ਨਵੀਂ ਦਿੱਲੀ : ਸੰਸਦ ਵਿਚ ਜਾਰੀ ਰੇੜਕੇ ਵਿਚਾਲੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਵਾਰ ਫਿਰ ਕਿਹਾ ਕਿ ਕੇਂਦਰ ਸਰਕਾਰ ਹਰ ਵਿਸ਼ੇ ’ਤੇ ਚਰਚਾ ਕਰਨ ਲਈ ਤਿਆਰ ਹੈ। ਵਿਰੋਧੀ ਧਿਰ ਅਪਣੀ ਗੱਲ ਰੱਖੇ। ਤੋਮਰ ਨੇ ਕਿਾਹ ਕਿ ਚਾਹੇ ਖੇਤੀ ਦਾ ਵਿਸ਼ਾ ਹੋਵੇ ਜਾਂ ਕੋਵਿਡ ਦਾ, ਸਾਰਿਆਂ ’ਤੇ ਸਰਕਾਰ ਚਰਚਾ ਲਈ ਤਿਆਰ ਹੈ। ਜੋ ਵਿਸ਼ਾ ਉਨ੍ਹਾਂ ਨੇ ਰਖਣਾ ਹੈ, ਸਰਕਾਰ ਜਵਾਬ ਦੇਵੇਗੀ। ਖੇਤੀ ਦੇ ਮਾਮਲੇ ਵਿਚ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਅਸੀਂ ਖੇਤੀ ਕਾਨੂੰਨ ਬਣਾਉਂਦੇ ਸਮੇਂ ਵੀ ਲੋਕ ਸਭਾ ਅਤੇ ਰਾਜ ਸਭਾ ਵਿਚ 4 ਘੰਟੇ ਚਰਚਾ ਕੀਤੀ। ਉਨ੍ਹਾਂ ਕਿਹਾ, ‘ਉਨ੍ਹਾਂ ਦਾ ਦ੍ਰਿਸ਼ਟੀਕੋਣ ਕੀ ਹੈ ਅਤੇ ਉਹ ਕਿਸ ਦ੍ਰਿਸ਼ਟੀਕੋਣ ਦੇ ਆਧਾਰ ’ਤੇ ਅੱਗੇ ਵਧਣਾ ਚਾਹੁੰਦੇ ਹਨ। ਇਸ ਮਾਮਲੇ ਵਿਚ ਤੁਹਾਡੇ ਮਨ ਵਿਚ ਸਪੱਸ਼ਟਤਾ ਨਹੀਂ ਹੈ। ਅਸੀਂ ਸਦਨ ਵਿਚ ਚਰਚਾ ਲਈ ਤਿਆਰ ਹਾਂ। ’ ਜ਼ਿਕਰਯੋਗ ਹੈ ਕਿ ਸਦਨ ਵਿਚ ਪੇਗਾਸਸ ਜਾਸੂਸੀ ਮਾਮਲੇ ਅਤੇ ਖੇਤੀ ਕਾਨੂੰਨਾਂ ’ਤੇ ਵਿਰੋਧੀ ਧਿਰ ਹੰਗਾਮਾ ਕਰ ਰਹੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਕਿਸੇ ਮੁੱਦੇ ’ਤੇ ਚਰਚਾ ਨਹੀਂ ਕਰ ਰਹੀ। ਵਿਰੋਧੀ ਧਿਰ ਦੀ ਮੰਗ ਹੈ ਕਿ ਸਰਕਾਰ ਪੇਗਾਸਸ ’ਤੇ ਚਰਚਾ ਕਰੇ ਅਤੇ ਦੋਸ਼ਾਂ ਦਾ ਜਵਾਬ ਦੇਵੇ। ਰਾਹੁਲ ਗਾਂਧੀ ਲਗਾਤਾਰ ਵਿਰੋਧੀ ਧਿਰ ਇਕਜੁਟਤਾ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਸਰਕਾਰ ’ਤੇ ਦਬਾਅ ਪਾ ਰਹੇ ਹਨ। ਤੋਮਰ ਪਹਿਲਾਂ ਵੀ ਕਈ ਵਾਰ ਕਹਿ ਚੁਕੇ ਹਨ ਕਿ ਕੇਂਦਰ ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ ਹੈ।