ਨਵੀਂ ਦਿੱਲੀ : ਭਾਰਤ ਵਿਚ ਸਭ ਤੋਂ ਪਹਿਲਾਂ ਮਿਲਿਆ ਕੋਰੋਨਾ ਦਾ ਡੈਲਟਾ ਵੈਰੀਅੰਟ ਲਗਭਗ ਅੱਧੀ ਦੁਨੀਆਂ ਵਿਚ ਪਹੁੰਚ ਚੁੱਕਾ ਹੈ। ਹੁਣ ਤਕ 96 ਦੇਸ਼ਾਂ ਵਿਚ ਇਸ ਦੇ ਕੇਸ ਮਿਲੇ ਹਨ। ਵਿਸ਼ਵ ਸਿਹਤ ਸੰਗਠਨ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਜ਼ਿਆਦਾ ਹਾਵੀ ਹੋ ਜਾਵੇਗਾ ਯਾਨੀ ਇਸ ਦੇ ਹੋਰ ਕਈ ਦੇਸ਼ਾਂ ਵਿਚ ਫੈਲਣ ਦਾ ਖ਼ਤਰਾ ਹੈ। ਉਧਰ, ਬ੍ਰਿਟੇਨ ਵਿਚ ਮਿਲਿਆ ਅਲਫ਼ਾ ਵੈਰੀਅੰਟ ਹੁਣ ਤਕ 172 ਦੇਸ਼ਾਂ ਤਕ ਪਹੁੰਚਿਆ ਹੈ। ਵਿਸ਼ਵ ਸਿਹਤ ਸੰਗਠਨ ਹਰ ਹਫ਼ਤੇ ਮਹਾਂਮਾਰੀ ਨਾਲ ਜੁੜੇ ਅਪਡੇਟ ਜਾਰੀ ਕਰਦਾ ਹੈ। 29 ਜੂਨ ਨੂੰ ਦਿਤੇ ਅਪਡੇਟ ਵਿਚ ਉਸ ਨੇ ਕਿਹਾ ਕਿ ਡੈਲਟਾ ਕਿਸਮ ਦਾ ਵਾਇਰਸ 96 ਦੇਸ਼ਾਂ ਵਿਚ ਸਾਹਮਣੇ ਆਇਆ ਹੈ। ਹਾਲਾਂਕਿ ਹੁਣ ਤਕ ਇਸ ਵਾਇਰਸ ਦੀ ਪਛਾਣ ਕਰਨ ਦੀ ਸਮਰੱਥਾ ਬਹੁਤ ਸੀਮਤ ਹੈ। ਇਸ ਲਈ ਹੋ ਸਕਦਾ ਹੈ ਕਿ ਇਸ ਬਾਰੇ ਘੱਟ ਡੇਟਾ ਸਾਹਮਣੇ ਆਇਆ ਹੋਵੇ। ਇਹ ਵੀ ਸੱਚ ਹੈ ਕਿ ਕਈ ਦੇਸ਼ਾਂ ਵਿਚ ਇਸ ਵੈਰੀਅੰਟ ਕਾਰਨ ਨਵੇਂ ਕੇਸ ਕਾਫ਼ੀ ਜ਼ਿਆਦਾ ਵਧ ਗਏ ਹਨ। ਸੰਸਥਾ ਨੇ ਕਿਹਾ ਕਿ ਡੈਲਟਾ ਵਾਇਰਸ ਦੁਨੀਆਂ ਭਰ ਵਿਚ ਠੀਕ ਹੋ ਰਹੇ ਅਰਥਚਹਾਰੇ ਲਈ ਨਵਾਂ ਖ਼ਤਰਾ ਬਣ ਕੇ ਆਇਆ ਹੈ। ਇਸ ਦੇ ਰੋਕਣ ਲਈ ਦੇਸ਼ਾਂ ਨੂੰ ਸਥਾਨਕ ਪੱਧਰ ’ਤੇ ਲੰਮੇ ਸਮੇਂ ਤਕ ਸੁਰੱਖਿਆ ਉਪਾਅ ਲਾਗੂ ਰੱਖਣ ਦੀ ਲੋੜ ਪੈ ਸਕਦੀ ਹੈ। ਹਾਲਾਂਕਿ ਇਸ ਨੂੰ ਚਿੰਤਾ ਵਾਲਾ ਵਾਇਰਸ ਐਲਾਨਿਆ ਜਾ ਚੁੱਕਾ ਹੈ। ਭਾਰਤ ਹਾਲੇ ਕੋਰੋਨਾ ਦੀ ਲਹਿਰ ਤੋਂ ਉਭਰ ਰਿਹਾ ਹੈ। ਇਸ ਵਿਚਾਲੇ ਇਕ ਹੋਰ ਨਵਾਂ ਖ਼ਤਰਾ ਮੰਡਰਾਉਣ ਲੱਗਾ ਹੈ। ਦੇਸ਼ ਵਿਚ ਦੂਜੀ ਲਹਿਰ ਦਾ ਕਾਰਨ ਡੈਲਟਾ ਵੈਰੀਅੰਟ ਨੂੰ ਹੀ ਮੰਨਿਆ ਗਿਆ ਸੀ। ਉਹ ਹੁਣ ਨਵੀਆਂ ਤਬਦੀਲੀਆਂ ਨਾਲ ਹੋਰ ਵੀ ਮਾਰੂ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮੂਲ ਵਾਇਰਸ ਮੁਕਾਬਲੇ ਦੁਗਣੀ ਤੇਜ਼ੀ ਨਾਲ ਫੈਲ ਸਕਦਾ ਹੈ। ਭਾਰਤ ਵਿਚ ਇਸ ਨਵੇਂ ਸਟੇ੍ਰਨ ਦੇ 50 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋ ਚੁਕੀ ਹੈ। ਆਸਟਰੇਲੀਆ ਦੇ ਕੁਝ ਹਿੱਸਿਆਂ ਵਿਚ ਇਸ ਵਾਇਰਸ ਕਾਰਨ ਦੋ ਹਫ਼ਤੇ ਦਾ ਲਾਕਡਾਊਨ ਲਾ ਦਿਤਾ ਗਿਆ ਹੈ। ਇਸ ਦੀ ਸ਼ੁਰੂਆਤ ਸਨਿਚਰਵਾਰ ਤੋਂ ਹੋ ਗਈ।