ਬੰਗਲੌਰ : ਕਰਨਾਟਕ ਵਿਚ ਬਸਵਰਾਜ ਬੋਮਈ ਮੰਤਰੀ ਮੰਡਲ ਦਾ ਅੱਜ ਵਿਸਤਾਰ ਹੋ ਗਿਆ। ਰਾਜਪਾਲ ਥਾਵਰਚੰਦ ਗਹਿਲੋਤ ਨੇ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਦੌਰਾਨ ਮੁੱਖ ਮੰਤਰੀ ਵਸਵਰਾਜ ਵੀ ਮੌਜੂਦ ਰਹੇ। ਮੰਤਰੀ ਮੰਡਲ ਵਿਚ 29 ਮੰਤਰੀ ਸ਼ਾਮਲ ਹੋ ਗਏ ਹਨ। ਪਰ ਕਿਸੇ ਨੂੰ ਵੀ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਹੈ। ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਦੇ ਬਾਅਦ ਵਸਵਰਾਜ ਨੇ ਦਿੱਲੀ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਜੇ ਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦਸਿਆ ਸੀ ਕਿ ਜੇਪੀ ਨੱਡਾ ਨਾਲ ਮੰਤਰੀ ਮੰਡਲ ਵਿਸਤਾਰ ਬਾਰੇ ਚਰਚਾ ਹੋਈ ਹੈ। ਮੰਤਰੀ ਮੰਡਲ ਵਿਚ ਓਬੀਸੀ ਦੇ ਸੱਤ, ਐਸਸੀ ਦੇ ਤਿੰਨ, ਐਸਟੀ ਦੇ ਇਕ, ਵੋਕਕਾਲਿਗਾ ਦੇ ਸੱਤ, Çਲੰਗਾਯਤ ਦੇ ਅੱਠ, ਇਕ ਰੈਡੀ ਅਤੇ ਇਕ ਮਹਿਲਾ ਵਿਧਾਇਕ ਨੂੰ ਜਗ੍ਹਾ ਮਿਲੀ ਹੈ। ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਦੇ ਛੋਟੇ ਬੇਟੇ ਅਤੇ ਭਾਜਪਾ ਦੇ ਪ੍ਰਦੇਸ਼ ਮੀਤ ਪ੍ਰਧਾਨ ਵੀ ਵਾਈ ਵਿਜੇਯੇਂਦਰ ਉਨ੍ਹਾਂ ਮੰਤਰੀਆਂ ਵਿਚ ਸ਼ਾਮਲ ਨਹੀਂ ਹਨ ਜਿਨ੍ਹਾਂ ਨੇ ਸਹੁੰ ਚੁੱਕੀ। ਕੁਝ ਦਿਨ ਪਹਿਲਾਂ ਯੇਦੀਯੁਰੱਪਾ ਨੇ ਬਤੌਰ ਮੁੱਖ ਮੰਤਰੀ ਅਸਤੀਫ਼ਾ ਦੇ ਦਿਤਾ ਸੀ। ਹਾਈ ਕਮਾਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਸੀ ਕਿਉਂਕਿ ਭਾਜਪਾ ਅੰਦਰ 75 ਸਾਲ ਤੋਂ ਜ਼ਿਆਦਾ ਉਮਰ ਦਾ ਵਿਅਕਤੀ ਵੱਡਾ ਅਹੁਦਾ ਨਹੀਂ ਰੱਖ ਸਕਦਾ।