ਨਵੀਂ ਦਿੱਲੀ : ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ‘ਮਵਾਲੀ’ ਕਹਿ ਕੇ ਵਿਵਾਦ ਛੇੜ ਦਿਤਾ ਹੈ। ਕਾਂਗਰਸ ਨੇ ਉਸ ਦੇ ਬਿਆਨ ਦਾ ਤਿੱਖਾ ਵਿਰੋਧ ਕੀਤਾ ਹੈ। ਪਾਰਟੀ ਨੇ ਲੇਖੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਲੇਖੀ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਅਪਰਾਧਕ ਹੈ। ਵਿਰੋਧੀ ਧਿਰ ਅਜਿਹੀਆਂ ਚੀਜ਼ਾਂ ਨੂੰ ਹਵਾ ਦੇ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਲੇਖੀ ਨੇ ਕਿਹਾ, ‘ਉਹ ਕਿਸਾਨ ਨਹੀਂ ਮਵਾਲੀ ਹਨ। ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਇਹ ਅਪਰਾਧਕ ਗਤੀਵਿਧੀਆਂ ਹਨ। ਜੋ ਕੁਝ 26 ਜਨਵਰੀ ਨੂੰ ਹੋਇਆ, ਉਹ ਵੀ ਸ਼ਰਮਨਾਕ ਹੈ। ਉਹ ਅਪਰਾਧਕ ਗਤੀਵਿਧੀਆਂ ਸਨ। ਉਸ ਵਿਚ ਵਿਰੋਧੀ ਧਿਰ ਵਲੋਂ ਚੀਜ਼ਾਂ ਨੂੰ ਹੱਲਾਸ਼ੇਰੀ ਦਿਤੀ ਗਈ।’ ਇਸ ਬਿਆਨ ਦੇ ਤੁਰੰਤ ਬਾਅਦ ਵਿਰੋਧੀ ਧਿਰ ਲੇਖੀ ’ਤੇ ਹਮਲਾਵਰ ਹੋ ਗਈ। ਦਿੱਲੀ ਵਿਚ ਚਾਰ ਵਾਰ ਵਿਧਾਇਕ ਰਹੇ ਕਾਂਗਰਸੀ ਆਗੂ ਮੁਕੇਸ਼ ਸ਼ਰਮਾ ਨੇ ਲੇਖੀ ਨੂੰ ਮਾਫ਼ੀ ਮੰਗਣ ਲਈ ਆਖਿਆ ਹੈ। ਉਨ੍ਹਾਂ ਟਵਿਟਰ ’ਤੇ ਕਿਹਾ, ‘ਸ਼ਰਮ ਕਰੋ, ਮੀਨਾਕਸ਼ੀ ਲੇਖੀ ਜੀ ਕਿਸਾਨ ਮਵਾਲੀ ਨਹੀਂ ਸਗੋਂ ਅੰਨਦਾਤਾ ਹਨ। ਇਸ ਲਹੀ ਮਾਫ਼ੀ ਮੰਗੋ ਜਾਂ ਅਸਤੀਫ਼ਾ ਦਿਉ।’ ਸੰਸਦ ਦੇ ਮਾਲਸੂਨ ਇਜਲਾਸ ਦੌਰਾਨ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ 200 ਕਿਸਾਨਾਂ ਦਾ ਇਕ ਸਮੂਹ ਵੀਰਵਾਰ ਨੂੰ ਮੱਧ ਦਿੱਲੀ ਦੇ ਜੰਤਰ-ਮੰਤਰ ਪਹੁੰਚਿਆ। ਦਿੱਲੀ ਦੇ ਉਪ ਰਾਜਪਾਲ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਵਿਸ਼ੇਸ਼ ਆਗਿਆ ਦਿਤੀ ਹੈ। ਪੁਲਿਸ ਨੇ ਮੱਧ ਦਿੱਲੀ ਦੇ ਚਾਰੇ ਪਾਸੇ ਸੁਰੱਖਿਆ ਦਾ ਘੇਰਾ ਬਣਾਈ ਰਖਿਆ ਹੈ।