ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਬਿਜਨੈਸ ਐਂਡ ਡਿਵੈਲਪਮੈਂਟ ਪਾਲਿਸੀ ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਜ਼ਿਲ੍ਹੇ ਦੀਆਂ ਸਨਅਤਾਂ ਜਿਨ੍ਹਾਂ ਵੱਲੋਂ ਛੋਟਾਂ ਹਾਸਲ ਕਰਨ ਲਈ ਬਿਜਨੈਸ ਫਰਸਟ ਪੋਰਟਲ 'ਤੇ ਅਪਲਾਈ ਕੀਤੀਆਂ ਸੀ, ਉਨ੍ਹਾਂ 4 ਦਰਖਾਸਤਾਂ ਦਾ ਨਿਪਟਾਰਾ ਕਰਕੇ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਵੱਖ-ਵੱਖ ਛੋਟਾਂ ਪ੍ਰਦਾਨ ਕੀਤੀਆਂ ਗਈਆਂ। ਜੀ.ਐਮ. ਡੀ.ਆਈ.ਸੀ.-ਕਮ-ਕਮੇਟੀ ਦੇ ਮੈਂਬਰ ਸਕੱਤਰ ਅੰਗਦ ਸਿੰਘ ਸੋਹੀ ਨੇ ਮੀਟਿੰਗ ਦੀ ਕਾਰਵਾਈ ਚਲਾਈ। ਇਸ ਦੌਰਾਨ ਕਮੇਟੀ ਵੱਲੋ ਬਾਂਸਲ ਸੁਖਮਨੀ ਹਸਪਤਾਲ ਵੱਲੋਂ 9,65,00,000 ਦੀ ਲਾਗਤ ਨਾਲ ਜਗਦੀਸ਼ ਆਸ਼ਰਮ ਰੋਡ, ਬੰਡੂਗਰ ਰੋਡ, ਪਟਿਆਲਾ ਵਿਖੇ ਬਣਾਏ ਜਾਣ ਵਾਲੇ ਮਲਟੀਸਪੈਸ਼ਿਲਟੀ ਹਸਪਤਾਲ ਨੂੰ 31,74,600 ਰੁਪਏ ਦੀ ਸੀ.ਐਲ.ਯੂ. ਵਿੱਚ ਛੋਟ ਨੂੰ ਪ੍ਰਵਾਨ ਕੀਤਾ। ਜਦਕਿ ਗੁਪਤਾ ਮੋਟਰ ਸਟੋਰ ਵੱਲੋਂ ਪਾਤੜਾਂ ਵਿਖੇ ਲਗਾਏ ਮੈਨੂਫੈਕਚਰਿੰਗ ਪੀ.ਵੀ.ਸੀ. ਪੈਨਲ ਦੇ ਵਿਸਥਾਰ ਲਈ 3 ਕਰੋੜ 50 ਲੱਖ ਰੁਪਏ ਇਨਵੈਸਟ ਕੀਤੇ ਜਿਨ੍ਹਾਂ ਨੂੰ ਬਿਜਲੀ ਡਿਊਟੀ ਦੀ ਛੋਟ 7 ਸਾਲਾਂ ਲਈ ਕਮੇਟੀ ਵੱਲੋਂ ਪ੍ਰਵਾਨ ਕੀਤੀ ਗਈ।
ਨਵਾਂ ਪਲਾਟ ਲਗਾਉਣ 'ਤੇ
ਇਸ ਤੋਂ ਬਿਨ੍ਹਾਂ ਮੈਸ: ਮੂਬਾਸਾ ਪਾਵਰ ਪ੍ਰਾਈਵੇਟ ਲਿਮਟਿਡ ਵੱਲੋਂ ਪਿੰਡ ਦੌਲਤਪੁਰ, ਨੇੜੇ ਫੋਕਲ ਪੁਆਇੰਟ ਪਟਿਆਲਾ ਵਿਖੇ ਬਿਜਲੀ ਦੇ ਉਪਕਰਣ ਬਣਾਉਣ ਦਾ 7,41,75,108 ਦੀ ਲਾਗਤ ਦਾ ਨਵਾਂ ਪਲਾਟ ਲਗਾਉਣ 'ਤੇ ਅਤੇ ਮੈਸ: ਕ੍ਰਿਸ਼ਨਾ ਏਗਜ਼ਮ ਇੰਡਸਟਰੀਜ਼ ਵੱਲੋਂ ਫੋਕਲ ਪੁਆਇੰਟ ਵਿਖੇ ਪੀ.ਵੀ.ਸੀ. ਪਾਈਪ ਲਗਾਉਣ ਦੇ ਨਵੇਂ ਪਲਾਟ ਲਈ ਬਿਜਲੀ ਡਿਊਟੀ ਦੀਆਂ ਛੋਟਾਂ 7 ਸਾਲਾਂ ਲਈ ਪ੍ਰਵਾਨ ਕੀਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਨਅਤਾਂ ਨੂੰ ਸਾਜ਼ਗਾਰ ਮਾਹੌਲ ਦੇਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸਨਅਤਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹੈ, ਜਿਸ ਲਈ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਉਦਯੋਗਾਂ ਨਾਲ ਸਬੰਧਤ ਪ੍ਰਾਜੈਕਟਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕਾਰਜਾਂ ਦੇ ਨਿਪਟਾਰੇ ਲਈ ਕਾਰਜਸ਼ੀਲ ਸਿੰਗਲ ਵਿੰਡੋ ਪ੍ਰਣਾਲੀ ਦੀ ਭੂਮਿਕਾ ਅਹਿਮ ਹੈ।