ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਰੋਨਾ ਤੋਂ ਪ੍ਰਭਾਵਤ ਖੇਤਰਾਂ ਨੂੰ ਗਤੀ ਦੇਣ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਸਿਹਤ ਖੇਤਰ ਲਈ 50 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਐਲਾਨ ਕੀਤਾ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਸਿਆ ਕਿ ਪਿਛਲੇ ਸਾਲ 29 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਆਤਮਨਿਰਭਰ ਪੈਕੇਜ ਦਿਤਾ ਗਿਆ ਸੀ। ਵਿੱਤ ਮੰਤਰੀ ਨੇ ਕੁਲ 6,28,993 ਕਰੋੜ ਰੁਪਏ ਦੇ ਆਰਥਕ ਪੈਕੇਜ ਦਾ ਐਲਾਨ ਕੀਤਾ ਹੈ ਜੋ ਵੱਖ ਵੱਖ ਖੇਤਰਾਂ ਲਈ ਹੈ। ਇਸ ਵਾਰ ਫਿਰ ਅਲੱਗ ਅਲੱਗ ਖੇਤਰਾਂ ਲਈ ਰਾਹਤ ਪੈਕੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਪ੍ਰਭਾਵਤ ਖੇਤਰਾਂ ਲਈ 1.1 ਲੱਖ ਕਰੋੜ ਰੁਪਏ ਦੀ ਕਰੈਡਿਟ ਗਾਰੰਟੀ ਯੋਜਨਾ ਲਿਆਂਦੀ ਗਈ ਹੈ। ਸਿਹਤ ਸੈਕਟਰ ’ਤੇ ਵਿਸ਼ੇਸ਼ ਜ਼ੋਰ ਦਿਤਾ ਗਿਆ ਹੈ ਅਤੇ ਇਸ ਲਈ 50 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਕਈ ਖੇਤਰ ਪ੍ਰਭਾਵਤ ਹੋਏ ਹਨ ਅਤੇ ਲਗਾਾਤਾਰ ਕੇਂਦਰ ਸਰਕਾਰ ਤੋਂ ਰਾਹਤ ਦੀ ਮੰਗ ਕਰ ਰਹੇ ਹਨ। ਕਰੈਡਿਟ ਗਾਰੰਟੀ ਯੋਜਨਾ ਦਾ 25 ਲੱਖ ਲੋਕਾਂ ਨੂੰ ਲਾਭ ਮਿਲੇਗਾ। ਛੋਟੇ ਕਰਜ਼ਦਾਰਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ। ਵਿੱਤ ਮੰਤਰੀ ਨੇ ਐਮਰਜੈਂਸੀ ਕਰੈਡਿਟ ਲਾਈਨ ਗਾਰੰਟੀ ਯੋਜਨਾ ਤਹਿਤ ਹੋਰ 1.5 ਲੱਖ ਕਰੋੜ ਰੁਪਏ ਜਾਰੀ ਕੀਤੇ। ਇਹ ਯੋਜਨਾ ਸਭ ਤੋਂ ਪਹਿਲਾਂ ਪਿਛਲੇ ਸਾਲ ਤਾਲਾਬੰਦੀ ਦੌਰਾਨ ਆਤਮਨਿਰਭਰ ਪੈਕੇਜ ਤਹਿਤ ਆਈ ਸੀ। ਸੈਰ ਸਪਾਟਾ ਸੈਕਟਰ ’ਤੇ ਵੀ ਸਰਕਾਰ ਨੇ ਧਿਆਨ ਦਿਤਾ ਹੈ। 11000 ਤੋਂ ਵੱਧ ਰਜਿਸਟਰਡ ਟੂਰਿਸਟ ਗਾਈਡਜ਼, ਟਰੈਵਲ ਅਤੇ ਟੂਰਿਜ਼ਮ ਦੇ ਹਿੱਸੇ ਨੂੰ ਵੀ ਸਹਾਇਤਾ ਮਿਲੇਗੀ। ਗਾਈਡਾਂ ਨੂੰ 1 ਲੱਖ ਰੁਪਏ, ਟਰੈਵਲ ਅਤੇ ਟੂਰਿਜ਼ਮ ਦੇ ਸਟੇਕਹੋਲਡਰਾਂ ਨੂੰ 10 ਲੱਖ ਰੁਪਏ ਤਕ ਦਾ 100 ਫ਼ੀਸਦੀ ਗਾਰੰਟਡ ਕਰਜ਼ਾ ਮਿਲੇਗਾ। ਨਵੇਂ ਰਾਹਤ ਪੈਕੇਜ ਵਿਚ ਕੁਝ ਨਵੀਆਂ ਯੋਜਨਾਵਾਂ ਹਨ ਜਦਕਿ ਕੁਝ ਪੁਰਾਣੀਆਂ ਦਾ ਵਿਸਤਾਰ ਕੀਤਾ ਗਿਆ ਹੈ।