਲੀ ਵਿਚ ਹੀ ਬੇਕਾਬੂ ਹੋ ਗਿਆ ਅਤੇ ਉਸ ਨੇ ਭੱਦੀ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤਾ। ਅਹਿਮ ਗੱਲ ਇਹ ਹੈ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਹੰਗਾਮੇ ਦੀ ਇਹ ਪਹਿਲੀ ਵੀਡੀਓ ਨਹੀਂ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਾਹਮਣੇ ਸਾਂਝੇ ਸੈਸ਼ਨ ਦੌਰਾਨ ਸਾਲ 2019 ਵਿਚ ਵੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਆਪਸ ਵਿਚ ਟਕਰਾ ਗਈਆਂ। ਉਸ ਦੌਰਾਨ ਵੀ ਦੋਵਾਂ ਪਾਸਿਓ ਖੂਬ ਕੁੱਟਮਾਰ ਕੀਤੀ ਗਈ ਸੀ।