ਪਿਛਲੇ ਮਹੀਨੇ ਤੋਂ ਕੈਨੇਡਾ ਤੇ ਭਾਰਤ ਵਿਚ ਰਿਸ਼ਤਿਆਂ ਵਿਚ ਤਣਾਅ ਆ ਗਿਆ ਹੈ। ਇਸੇ ਦਰਮਿਆਨ ਕੈਨੇਡਾ ਜਾਣ ਦਾ ਚਾਹਵਾਨ ਲੋਕਾਂ ਲਈ ਬੁਰੀ ਖਬਰ ਹੈ। ਤਣਾਅ ਵਿਚ ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਨਾਲ ਹੀ ਕੈਨੇਡਾ ਨੇ ਬੇਂਗਲੁਰੂ, ਚੰਡੀਗੜ੍ਹ ਤੇ ਮੁੰਬਈ ਵਿਚ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਹੈ।
ਵੀਜ਼ਾ ਦੀ ਚਾਹਤ ਰੱਖਣ ਵਾਲੇ ਲੋਕਾਂ ਨੂੰ ਹੁਣ ਦਿੱਲੀ ਜਾ ਕੇ ਵੀਜ਼ਾ ਪ੍ਰੋਸੈਸਿੰਗ ਕਰਵਾਉਣਾ ਹੋਵੇਗਾ। ਦੱਸ ਦੇਈਏ ਕਿ ਭਾਰਤ ਨੇ ਲਗਭਗ ਇਕ ਮਹੀਨਾ ਪਹਿਲਾਂ ਕੈਨੇਡਾ ਵਿਚ ਵੀਜ਼ਾ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਸੀ। 19 ਅਕਤੂਬਰ ਨੂੰ ਅਪਡੇਟ ਕੀਤੀ ਗਈ ਭਾਰਤ ਲਈ ਆਪਣੀ ਟ੍ਰੈਵਲ ਐਡਵਾਇਜਰੀ ਵਿਚ ਕੈਨੇਡਾ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਵਿੱਚ ਤਣਾਅ ਦਰਮਿਆਨ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਕੈਨੇਡਾ ਪ੍ਰਤੀ ਵਿਰੋਧ ਅਤੇ ਕੁਝ ਨਕਾਰਾਤਮਕ ਭਾਵਨਾਵਾਂ ਸਾਹਮਣੇ ਆਈਆਂ ਹਨ।
ਕੈਨੇਡਾ ਦੇ ਟ੍ਰੈਵਲ ਐਡਵਾਇਜਰੀ ਵਿਚ ਕਿਹਾ ਗਿਆ ਕਿ ਕੈਨੇਡਾ ਵਿਰੋਧੀ ਪ੍ਰਦਰਸ਼ਨ ਸਣੇ ਹੋਰ ਪ੍ਰਦਰਸ਼ਨ ਹੋ ਸਕਦੇ ਹਨ ਤੇ ਕੈਨੇਡੀਅਨ ਲੋਕਾਂ ਨੂੰ ਧਮਕੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਨਾਲ ਹੀ ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਜਨਤਕ ਥਾਵਾਂ ਸਣੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ ਲਈ ਕਿਹਾ ਹੈ। ਕੈਨੇਡਾ ਦੇ ਇਕ ਸਾਬਕਾ ਡਿਪਲੋਮੈਟ ਨੇ ਕਿਹਾ ਕਿ ਭਾਰਤ ਵੱਲੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿਣਾ ਕੋਈ ਸਾਧਾਰਨ ਘਟਨਾ ਨਹੀਂ ਹੈ। ਪਿਛਲੇ 40 ਤੋਂ 50 ਸਾਲਾਂ ਵਿਚ ਇਸ ਤਰ੍ਹਾਂ ਦੀ ਕਿਸੇ ਘਟਨਾ ਬਾਰੇ ਮੈਨੂੰ ਯਾਦ ਨਹੀਂ ਹੈ, ਜਿਥੇ ਅਜਿਹਾ ਕੁਝ ਹੋਇਆ ਹੋਵੇ।
ਕੈਨੇਡੀਅਨ ਡਿਪਲੋਮੈਟਾਂ ਨੂੰ ਹਟਾਉਣ ‘ਤੇ ਟਰੂਡੋ ਨੇ ਕਿਹਾ ਭਾਰਤ ਨੇ ਨਿਯਮਾਂ ਨੂੰ ਤੋੜਿਆ ਇਸ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਹੋ ਜਾਵੇਗੀ ਦਰਅਸਲ ਕੈਨੇਡਾ ਦੀ ਵਿਦੇਸ਼ ਮੰਤਰ ਮੇਲਾਨੀ ਜੋਲੀ ਨੇ ਪੁਸ਼ਟੀ ਕੀਤੀ ਸੀ ਕਿ ਭਾਰਤ ਤੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਨੇ ਇਸ ਲਈ 20 ਅਕਤੂਬਰ ਦੀ ਸਮਾਂ ਸੀਮਾ ਦਿੱਤੀ ਸੀ ਜਿਸ
