ਨਵੀਂ ਦਿੱਲੀ : ਭਾਰਤ ਬਾਇਓਟੈਕ ਨੇ ਕੋਵੈਕਸੀਨ ਬਣਾਉਣ ਵਿਚ ਨਵਜਾਤ ਵੱਛੇ ਦੇ ਸੀਰਮ ਯਾਨੀ ਲਹੂ ਦੇ ਰਸ ਦੀ ਵਰਤੋਂ ਕੀਤੀ ਹੈ। ਵਿਕਾਸ ਪਾਟਨੀ ਨੇ ਸੂਚਨਾ ਦੇ ਅਧਿਕਾਰ ਤਹਿਤ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ ਤੋਂ ਇਹ ਜਾਣਕਾਰੀ ਹਾਸਲ ਕੀਤੀ ਹੈ। ਇਸ ਬਾਬਤ ਹਰ ਜਗ੍ਹਾ ਏਨਾ ਵਿਵਾਦ ਖੜਾ ਹੋ ਗਿਆ ਕਿ ਸਰਕਾਰ ਅਤੇ ਭਾਰਤ ਬਾਇਓਟੈਕ ਦੋਹਾਂ ਨੂੰ ਸਫ਼ਾਈ ਦੇਣੀ ਪਈ। ਮਾਮਲੇ ਨੇ ਤੂਲ ਫੜਿਆ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਗੌਰਵ ਪਾਂਧੀ ਦੇ ਟਵੀਟ ਤੋਂ। ਉਨ੍ਹਾਂ ਆਰਟੀਆਈ ਦੇ ਜਵਾਬ ਵਿਚ ਮਿਲੇ ਦਸਤਾਵੇਜ਼ ਸਾਂਝੇ ਕੀਤੇ। ਪਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਮੰਨ ਲਿਆ ਹੈ ਕਿ ਭਾਰਤ ਬਾਇਓਟੈਕ ਦੀ ਵੈਕਸੀਨ ਵਿਚ ਗਊ ਦੇ ਵੱਛੇ ਦਾ ਸੀਰਮ ਸ਼ਾਮਲ ਹੈ। ਇਹ ਬਹੁਤ ਬੁਰਾ ਹੈ। ਫਿਰ ਭਾਜਪਾ ਆਗੂਆਂ ਨੇ ਵੀ ਜਵਾਬ ਦੇਣੇ ਸ਼ੁਰੂ ਕਰ ਦਿਤੇ। ਮਾਹਰਾਂ ਦਾ ਕਹਿਣਾ ਹੈ ਕਿ ਇਹ ਆਮ ਪ੍ਰਕ੍ਰਿਆ ਹੈ। ਭਾਰਤ ਵਿਚ ਲਗਭਗ ਸਾਰੇ ਵੈਕਸੀਨ ਨਿਰਮਾਤਾ ਇਸ ਦੀ ਵਰਤੋਂ ਕਰਦੇ ਹਨ। ਪੋਲੀਓ ਦੀ ਵੈਕਸੀਨ ਵੀ ਇੰਜ ਹੀ ਬਣਦੀ ਹੈ। ਦਰਅਸਲ ਵੈਕਸੀਨ ਬਣਾਉਣ ਵਿਚ ਵਾਇਰਸ ਨੂੰ ਕਮਜ਼ੋਰ ਕੀਤਾ ਜਾਂਦਾ ਹੈ। ਇਸ ਲਈ ਵੱਡੀ ਗਿਣਤੀ ਵਿਚ ਵਾਇਰਸ ਚਾਹੀਦੇ ਹਨ। ਵੱਛੇ ਦੇ ਸੀਰਮ ਦਾ ਕੰਮ ਬਹੁਤ ਸੀਮਤ ਹੁੰਦਾ ਹੈ। ਵੈਕਸੀਨ ਬਣਾਉਣ ਤੋਂ ਪਹਿਲਾਂ ਸੈੱਲ ਵਿਕਸਤ ਹੁੰਦੇ ਹਨ ਜਿਨ੍ਹਾਂ ਨੂੰ ਬਣਾਉਣ ਵਿਚ ਵੱਛੇ ਦੇ ਸੀਰਮ ਦੀ ਵਰਤੋਂ ਜ਼ਰੂਰ ਹੁੰਦੀ ਹੈ। ਜਦ ਸੈਲ ਵਿਕਸਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਯੂਰੀਫ਼ਾਈ ਕੀਤਾ ਜਾਂਦਾ ਹੈ। ਇਸ ਦੌਰਾਨ ਸੈਲ ਰਸਾਇਣਕ ਪ੍ਰਕ੍ਰਿਆ ਵਿਚੋਂ ਲੰਘਦੇ ਹਨ ਅਤੇ ਇਸ ਦੇ ਬਾਅਦ ਉਨ੍ਹਾਂ ਵਿਚ ਵੱਛੇ ਦੇ ਸੀਰਮ ਦਾ ਅੰਸ਼ ਰਹਿਣ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ। ਭਾਰਤ ਬਾਇਓਟੈਕ ਮੁਤਾਬਕ ਆਖ਼ਰੀ ਉਤਪਾਦ ਯਾਨੀ ਕੋਵੈਕਸੀਨ ਵਿਚ ਵੱਛੇ ਦਾ ਸੀਰਮ ਨਹੀਂ ਰਹਿ ਜਾਂਦਾ।
੍ਹ