ਆਜਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਆਰੰਭੀ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਤਹਿਤ ਬਲਾਕ ਪਟਿਆਲਾ ਦਿਹਾਤੀ ਅਧੀਨ ਪੈਂਦੇ ਅਮਨ ਵਿਹਾਰ ਵਿਖੇ 'ਮਿੱਟੀ ਕੋ ਨਮਨ ਵੀਰੋ ਕਾ ਵੰਦਨ' ਪ੍ਰੋਗਰਾਮ ਮੌਕੇ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਸ਼ਿਰਕਤ ਕੀਤੀ। ਇਸ ਮੌਕੇ 75 ਪੌਦੇ ਲਗਾ ਕੇ ਆਜਾਦੀ ਦਿਹਾੜਾ ਮਨਾਇਆ ਗਿਆ ਅਤੇ ਅਜਾਦੀ ਘੁਲਾਟੀਆਂ ਸ੍ਰੀਮਤੀ ਬਚਨ ਕੌਰ ਦੇ ਪਰਿਵਾਰ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕਰਕੇ ਸਮਾਰਕ ਬਣਾਇਆ ਗਿਆ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਦੇਸ਼ ਦੇ ਮਹਾਨ ਸਹੀਦਾਂ ਅਤੇ ਆਜ਼ਾਦੀ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਯਾਦ ਰੱਖ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋ ਕੱਢੀ ਜਾ ਰਹੀ ਅੰਮ੍ਰਿਤ ਕਲਸ ਯਾਤਰਾ ਰਾਹੀ ਦੇਸ਼ ਭਰ ਵਿੱਚੋਂ ਸ਼ਹੀਦਾਂ ਦੇ ਘਰਾਂ ਦੀ ਮਿੱਟੀ ਰਾਜਧਾਨੀ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਨੇੜੇ ਅੰਮ੍ਰਿਤ ਬਗੀਚੀ ਵਿਖੇ ਪੁੱਜੇਗੀ ਜੋ ਸਾਡੇ ਦੇਸ਼ ਦੇ ਸੂਰਵੀਰਾਂ ਨੂੰ ਸਮਰਪਿਤ ਹੋਵੇਗੀ। ਅਮਨ ਵਿਹਾਰ ਵਿਖੇ ਸਮਾਗਮ ਮੌਕੇ ਸਕੂਲੀ ਬੱਚਿਆਂ ਨੇ ਰਾਸ਼ਟਰੀ ਗਾਨ ਗਾਇਆ।
ਵਧੀਕ ਡਿਪਟੀ ਕਮਿਸ਼ਨਰ (ਡੀ) ਅਨੁਪ੍ਰਿਤਾ ਜੌਹਲ ਤੇ ਡੀ.ਡੀ.ਪੀ.ਓ. ਅਮਨਦੀਪ ਕੌਰ ਨੇ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਦਾ ਉਦੇਸ਼ ਨੌਜਵਾਨ ਪੀੜੀ ਨੂੰ ਸ਼ਹੀਦਾਂ ਬਾਰੇ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਅਤੇ ਫ਼ੌਜੀ ਵੀਰਾਂ ਦਾ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਤੇ ਦੇਸ਼ ਦੀ ਪ੍ਰਭੂਸਤਾ ਕਾਇਮ ਰੱਖਣ ਵਿੱਚ ਵੱਡਾ ਯੋਗਦਾਨ ਰਿਹਾ ਹੈ, ਜਿਹਨਾਂ ਨੂੰ ਯਾਦ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।ਇਸ ਮੌਕੇ ਬੀ.ਡੀ.ਪੀ.ਓ. ਕ੍ਰਿਸ਼ਨ ਸਿੰਘ ਅਤੇ ਵਿਭਾਗ ਦਾ ਸਮੂਹ ਸਟਾਫ ਅਤੇ ਹੋਰ ਇਲਾਕਾ ਨਿਵਸੀ ਮੌਜੂਦ ਸਨ।