ਸ਼ਿਵ ਸੈਨਾ ਦੇ ਨੇਤਾ ਊਧਵ ਠਾਕਰੇ ਨੇ ਅੱਜ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਤੀਜੀ ਮੀਟਿੰਗ ਜਿਹੜੇ ਕਿ 31 ਅਗੱਸਤ ਅਤੇ 1 ਸਤੰਬਰ ਨੂੰ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ਵਿੱਚ ਹੋਵੇਗੀ ਦੇ ਸਬੰਧ ਵਿੱਚ ਕਿਹਾ ਕਿ ਗਠਜੋੜ ਬਣਦੇ ਹੀ ਸਰਕਾਰ ਨੇ ਗੈਸ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 9 ਸਾਲਾਂ ਵਿੱਚ ਭੈਣਾਂ ਯਾਦ ਨਹੀਂ ਆਈਆਂ ਇਸ ਵਾਰ ਉਹ ਰੱਖੜੀ ਦਾ ਤੋਹਫ਼ਾ ਦੇ ਰਿਹਾ ਹੈ, ਕੀ ਪਹਿਲਾਂ ਰੱਖੜੀ ਨਹੀਂ ਮਨਾਈ ਜਾਂਦੀ ਸੀ?
ਇਸ ਤੋਂ ਇਲਾਵਾ ਐਨ.ਸੀ.ਪੀ. ਨੇਤਾ ਸ਼ਰਦ ਪਵਾਰ ਨੇ ਕਿਹਾ ਕਿ ਅਸੀਂ ਬਦਲਾਅ ਲਈ ਇਕੱਤਰ ਹੋਏ ਹਾਂ। ਭਲਕੇ ਤੋਂ 28 ਪਾਰਟੀਆਂ ਦੀ ਕਾਨਫ਼ਰੰਸ ਸ਼ੁਰੂ ਹੋਵੇਗੀ, ਤਬਦੀਲੀ ਲਈ ਚੋਣ ਜ਼ਰੂਰੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਦੇਸ਼ ਨੂੰ ਇਕ ਵਧੀਆ ਬਦਲ ਮਿਲੇਗਾ। ਸਾਡੀ ਵਿਚਾਰਧਾਰਾ ਨਿਸ਼ਚਿਤ ਤੌਰ ’ਤੇ ਵੱਖਰੀ ਹੈ, ਸਾਡਾ ਉਦੇਸ਼ ਇਕ ਹੈ, ਸੰਵਿਧਾਨ ਦੀ ਰਖਿਆ ਕਰਨਾ। ਸਾਡੇ ਕੋਲ ਪ੍ਰਧਾਨ ਮੰਤਰੀ ਬਣਾਉਣ ਲਈ ਕਈ ਵਿਕਲਪ ਹਨ, ਪਰ ਭਾਜਪਾ ਕੋਲ ਮੋਦੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।
ਕਾਂਗਰਸ ਨੇਤਾ ਨਾਨਾ ਪਟੋਲੇ ਨੇ ਕਿਹਾ ਕਿ ਸਾਡਾ ਗਠਜੋੜ ਵਿਚ 11 ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ ਵਿਚ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਨੂੰ 23 ਕਰੋੜ ਵੋਟਾਂ ਮਿਲੀਆਂ ਸਨ ਜਦਕਿ ਭਾਜਪਾ ਨੂੰ 22 ਕਰੋੜ ਵੋਟਾਂ ਮਿਲੀਆਂ ਸਨ। ਅਸੀਂ ਉਦੋਂ ਵੱਖਰੇ ਸੀ, ਇਸੇ ਲਈ ਭਾਜਪਾ ਜਿੱਤੀ ਸੀ।
ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ਵਿੱਚ ਹੋਣ ਵਾਲੀਆ ਗਠਜੋੜ ਦੀ ਮੀਟਿੰਗ ਲਈ ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਵੀ ਮੁੰਬਈ ਪਹੁੰਚ ਗਏ ਹਨ। ਬੈਂਗਲੁਰੂ ਮੀਟਿੰਗ ਵਿਚ ਵਿਰੋਧੀ ਪਾਰਟੀਆਂ ਨੇ ਆਪਣੇ ਗਠਜੋੜ ਦਾ ਨਾਮ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਰਖਿਆ ਹੈ। 1 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਵਿਰੋਧੀ ਗਠਜੋੜ ਦੇ ਕਨਵੀਨਰ ਦੇ ਨਾਮ ਦਾ ਐਲਾਨ ਹੋ ਸਕਦਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਦੌੜ ਵਿਚ ਸਭ ਤੋਂ ਅੱਗੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੀਟਾਂ ਦੀ ਵੰਡ 11 ਮੈਂਬਰੀ ਤਾਲਮੇਲ ਕਮੇਟੀ ਅਤੇ ਕੇਂਦਰੀ ਸਕੱਤਰੇਤ ਯਾਨੀ ਦਿੱਲੀ ’ਚ ਸਾਂਝਾ ਦਫ਼ਤਰ ਬਣਾਉਣ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਮੁੰਬਈ ਮੀਟਿੰਗ ਵਿੱਚ ਨਵੇਂ ਗਠਜੋੜ ਦਾ ਝੰਡਾ ਅਤੇ ਲੋਗੋ ਵੀ ਜਾਰੀ ਕੀਤਾ ਜਾ ਸਕਦਾ ਹੈ।