ਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ ਅੰਦਰ "ਆਯੂਸ਼ਮਾਨ ਭਵ" ਮੁਹਿੰਮ ਨੂੰ ਜ਼ਿਲ੍ਹਾ ਹਸਪਤਾਲ ਤੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਈਸਾ ਸਿੰਗਲ ਵੱਲੋਂ ਲਾਂਚ ਕੀਤਾ ਗਿਆ । ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ, ( ਜਨਰਲ) ਈਸਾ ਸਿੰਗਲ ਨੇ ਦੱਸਿਆ ਕਿ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਦੁਆਰਾ ਸ਼ੁਰੂ ਕੀਤੀ ਜਾ ਰਹੀ ਇਸ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ "ਸੇਵਾ ਪਖਵਾੜਾ" ਮਨਾਇਆ ਜਾ ਰਿਹਾ ਹੈ,ਇਸ ਪਖਵਾੜੇ ਦੌਰਾਨ ਸਵੱਛਤਾ ਅਭਿਆਨ, ਅੰਗ ਦਾਨ ਕਰਨ ਪ੍ਰਤੀ ਅਹਿਦ, ਖੂਨਦਾਨ ਕੈਂਪ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੰਬੰਧੀ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਆਯੂਸ਼ਮਾਨ ਆਪ ਕੇ ਦੁਆਰ,ਅਯੂਸ਼ਮਾਨ ਮੇਲਾ ਅਤੇ ਆਯੂਸਮਾਨ ਸਭਾ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ ।ਉਨ੍ਹਾਂ ਕਿਹਾ ਇਸ ਫਗਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਵੱਧ ਉਮਰ ਵਾਲੇ ਹਰ ਬੱਚੇ ਦੀ ਆਭਾ ਆਈ.ਡੀ ਜਨਰੇਟ ਕਰਨਾ, 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਦਾ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਲਬਾਟਰੀ ਟੈਸਟ ਕੀਤੇ ਜਾਣਗੇ , ਟੀ. ਬੀ ਦੇ ਮਰੀਜ਼ਾਂ ਦੀ ਸਕਰੀਨਿੰਗ ਆਦਿ ਕੀਤੀ ਜਾਵੇਗੀ ਅਤੇ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ।
ਆਯੂਸ਼ਮਾਨ ਭਾਰਤ ਕਾਰਡ ਦਾ ਲਾਭ
ਸ਼੍ਰੀਮਤੀ ਈਸ਼ਾ ਸਿੰਗਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਹੜੇ ਪਿੰਡ ਦੇ ਹਰੇਕ ਲਾਭਪਾਤਰੀ ਨੂੰ ਆਯੂਸ਼ਮਾਨ ਭਾਰਤ ਕਾਰਡ ਦਾ ਲਾਭ ਮਿਲਿਆ ਹੋਵੇਗਾ, ਪਿੰਡ ਵਿੱਚ ਕੋਈ ਟੀ.ਬੀ. ਰੋਗੀ ਨਹੀਂ ਹੋਵੇਗਾ ਅਤੇ ਪਿੰਡ ਦੇ ਹਰੇਕ ਵਿਅਕਤੀ ਦਾ ਕੋਵਿਡ ਟੀਕਾਕਰਨ ਹੋਇਆ ਹੋਵੇਗਾ ਉਸ ਪਿੰਡ ਨੂੰ ਆਯੂਸ਼ਮਾਨ ਪਿੰਡ ਐਲਾਨਿਆਂ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਮੁਹਿੰਮ ਤਹਿਤ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਆਯੂਸ਼ਮਾਨ ਮੇਲੇ ਲਗਾਏ ਜਾਣਗੇ। ਉਨ੍ਹਾਂ ਇਸ ਮੌਕੇ ਟੀ.ਬੀ. ਦੇ ਮਰੀਜਾਂ ਦੀ ਦੇਖ-ਭਾਲ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਪ੍ਰਸ਼ੰਸਾਂ ਪੱਤਰ ਵੀ ਵੰਡੇ ਅਤੇ ਟੀ.ਬੀ. ਦੇ ਮਰੀਜਾਂ ਨੂੰ ਰਾਸ਼ਨ ਵੀ ਵੰਡਿਆ। ਉਨ੍ਹਾਂ ਇਸ ਮੌਕੇ ਅੰਗਦਾਨ ਕਰਨ ਦਾ ਪ੍ਰਣ ਵੀ ਦਿਵਾਇਆ।ਇਸ ਮੌਕੇ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਪਖਵਾੜੇ ਦੌਰਾਨ ਸਿਹਤ ਤੇ ਤੰਦਰੁਸਤੀ ਕੇਂਦਰਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਉੱਪਰ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਮੇਲਿਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਹਸਪਤਾਲਾਂ ਵਾਲੀਆਂ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ । ਓਹਨਾ ਇਹ ਵੀ ਦੱਸਿਆ ਕਿ ਇਨ੍ਹਾਂ ਮੇਲਿਆਂ ਵਿੱਚ ਆਭਾ ਆਈ.ਡੀ ਜਨਰੇਟ ਕੀਤੀਆਂ ਜਾਣਗੀਆਂ ਤੇ ਆਮ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਸਿਹਤ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਦੇਸ਼ ਵਿਆਪੀ ਮੁਹਿੰਮ ਦੀ ਵਧੇਰੇ ਜਾਣਕਾਰੀ 1800114 77 ਟੋਲ ਫਰੀ ਨੰਬਰ ਤੇ ਲਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਦੇਸ਼ ਅੰਦਰ ਸਾਰੇ ਗਰੀਬ ਤੇ ਮੱਧ ਵਰਗੀ ਲੋਕਾਂ ਦੀ ਸਿਹਤ ਦੀ ਜਾਂਚ ਹੋਵੇ।
ਇਲਾਜ ਮੁਫ਼ਤ ਕਰਨਾ ਯਕੀਨੀ ਬਣਾਇਆ ਜਾਵੇ
ਜਾਂਚ ਦੌਰਾਨ ਕਿਸੇ ਬਿਮਾਰੀ ਦਾ ਪਤਾ ਲੱਗਣ ਤੇ ਉਸ ਦਾ ਇਲਾਜ ਮੁਫ਼ਤ ਕਰਨਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨ ਡਾ ਸਰਿਤਾ,ਜਿਲਾ ਟੀਕਾਕਰਨ ਅਫ਼ਸਰ ਡਾ ਰਾਜੇਸ਼ ਕੁਮਾਰ,ਜਿਲਾ ਪਰਿਵਾਰ ਭਲਾਈ ਅਫ਼ਸਰ ਡਾ ਦਲਜੀਤ ਕੌਰ, ਜਿਲ੍ਹਾ ਸਿਹਤ ਅਫ਼ਸਰ ਡਾ ਨਵਜੋਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ ਜਿਲ੍ਹਾ ਟੀ ਬੀ ਅਫ਼ਸਰ ਡਾ ਹਰਪ੍ਰੀਤ ਕੌਰ, ਡੀ ਪੀ ਐਮ ਕਸੀਤੀਜ ਸੀਮਾ ,ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਅਮਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।