ਪਟਨਾ: ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਨੌਤੀ ਦਿਤੀ ਹੈ। ਚਿਰਾਗ ਨੇ ਪਟਨਾ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਐਲਜੇਪੀ ਕੋਟੇ ਤੋਂ ਕੱਢੇ ਗਏ ਸੰਸਦ ਮੈਂਬਰ ਪਸ਼ੂਪਤੀ ਪਾਰਸ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਤਾਂ ਉਹ ਕੋਰਟ ਜਾਣਗੇ। ਰਾਸ਼ਟਰੀ ਪ੍ਰਧਾਨ ਮੈਂ ਹਾਂ, ਪਾਰਟੀ ਵੀ ਮੇਰੀ ਹੈ। ਸਮਰਥਨ ਵੀ ਮੇਰੇ ਕੋਲ ਹੈ। ਮੇਰੀ ਆਗਿਆ ਬਿਨਾਂ ਪਾਰਟੀ ਦੇ ਕੋਟੇ ਤੋਂ ਕਿਸੇ ਵੀ ਸੰਸਦ ਮੈਂਬਰ ਨੂੰ ਮੰਤਰੀ ਬਣਾਉਣਾ ਗ਼ਲਤ ਹੈ। ਚਿਰਾਗ ਨੇ ਕਿਹਾ, ‘ਵਿਵਾਦ ਵਿਚਾਲੇ ਜੇ ਅਜਿਹੇ ਸੰਸਦ ਮੈਂਬਰ ਨੂੰ ਮੰਤਰੀ ਬਣਾਇਆ ਜਾਂਦਾ ਹੈ ਜਿਸ ਨੂੰ ਪਾਰਟੀ ਕੱਢ ਚੁਕੀ ਹੈ ਤਾਂ ਇਹ ਗ਼ਲਤ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਮੋਦੀ ਅਜਿਹਾ ਕਰਨਗੇ। ਜੇ ਅਜਿਹਾ ਹੋਇਆ ਤਾਂ ਮੈਂ ਰਾਜਸੀ ਅਤੇ ਕਾਨੂੰਨੀ ਲੜਾਈ ਲੜਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਚਾਚਾ ਪਾਰਸ ਨੂੰ ਮੰਤਰੀ ਬਣਾਉਣਾ ਹੈ ਤਾਂ ਜੇਡੀਯੂ ਵਿਚ ਸ਼ਾਮਲ ਕਰ ਕੇ ਬਣਾਉ ਪਰ ਐਲਜੇਪੀ ਦੇ ਨਾਮ ’ਤੇ ਨਹੀਂ। ਚਿਰਾਗ ਨੇ ਕਿਾਹ ਕਿ ਕੇਂਦਰੀ ਵਜ਼ਾਰਤ ਵਿਸਤਾਰ ਦੇ ਬਾਅਦ ਪਹਿਲੀ ਟੁੱਟ ਜਨਤਾ ਦਲ ਯੂਨਾਈਟਿਡ ਵਿਚ ਹੋਵੇਗੀ। ਨੀਤੀਸ਼ ਕੁਮਾਰ ਦੀ ਸਰਕਾਰ ਡੇਢ ਦੋ ਸਾਲ ਤੋਂ ਜ਼ਿਆਦਾ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਰਾਮਵਿਲਾਸ ਦੇ ਵਿਚਾਰਾਂ ਨੂੰ ਦਰੜਦੇ ਹੋਏ ਜਿਹੜੇ ਲੋਕਾਂ ਨੇ ਵੱਖਰਾ ਗੁੱਟ ਬਣਾਇਆ, ਉਨ੍ਹਾਂ ਨੂੰ ਤੁਰੰਤ ਕੱਢ ਦਿਤਾ ਗਿਆ ਹੈ। ਜ਼ਿਕਰਯੋਗ ਹੈ ਚਿਰਾਗ ਦੇ ਚਾਚਾ ਪਾਰਸ ਨੇ ਖ਼ੁਦ ਨੂੰ ਪਾਰਟੀ ਦਾ ਪ੍ਰਧਾਨ ਦਸਦਿਆਂ ਵਖਰਾ ਰਾਹ ਫੜ ਲਿਆ ਸੀ। ਚਰਚਾ ਹੈ ਕਿ ਉਸ ਨੂੰ ਕੇਂਦਰੀ ਵਜ਼ਾਰਤ ਵਿਚ ਲਿਆ ਜਾ ਸਕਦਾ ਹੈ। ਚਿਰਾਗ ਅਪਣੀ ਪਾਰਟੀ ਨੂੰ ਹੀ ਅਸਲੀ ਪਾਰਟੀ ਦਸਦਾ ਹੈ।