ਨਵੀਂ ਦਿੱਲੀ : ਕੇਂਦਰ ਸਰਕਾਰ ਦੇ 48 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ 65 ਲੱਖ ਸੇਵਾਮੁਕਤ ਮੁਲਾਜ਼ਮਾਂ ਦੀ ਉਡੀਕ ਖ਼ਤਮ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਡੀਏ-ਡੀਆਰ ਯਾਨੀ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ’ਤੇ 18 ਮਹੀਨਿਆਂ ਤੋਂ ਲੱਗੀ ਰੋਕ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਸਿਆ, ‘ਸਰਕਾਰੀ ਮੁਲਾਜ਼ਮਾਂ ਨੂੰ ਇਹ ਭੱਤਾ ਇਕ ਜੁਲਾਈ 2021 ਤੋਂ ਮਿਲੇਗਾ। ਭੱਤੇ ਦੀ ਦਰ 17 ਫ਼ੀਸਦੀ ਤੋਂ ਵਧਾ ਕੇ 28 ਫ਼ੀਸ ਦੀ ਕਰ ਦਿਤੀ ਗਈ ਹੈ। ਹਾਲਾਂਕਿ ਕੇਂਦਰੀ ਮੁਲਾਜ਼ਮਾਂ ਨੂੰ ਇਹ ਪੂਰੀ ਉਮੀਦ ਸੀ ਕਿ ਸਰਕਾਰ ਉਨ੍ਹਾਂ ਦੇ 18 ਮਹੀਨੇ ਦੇ ਏਰੀਅਰ ਬਾਰੇ ਵੀ ਐਲਾਨ ਕਰੇਗੀ ਪਰ ਅਜਿਹਾ ਨਹੀਂ ਹੋਇਆ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਪ੍ਰਤੀਨਿਧ ਸਮੂਹ ਨੇ 26 ਜੂਨ ਨੂੰ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਇਹ ਮੁੱਦਾ ਚੁਕਿਆ ਸੀ। ਸਮੂਹ ਨੇ ਕੈਬਨਿਟ ਸਕੱਤਰ ਨੂੰ ਕਿਹਾ ਸੀ ਕਿ ਡੀਏ ਦੀ ਰਕਮ ਦੇ ਇਲਾਵਾ 18 ਮਹੀਨੇ ਦਾ ਏਰੀਅਰ ਵੀ ਜਾਰੀ ਕੀਤਾ ਜਾਵੇ। ਕੈਬਨਿਟ ਸਕੱਤਰ ਵਲੋਂ ਕਿਹਾ ਗਿਆ ਸੀ ਕਿ ਇਸ ਬਾਬਤ ਅੰਤਮ ਰੀਪੋਰਟ ਤਿਆਰ ਕਰ ਕੇ ਮਨਜ਼ੂਰੀ ਲਈ ਕੈਬਨਿਟ ਕੋਲ ਭੇਜੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਇਕ ਕਰੋੜ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰ ਬੀਤੇ 18 ਮਹੀਨਿਆਂ ਤੋਂ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਮਿਲਣ ਦੀ ਉਡੀਕ ਕਰ ਰਹੇ ਸਨ। ਕੋਰੋਨਾ ਮਹਾਂਮਾਰੀ ਕਾਰਨ ਡੀਏ ਰੋਕ ਦਿਤਾ ਗਿਆ ਸੀ। ਡੀਏ ਜਿਹੜਾ ਮਈ 2020 ਵਿਚ 21 ਫ਼ੀਸਦੀ ਸੀ, ਇਕ ਜੁਲਾਈ 2021 ਨੂੰ 31 ਫ਼ੀਸਦੀ ਹੋ ਗਿਆ ਹੈ। ਇਕ ਹੋਰ ਫ਼ੈਸਲੇ ਤਹਿਤ ਕੇਂਦਰ ਸਰਕਾਰ ਦੇ ਮੁਲਾਜ਼ਮ ਮਕਾਨ ਬਣਾਉਣ ਲਈ ਐਡਵਾਂਸ ਰਕਮ ਵੀ ਲੈ ਸਕਣਗੇ।