ਪੰਜਾਬੀ ਯੂਨੀਵਰਸਿਟੀ ਪਟਿਆਲਾ : ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨਾਲ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਯੂਨੀਵਰਸਿਟੀ ਨਾਲ ਜੁੜੇ ਅਹਿਮ ਮੁੱਦਿਆਂ ਉੱਤੇ ਵਿਚਾਰ ਚਰਚਾ ਹੋਈ। ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਦੀਆਂ ਹਾਲੀਆ ਪ੍ਰਾਪਤੀਆਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਮੀਟਿੰਗ ਦੌਰਾਨ ਹੋਈ ਵਾਰਤਾਲਾਪ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਹਾਲੀਆ ਪ੍ਰਾਪਤੀਆਂ ਹਨ ਜਿਨ੍ਹਾਂ ਬਾਰੇ ਜਾਣ ਕੇ ਮੁੱਖ ਮੰਤਰੀ ਨੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਗਰੈਜੂਏਟ ਕੋਰਸਾਂ ਦੇ ਦਾਖਲਿਆਂ ਵਿੱਚ ਪੰਦਰਾਂ ਫ਼ੀਸਦੀ ਵਾਧਾ ਹੋਇਆ ਹੈ ਅਤੇ ਮੌਜੂਦਾ ਸਮੇਂ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਵਿਦੇਸ਼ ਜਾਣ ਦੇ ਚਲੰਤ ਰੁਝਾਨ ਦੇ ਉਲਟ ਪੰਜਾਬੀ ਯੂਨੀਵਰਸਿਟੀ ਵਿਖੇ ਇੰਜਨੀਅਰਿੰਗ ਦੇ ਕੋਰਸਾਂ ਦੇ ਦਾਖਲੇ ਵਿੱਚ ਵੀ ਕਈ ਸਾਲਾਂ ਬਾਅਦ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਅਨੁਸ਼ਾਸਣਹੀਣਤਾ ਖ਼ਿਲਾਫ਼ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਵਿੱਚ ਨੌਕਰੀਆਂ ਕਰਦੇ ਹੋਏ ਵਿਦੇਸ਼ਾਂ ਦੇ ਪੱਕੇ ਵਾਸੀ (ਪੀ.ਆਰ.) ਬਣੇ ਮੁਲਾਜ਼ਮਾਂ/ਅਧਿਆਪਕਾਂ ਖਿਲਾਫ਼ ਯੂਨੀਵਰਸਿਟੀ ਵੱਲੋਂ ਕੀਤੀ ਗਈ ਕਾਰਵਾਈ ਦਾ ਤਫ਼ਸੀਲ ਨਾਲ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਵਚਨਬੱਧ ਹੈ। ਵੱਖ-ਵੱਖ ਘਪਲੇ ਕਰਨ ਵਾਲੇ ਅਮਲੇ ਖ਼ਿਲਾਫ਼ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਅਤੇ ਵੱਖ-ਵੱਖ ਕੇਸਾਂ ਵਿੱਚ ਪੁਖਤਾ ਸ਼ਿਕਾਇਤਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਜਾਂਚ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਇਸੇ ਤਰ੍ਹਾਂ ਯੂਨੀਵਰਸਿਟੀ ਵਿਖੇ ਅਨੁਸ਼ਾਸਨਮਈ ਅਕਾਦਮਿਕ ਮਾਹੌਲ ਸਿਰਜਣ ਸੰਬੰਧੀ ਮੁਹਿੰਮ ਬਾਰੇ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਖਿਲਾਫ਼ ਛੇੜੀ ਮੁਹਿੰਮ ਤਹਿਤ ਤਕਰੀਬਨ 14 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਬੇਪਰਦ ਕੀਤਾ ਗਿਆ ਹੈ। ਵਾਈਸ ਚਾਂਸਲਰ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਸੰਬੰਧਤ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਿੱਚ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਨਵੇਂ ਉਪਰਾਲੇ ਜਿਨ੍ਹਾਂ ਵਿੱਚ ਵੱਖਰੀ ਭਾਂਤ ਦੇ ਛੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੀ 2021 ਤੋਂ ਕੀਤੀ ਗਈ ਸ਼ੁਰੂਆਤ ਬਾਰੇ ਵੀ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਕਲਾਵਾਂ, ਭਾਸ਼ਾਵਾਂ ਰਾਸਾਇਣ ਤੇ ਭੌਤਿਕ ਵਿਗਿਆਨ, ਜੀਵ ਵਿਗਿਆਨ, ਕੰਪਿਊਟਰ ਵਿਗਿਆਨ ਅਤੇ ਸਮਾਜ ਵਿਗਿਆਨਾਂ ਦੇ ਸੁਮੇਲ ਵਾਲੇ ਇਹ ਕੋਰਸ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਵਿਦਵਾਨ ਪੈਦਾ ਕਰ ਸਕਣ ਦੇ ਸਮਰੱਥ ਹਨ। ਇਸੇ ਤਰ੍ਹਾਂ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ 'ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਮੁੜ ਬਹਾਲੀ ਕੇਂਦਰ' ਅਤੇ 'ਪੰਜਾਬ ਦਾ ਪੇਂਡੂ ਕਾਰੋਬਾਰੀ ਅਤੇ ਉੱਦਮ ਵਿਕਾਸ ਕੇਂਦਰ' ਦੇ ਕੰਮ ਕਾਜ ਅਤੇ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਪ੍ਰਾਈਵੇਟ ਕਾਲਜਾਂ ਵਿੱਚ ਸੁਧਾਰ ਲਈ ਕੀਤੀਆਂ ਗਈਆਂ ਲੋੜੀਂਦੀਆਂ ਕਾਰਵਾਈਆਂ, ਪ੍ਰਸ਼ਾਸ਼ਨਿਕ ਸੁਧਾਰ ਲਈ ਕੀਤੀ ਗਈ ਵਿਭਾਗਾਂ ਦੀ ਨਵੀਂ ਵਿਉਂਤਬੰਦੀ, ਕਾਮਨਵੈਲਥ ਖੇਡਾਂ ਅਤੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਜਿੱਤੇ ਗਏ ਤਗ਼ਮਿਆਂ, ਸਭਿਆਚਾਰਕ ਗਤੀਵਿਧੀਆਂ ਵਿੱਚ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਯੂਨੀਵਰਸਿਟੀ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਹਾਲੀਆ ਸਮੇਂ ਦੌਰਾਨ ਦੇਸ ਭਰ ਵਿੱਚੋਂ ਦੂਜੇ ਨੰਬਰ ਉੱਤੇ ਆਉਣ ਬਾਰੇ ਵੀ ਇਸ ਚਰਚਾ ਦੌਰਾਨ ਜ਼ਿਕਰ ਹੋਇਆ। ਪ੍ਰੋ. ਅਰਵਿੰਦ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਬਾਰੇ ਸੰਤੁਸ਼ਟੀ ਅਤੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਜਿ਼ਕਰਯੋਗ ਹੈ ਕਿ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਦਾ ਵਾਅਦਾ ਕੀਤਾ ਹੈ। ਨਤੀਜੇ ਵਜੋਂ ਪੰਜਾਬ ਸਰਕਾਰ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਤੀਹ ਕਰੋੜ ਰੁਪਏ ਪ੍ਰਤੀ ਮਹੀਨਾ ਗਰਾਂਟ ਲਗਾਤਾਰ ਦੇ ਰਹੀ ਹੈ ਜਿਸ ਕਾਰਨ ਕਈ ਸਾਲਾਂ ਤੋਂ ਚਲਿਆ ਆ ਰਿਹਾ ਤਨਖ਼ਾਹਾਂ ਦਾ ਬਕਾਇਆ ਕਾਬੂ ਵਿੱਚ ਆਇਆ ਹੈ। ਇਸ ਨਾਲ ਮੁਲਾਜ਼ਮਾਂ ਦੀ ਬੇਚੈਨੀ ਘਟੀ ਹੈ ਅਤੇ ਯੂਨੀਵਰਸਿਟੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਭਰੋਸਾ ਜਤਾਇਆ ਕਿ ਹੁਣ ਪੰਜਾਬੀ ਯੂਨੀਵਰਸਿਟੀ ਖੋਜ ਅਤੇ ਅਧਿਆਪਨ ਵਿੱਚ ਨਵੇਂ ਉੱਚ ਮਿਆਰ ਹਾਸਿਲ ਕਰੇਗੀ।