ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਣੇ ਦੇ ਦੌਰੇ ਮੌਕੇ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਹ ਇਥੇ ਆਪਣੇ ਵਿਸ਼ੇਸ਼ ਦੌਰੇ ’ਤੇ ਆਏ ਸਨ। ਸਵੇਰੇ ਸਮੇਂ ਇਥੇ ਪਹੁੰਚੇ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਦਗਦੂਸ਼ੇਠ ਹਲਵਾਈ ਮੰਦਰ ਵਿੱਚ ਪੂਜਾ ਕੀਤੀ ਅਤੇ ਉਸ ਤੋਂ ਬਾਅਦ ਉਹ ਐਸ.ਪੀ. ਕਾਲਜ ਦੇ ਮੈਦਾਨ ਵਿੱਚ ਪਹੁੰਚੇ ਜਿਥੇ ਸ੍ਰੀ ਨਰਿੰਦਰ ਮੋਦੀ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਮੌਕੇ ਐਨਸੀਪੀ ਮੁਖੀ ਸ਼ਰਦ ਪਵਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਡਗਦੂ ਸੇਠ ਮੰਦਰ ਵਿੱਚ ਪੂਜਾ ਕੀਤੀ। ਡਗਦੂ ਸੇਠ ਪਹਿਲਾ ਵਿਅਕਤੀ ਸੀ ਜੋ ਤਿਲਕ ਦੇ ਸੱਦੇ ’ਤੇ ਗਣੇਸ਼ ਦੀ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਲ ਹੋਇਆ ਸੀ।
ਉਨ੍ਹਾਂ ਇਸ ਮੌਕੇ ਕਿਹਾ ਕਿ ਤਿਲਕ ਜੀ ਨਾਲ ਜੁੜੀ ਸੰਸਥਾ ਤੋਂ ਅਜਿਹਾ ਸਨਮਾਨ ਮਿਲਣਾ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਅਤੇ ਉਹ ਇਸ ਸਨਮਾਨ ਨੂੰ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ ’ਤੇ ਆਖਿਆ ਕਿ ਉਹ ਇਸ ਪੁਰਸਕਾਰ ਨਾਲ ਮਿਲੀ ਰਾਸ਼ੀ ਨੂੰ ਗੰਗਾ ਜੀ ਨੂੰ ਸਮਰਪਤ ਕਰ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਤਿਲਕ ਜੀ ਦੇ ਆਜ਼ਾਦੀ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਨੂੰ ਵੀ ਯਾਦ ਕੀਤਾ।