ਜੈਪੁਰ: ਸੈਕਸਟਾਰਸ਼ਨ ਯਾਨੀ ਸੋਸ਼ਲ ਮੀਡੀਆ ਵਿਚ ਅਸ਼ਲੀਲ ਕਾਲ ਕਰ ਕੇ ਕਿਸੇ ਵਿਅਕਤੀ ਦੀ ਇਤਰਾਜ਼ਯੋਗ ਹਾਲਤ ਵਿਚ ਵੀਡੀਉ ਬਣਾ ਲੈਣਾ ਅਤੇ ਫਿਰ ਉਸ ਨੂੰ ਬਲੈਕਮੇਲ ਕਰ ਕੇ ਪੈਸੇ ਵਸੂਲਣਾ। ਤਾਲਾਬੰਦੀ ਦੌਰਾਨ ਇਸ ਤਰ੍ਹਾਂ ਦੇ ਮਾਮਲੇ ਪੰਜ ਸੌ ਫ਼ੀਸਦੀ ਤਕ ਵਧ ਗਏ ਹਨ। ਇਹ ਧੰਦਾ ਰਾਜਸਥਾਨ ਦੇ ਭਰਤਪੁਰ ਦੇ ਮੇਵਾਤ ਇਲਾਕੇ ਤੋਂ ਚਲਾਇਆ ਜਾਂਦਾ ਹੈ ਅਤੇ ਦੇਸ਼ ਦੇ ਵੱਡੇ ਹਿੱਸੇ ਦੇ ਲੋਕਾਂ ਨੂੰ ਬਲੈਕਮੇÇਲੰਗ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਭਰਤਪੁਰ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਹਰ ਮਹੀਨੇ ਇਥੇ ਦੂਜੇ ਰਾਜਾਂ ਦੀ ਪੁਲਿਸ ਦੇ ਮਦਦ ਮੰਗਣ ਦੇ 50 ਕੇਸ ਆਉਂਦੇ ਹਨ ਜੋ ਸੈਕਸਟਾਰਸ਼ਨ ਨਾਲ ਸਬੰਧਤ ਹੁੰਦੇ ਹਨ। ਕੁਝ ਮਾਮਲਿਆਂ ਦਾ ਇਹ ਸਿਰਫ਼ 10 ਫ਼ੀਸਦੀ ਹੁੰਦੇ ਹਨ ਕਿਉਂਕਿ ਬਹੁਤੇ ਲੋਕ ਬਦਨਾਮੀ ਦੇ ਡਰ ਤੋਂ ਕੇਸ ਹੀ ਨਹੀਂ ਦਰਜ ਕਰਾਉਂਦੇ। ਪਹਾੜਾਂ ਦੇ ਹੇਠਾਂ ਵਸੇ ਚੁਲਹੇੜਾ ਪਿੰਡ ਵਿਚ ਇਹ ਧੰਦਾ ਚਲਦਾ ਹੈ। ਇਹ ਬੇਹੱਦ ਪਿਛੜਿਆ ਹੋਇਆ ਪਿੰਡ ਹੈ। 1200 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਦੇ ਸਿਰਫ਼ ਤਿੰਨ ਨੌਜਵਾਨ ਸਰਕਾਰੀ ਨੌਕਰੀ ਵਿਚ ਹਨ। ਬਹੁਤੇ ਲੋਕ ਡਰਾਈਵਰ ਹਨ ਜਾਂ ਪੱਥਰ ਤੋੜਨ ਦਾ ਕੰਮ ਕਰਦੇ ਹਨ। ਦਸ ਸਾਲ ਪਹਿਲਾਂ ਤਕ ਇਸ ਪਿੰਡ ਦੇ ਬਹੁਤੇ ਘਰ ਕੱਚੇ ਸਨ ਪਰ ਹੁਣ ਮਕਾਨ ਪੱਕੇ ਬਣ ਗਏ ਹਨ ਅਤੇ ਗੱਡੀਆਂ ਦੀ ਗਿਣਤੀ ਵੀ ਵਧ ਗਈ ਹੈ। ਪੈਸੇ ਕਿਥੋਂ ਆਇਆ? ਪਹਿਲਾਂ ਪਿੰਡ ਦੇ ਕੁਝ ਲੋਕ ਆਨਲਾਈਨ ਠੱਗੀ ਦਾ ਕੰਮ ਕਰਦੇ ਸਨ ਪਰ ਹੁਣ ਸੈਕਸ ਵੀਡੀਓ ਬਣਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਇਕ ਸਾਲ ਵਿਚ ਜ਼ਿਆਦਾ ਵਧਿਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਗਰੋਹ ਨੇ ਪਿੰਡ ਦੇ ਬੇਰੁਜ਼ਗਾਰ ਮੁੰਡਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਾਲ ਜੋੜ ਲਿਆ। ਮੁੰਡਿਆਂ ਨੂੰ ਮੋਬਾਈਲ ਅਤੇ ਸਿੰਮ ਦਿਤਾ ਜਾਂਦਾ ਹੈ। ਇਨ੍ਹਾਂ ਦਾ ਕੰਮ ਹੁੰਦਾ ਹੈ ਕਿਸੇ ਔਰਤ ਦਾ ਪ੍ਰੋਫ਼ਾਈਲ ਬਣਾ ਕੇ ਸੋਸ਼ਲ ਮੀਡੀਆ ਵਿਚ ਲੋਕਾਂ ਨਾਲ ਸੈਕਸ ਗੱਲਬਾਤ ਕਰਨਾ ਅਤੇ ਉਨ੍ਹਾਂ ਨੂੰ ਵੀਡੀਓ ਕਾਲ ਲਈ ਉਕਸਾਉਣਾ। ਜੇ ਉਹ ਝਾਂਸੇ ਵਿਚ ਆ ਜਾਣ ਤਾਂ ਵੀਡੀਓ ਰੀਕਾਰਡ ਕਰ ਲਈ ਜਾਂਦੀ ਹੈ। ਫਿਰ ਉਸ ਸ਼ਖ਼ਸ ਨੂੰ ਬਲੈਕਮੇਲ ਕਰ ਕੇ ਪੈਸੇ ਠੱਗੇ ਜਾਂਦੇ ਹਨ।