ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਮਹਾਂਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਵਿਚ ਕੇਂਦਰ ਸਰਕਾਰ ਦੁਆਰਾ ਅਸਮਰੱਥਾ ਵਿਖਾਏ ਜਾਣ ਬਾਰੇ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਇਹ ਸਰਕਾਰ ਦੀ ਬੇਰਹਿਮੀ ਹੈ। ਉਨ੍ਹਾਂ ਟਵਿਟਰ ’ਤੇ ਕਿਹਾ, ‘ਜੀਵਨ ਦੀ ਕੀਮਤ ਲਾਉਣਾ ਅਸੰਭਵ ਹੈ। ਸਰਕਾਰੀ ਮੁਲਾਵਜ਼ਾ ਸਿਰਫ਼ ਛੋਟੀ ਜਿਹੀ ਸਹਾਇਤਾ ਹੁੰਦੀ ਹੈ ਪਰ ਮੋਦੀ ਸਰਕਾਰ ਇਹ ਵੀ ਕਰਨ ਲਈ ਤਿਆਰ ਨਹੀਂ।’ ਕਾਂਗਰਸ ਆਗੂ ਨੇ ਦੋਸ਼ ਲਾਇਆ, ‘ਕੋਵਿਡ ਮਹਾਂਮਾਰੀ ਵਿਚ ਪਹਿਲਾਂ ਇਲਾਜ ਦੀ ਕਮੀ, ਫਿਰ ਝੂਠੇ ਅੰਕੜੇ ਅਤੇ ਉਪਰ ਤੋਂ ਸਰਕਾਰ ਦੀ ਇਹ ਕਰੂਰਤਾ।’ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਹੈ ਕਿ ਕੋਵਿਡ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਵਾਰਾਂ ਨੂੰ ਚਾਰ ਚਾਰ ਲੱਖ ਰੁਪਏ ਦਾ ਮੁਆਵਜ਼ਾ ਨਹੀਂ ਦਿਤਾ ਜਾ ਸਕਦਾ ਕਿਉਂਕਿ ਇਹ ਵਿੱਤੀ ਬੋਝ ਚੁਕਣਾ ਸੰਭਵ ਨਹੀਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੀ ਆਰਥਕ ਹਾਲਤ ਠੀਕ ਨਹੀਂ।