ਲਖਨਊ : ਯੂਪੀ ਦੀ ਰਾਜਧਾਨੀ ਦੇ ਰੇਲਵੇ ਸਟੇਸ਼ਨ ’ਤੇ ਆਰਪੀਐਫ਼ ਦੇ ਪੁਲਿਸ ਅਧਿਕਾਰੀ ਦੇ ਬੇਰਹਿਮ ਰਵਈਏ ਕਾਰਨ ਦੋ ਬੱਚਿਆਂ ਦੀ ਜਾਨ ਜੋਖਮ ਵਿਚ ਪੈ ਗਈ। ਸਟੇਸ਼ਨ ਦੇ ਲਾਗੇ ਕਬਜ਼ਾ ਹਟਾਉਣ ਦੇ ਨਾਮ ’ਤੇ ਫੁਟਪਾਥ ’ਤੇ ਰਹਿਣ ਵਾਲੇ ਮਜ਼ਦੂਰਾਂ ਨੂੰ ਹਟਾਉਣ ਪੁੱਜੀ ਟੀਮ ਦੇ ਦਰੋਗਾ ਮੋਹਿਤ ਨੇ ਜਲਦੇ ਚੁੱਲ੍ਹੇ ’ਤੇ ਲੱਤ ਮਾਰ ਦਿਤੀ। ਉਸ ਵਕਤ ਚੁੱਲ੍ਹੇ ’ਤੇ ਕੁੱਕਰ ਵਿਚ ਦਾਲ ਬਣ ਰਹੀ ਸੀ। ਖੌਲਦੀ ਹੋਈ ਦਾਲ ਲਾਗੇ ਹੀ ਮੌਜੂਦ ਮਜ਼ਦੂਰ ਦੇ ਮਾਸੂਮ ਬੱਚਿਆਂ ’ਤੇ ਜਾ ਡਿੱਗੀ ਜਿਸ ਕਾਰਨ ਉਹ ਤੜਫਨ ਲੱਗੇ। ਮਾਮਲਾ ਵਿਗੜਾ ਵੇਖ ਕੇ ਮਾਸੂਮਾਂ ਨੂੰ ਉਸੇ ਹਾਲਤ ਵਿਚ ਛੱਡ ਕੇ ਰੇਲਵੇ ਪੁਲਿਸ ਦਾ ਦਸਤਾ ਅੱਗੇ ਵਧ ਗਿਆ। ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦਰਅਸਲ, ਚਾਰਬਾਗ਼ ਸਟੇਸ਼ਨ ’ਤੇ ਵੀਆਈਪੀ ਪਖਾਨੇ ਲਾਗੇ ਕਈ ਸਾਲ ਤੋਂ ਪਾਲੀਥੀਨ ਪਾ ਕੇ ਰਹਿ ਰਹੇ ਮਜ਼ਦੂਰਾਂ ਨੂੰ ਹਟਾਉਣ ਲਈ ਸਨਿਚਰਵਾਰ ਨੂੰ ਆਰੀਪੀਐਫ਼ ਦਸਤਾ ਪਹੁੰਚਿਆ ਸੀ ਤਾਂ ਔਰਤਾਂ ਚੁੱਲਿ੍ਹਆਂ ’ਤੇ ਖਾਣਾ ਬਣਾ ਰਹੀਆਂ ਸਨ। ਰੇਲਵੇ ਪੁਲਿਸ ਨੇ ਉਨ੍ਹਾਂ ਨੂੰ ਤੁਰੰਤ ਉਥੋਂ ਜਾਣ ਲਈ ਆਖਿਆ। ਡਰੇ ਹੋਏ ਮਜ਼ਦੂਰ ਅਪਣਾ ਸਮਾਨ ਸਮੇਟ ਹੀ ਰਹੇ ਸਨ ਕਿ ਪੁਲਿਸ ਦੇ ਜਵਾਨ ਨਾਰਾਜ਼ ਹੋ ਗਏ। ਮਜ਼ਦੂਰ ਨਰੇਸ਼ ਦੀ ਪਤਨੀ ਦਾਲ ਬਣਾ ਰਹੀ ਸੀ। ਉਸ ਨੇ ਪੁਲਿਸ ਵਾਲਿਆਂ ਨੂੰ ਰੁਕਣ ਦੀ ਬੇਨਤੀ ਕੀਤੀ ਪਰ ਉਹ ਭੜਕ ਗਏ। ਫਿਰ ਦਰੋਗਾ ਨੇ ਚੁੱਲ੍ਹੇ ’ਤੇ ਲੱਤ ਮਾਰ ਦਿਤੀ ਅਤੇ ਦਾਲ ਬੱਚਿਆਂ ’ਤੇ ਡਿੱਗ ਗਈ। ਜਦ ਪੁਲਿਸ ਨੇ ਵੇਖਿਆ ਕਿ ਸਥਿਤੀ ਵਿਗੜ ਸਕਦੀ ਹੈ ਤਾਂ ਉਥੋਂ ਖਿਸਕ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਚਿਆਂ ਦਾ ਇਲਾਜ ਕਰਾ ਦਿਤਾ ਗਿਆ ਹੈ।