ਬਰਨਾਲਾ : ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਜਿੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਤਰੀਕੇ ਪੜ੍ਹਾਈ ਜਾਰੀ ਰੱਖੀ ਜਾ ਰਹੀ ਹੈ ਉੱਥੇ ਹੀ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਆਨਲਾਈਨ ਤਰੀਕੇ ਖੇਡ ਗਤੀਵਿਧੀਆਂ ਵੀ ਜਾਰੀ ਰੱਖੀਆਂ ਜਾ ਰਹੀਆਂ ਹਨ।
ਜਿਲੇ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀਆਂ ਖੇਡ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਅਤੇ ਹਰਕੰਵਲਜੀਤ ਕੌਰ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਸਮੂਹ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਛੇਵੀਂ ਤੋਂ ਦਸਵੀਂ ਜਮਾਤਾਂ ਤੱਕ ਦੀਆਂ ਵਿਦਿਆਰਥਣਾਂ ਦੇ ਮਿਡਲ ਅਤੇ ਹਾਈ ਦੋ ਗਰੁੱਪਾਂ ਵਿੱਚ ਆਨਲਾਈਨ ਰੱਸੀ ਟੱਪਣ ਮੁਕਾਬਲੇ ਕਰਵਾਏ ਗਏ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਮਿਡਲ ਗਰੁੱਪ ਵਿੱਚ ਅਤੇ ਨੌਵੀਂ ਅਤੇ ਦਸਵੀਂ ਜਮਾਤਾਂ ਦੀਆਂ ਵਿਦਿਆਰਥਣਾਂ ਦੇ ਹਾਈ ਗਰੁੱਪ ਵਿੱਚ ਸਕੂਲ,ਜੋਨ ਅਤੇ ਜਿਲਾ ਪੱਧਰ ਦੇ ਮੁਕਾਬਲੇ ਕਰਵਾਏ ਗਏ।ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ‘ਚ ਵਿਦਿਆਰਥਣਾਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ।
ਸਿੱਖਿਆ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਤਰਾਂ ਦੇ ਮੁਕਾਬਲੇ ਪ੍ਰਾਇਮਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੇ ਵੀ ਕਰਵਾਏ ਜਾਣਗੇ। ਸਿਮਰਦੀਪ ਸਿੰਘ ਜਿਲਾ ਮੈਂਟਰ ਖੇਡਾਂ ਨੇ ਦੱਸਿਆ ਕਿ ਬਲਾਕ ਮੈਂਟਰ ਖੇਡਾਂ ਅਤੇ ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਸਮੇਤ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਏ ਇਹਨਾਂ ਮੁਕਾਬਲਿਆਂ ਵਿੱਚੋਂ ਮਿਡਲ ਗਰੁੱਪ ਵਿੱਚੋਂ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਸੰਘਰ ਪੱਤੀ ਧਨੌਲਾ ਦੀ ਮਨਪ੍ਰੀਤ ਕੌਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖ਼ਤਗੜ੍ਹ ਦੀ ਵਿਦਿਆਰਥਣ ਹਰਜੋਤ ਕੌਰ,ਸਰਕਾਰੀ ਹਾਈ ਸਕੂਲ ਪੱਖੋਕੇ ਦੀ ਵਿਦਿਆਰਥਣ ਸਿਮਰਨ ਕੌਰ,ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੀ ਵਿਦਿਆਰਥਣ ਵੀਰਪਾਲ ਕੌਰ ਸਮੇਤ ਤਿੰਨ ਵਿਦਿਆਰਥਣਾਂ ਤੀਜੇ ਸਥਾਨ ‘ਤੇ ਰਹੀਆਂ।
ਇਸੇ ਤਰਾਂ ਹਾਈ ਗਰੁੱਪ ਦੇ ਮੁਕਾਬਲੇ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖ਼ਤਗੜ੍ਹ ਦੀ ਵਿਦਿਆਰਥਣ ਨਵਪ੍ਰੀਤ ਕੌਰ ਪਹਿਲੇ,ਸਰਕਾਰੀ ਹਾਈ ਸਕੂਲ ਨਾਈਵਾਲਾ ਦੀ ਵਿਦਿਆਰਥਣ ਬਲਜਿੰਦਰ ਕੌਰ ਦੂਜੇ ਅਤੇ ਸਰਕਾਰੀ ਹਾਈ ਸਕੂਲ ਨਾਈਵਾਲਾ ਦੀ ਹੀ ਵਿਦਿਆਰਥਣ ਬੇਅੰਤ ਕੌਰ ਤੀਜੇ ਸਥਾਨ ‘ਤੇ ਰਹੀ।ਦੋਵੇਂ ਗਰੁੱਪਾਂ ਦੀਆਂ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਜਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਕ੍ਰਮਵਾਰ 3100,2100 ਅਤੇ 1100 ਰੁਪਏ ਦੀ ਨਕਦ ਰਾਸ਼ੀ,ਸਰਟੀਫਿਕੇਟ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.ਰਵਿੰਦਰਪਾਲ ਪਿ੍ਰੰਸੀਪਲ ਸਟੇਟ ਅਵਾਰਡੀ,ਸੁਰੇਸ਼ਟਾ ਰਾਣੀ ਹੈਡਮਿਸਟਰੈਸ,ਕਮਲਦੀਪ ਸਿੰਘ ਹੈਡਮਾਸਟਰ, ਕਮਲਦੀਪ ਜਿਲਾ ਮੈਂਟਰ ਗਣਿਤ,ਰਾਜੇਸ਼ ਕੁਮਾਰ ਹੈਡਮਾਸਟਰ ਡੀ.ਐਸ.ਐਮ,ਬਿੰਦਰ ਸਿੰਘ ਖੁੱਡੀ ਕਲਾਂ ਜਿਲਾ ਮੀਡੀਆ ਕੋਆਰਡੀਨੇਟਰ, ਅਵਤਾਰ ਸਿੰਘ, ਲਿਵਲੀਨ ਸਿੰਘ, ਮੱਲ ਸਿੰਘ, ਜਸਵਿੰਦਰ ਸਿੰਘ ਅਤੇ ਬਲਜਿੰਦਰ ਕੌਰ ਸਮੇਤ ਜੇਤੂ ਵਿਦਿਆਰਥਣਾਂ ਦੇ ਗਾਈਡ ਅਧਿਆਪਕ ਵੀ ਹਾਜਰ ਸਨ।