ਤੋਂ ਬਾਅਦ ਕੈਨੇਡਾ ਨੂੰ ਇਹ ਕਦਮ ਚੁੱਕਣਾ ਪਿਆ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ, ਪੀਐਮ ਟਰੂਡੋ ਨੇ ਕਿਹਾ - ਭਾਰਤ ਕੂਟਨੀਤੀ ਦੇ ਮੂਲ ਸਿਧਾਂਤ ਦੀ ਉਲੰਘਣਾ ਕਰਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਮੁਸੀਬਤ ਵਿੱਚ ਪਾ ਰਿਹਾ ਹੈ। ਮੈਂ ਉਨ੍ਹਾਂ ਕੈਨੇਡੀਅਨਾਂ ਬਾਰੇ ਸਭ ਤੋਂ ਵੱਧ ਚਿੰਤਤ ਹਾਂ ਜਿਨ੍ਹਾਂ ਦੀਆਂ ਜੜ੍ਹਾਂ ਭਾਰਤੀ ਉਪ ਮਹਾਂਦੀਪ ਵਿੱਚ ਹਨ। ਟਰੂਡੋ ਨੇ ਕਿਹਾ ਕਿ ਕੁਝ ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਵਿੱਚੋਂ ਕੱਢੇ ਜਾਣ ਨਾਲ ਯਾਤਰਾ ਅਤੇ ਵਪਾਰ ਵਰਗੇ ਮਾਮਲਿਆਂ ਵਿੱਚ ਸਮੱਸਿਆਵਾਂ ਪੈਦਾ ਹੋਣਗੀਆਂ। ਟਰੂਡੋ ਨੇ ਕਿਹਾ-ਕੈਨੇਡਾ ’ਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।ਟਰੂਡੋ ਨੇ ਕਿਹਾ ਕਿ ਇਸ ਨਾਲ ਕੈਨੇਡਾ ’ਚ ਪੜ੍ਹ ਰਹੇ ਭਾਰਤੀਆਂ ਨੂੰ ਵੀ ਪਰੇਸ਼ਾਨੀ ਹੋਵੇਗੀ। ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ- ਅਸੀਂ ਭਾਰਤ ਤੋਂ ਕੈਨੇਡੀਅਨ ਡਿਪਲੋਮੈਟਾਂ ਦੇ ਜਾਣ ਨੂੰ ਲੈ ਕੇ ਚਿੰਤਤ ਹਾਂ। ਦੋ ਦੇਸ਼ਾਂ ਦਰਮਿਆਨ ਮਸਲਿਆਂ ਨੂੰ ਸੁਲਝਾਉਣ ਲਈ ਡਿਪਲੋਮੈਟਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਅਮਰੀਕਾ ਨੇ ਕਿਹਾ- ਅਸੀਂ ਭਾਰਤ ਨੂੰ ਕੈਨੇਡੀਅਨ ਡਿਪਲੋਮੈਟਾਂ ਨੂੰ ਨਾ ਕੱਢਣ ਦੀ ਅਪੀਲ ਕੀਤੀ ਸੀ। ਨਿੱਝਰ ਦੇ ਕਤਲ ਦੀ ਜਾਂਚ ਵਿੱਚ ਕੈਨੇਡਾ ਨੂੰ ਸਹਿਯੋਗ ਦੇਣ ਲਈ ਵੀ ਕਿਹਾ ਗਿਆ ਸੀ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਡਿਪਲੋਮੈਟਾਂ ਦੇ ਵਿਸ਼ੇਸ਼ ਅਧਿਕਾਰਾਂ ਅਤੇ ਛੋਟਾਂ ਬਾਰੇ 1961 ਦੀ ਵਿਏਨਾ ਕਨਵੈਨਸ਼ਨ ਦੀ ਪਾਲਣਾ ਕਰੇਗਾ। ਬ੍ਰਿਟੇਨ ਨੇ ਕਿਹਾ- ਅਸੀਂ ਭਾਰਤ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ ਦੂਜੇ ਪਾਸੇ ਇਸ ਮਾਮਲੇ ’ਚ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਤੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ। ਡਿਪਲੋਮੈਟਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਦਿੱਤੇ ਗਏ ਵਿਸ਼ੇਸ਼ ਅਧਿਕਾਰਾਂ ਅਤੇ ਛੋਟਾਂ ਨੂੰ ਇਕਪਾਸੜ ਤੌਰ ’ਤੇ ਹਟਾਉਣਾ ਵੀਏਨਾ ਕਨਵੈਨਸ਼ਨ ਦੇ ਸਿਧਾਂਤਾਂ ਦੀ ਉਲੰਘਣਾ ਹੈ।
ਵੀਰਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਭਾਰਤ ਦੇ ਫੈਸਲੇ ਵਿਰੁੱਧ ਕੋਈ ਜਵਾਬੀ ਕਾਰਵਾਈ ਨਹੀਂ ਕਰੇਗਾ ਕਿਉਂਕਿ ਉਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨਾ ਚਾਹੁੰਦਾ ਹੈ। ਇਸ ’ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ- ਅਸੀਂ ਕਿਸੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ- ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ।ਭਾਰਤ ਚਾਹੁੰਦਾ ਹੈ ਕਿ ਨਵੀਂ ਦਿੱਲੀ ਅਤੇ ਓਟਾਵਾ ਵਿਚਾਲੇ ਕੂਟਨੀਤਕ ਮੌਜੂਦਗੀ ਪਹਿਲਾਂ ਵਾਂਗ ਹੀ ਰਹੇ। ਸਾਡੇ ਦੇਸ਼ ਵਿੱਚ ਕੈਨੇਡੀਅਨ ਡਿਪਲੋਮੈਟ ਜ਼ਿਆਦਾ ਸਨ ਅਤੇ ਉਹ ਲਗਾਤਾਰ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੇ ਸਨ। ਇਸ ਲਈ ਅਸੀਂ ਕੂਟਨੀਤਕ ਬਰਾਬਰੀ ’ਤੇ ਜ਼ੋਰ ਦਿੱਤਾ।
ਦਰਅਸਲ, ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਕੈਨੇਡਾ ਨੂੰ ਆਪਣੇ ਡਿਪਲੋਮੈਟਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ, ਤਾਂ ਜੋ ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਹੋਵੇ। ਭਾਰਤ ਵਿੱਚ ਮੌਜੂਦ ਕੈਨੇਡਾ ਦੇ ਵਾਧੂ ਡਿਪਲੋਮੈਟ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦਿੰਦੇ ਹਨ।
ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ।ਫਾਈਨੈਂਸ਼ੀਅਲ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ। ਇਹ ਫੈਸਲਾ ਖਾਲਿਸਤਾਨੀ ਅੱਤਵਾਦੀ ਨਿੱਝਰ ਦੀ ਹੱਤਿਆ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਲਿਆ ਗਿਆ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਇਨ੍ਹਾਂ 41 ਡਿਪਲੋਮੈਟਾਂ ਵਿੱਚੋਂ ਜੋ ਸਮਾਂ ਸੀਮਾ ਤੋਂ ਬਾਅਦ ਭਾਰਤ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਮਿਲਣ ਵਾਲੀਆਂ ਛੋਟਾਂ ਅਤੇ ਹੋਰ ਲਾਭ (ਕੂਟਨੀਤਕ ਛੋਟ) ਬੰਦ ਕਰ ਦਿੱਤੇ ਜਾਣਗੇ। ਭਾਰਤ ਵਿੱਚ ਕੈਨੇਡਾ ਦੇ ਕਰੀਬ 62 ਡਿਪਲੋਮੈਟ ਸਨ।
ਕੈਨੇਡਾ ਦੀ ਵਿਦੇਸ਼ ਮੰਤਰੀ ਜੌਲੀ ਨੇ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹਾਂ ਕਿ ਭਾਰਤ ਨੇ 21 ਕੈਨੇਡੀਅਨ ਡਿਪਲੋਮੈਟਾਂ ਨੂੰ ਛੱਡ ਕੇ ਹੋਰ ਸਾਰਿਆਂ ਦੀ ਛੋਟ 20 ਅਕਤੂਬਰ ਦੇ ਬਾਅਦ ਖਤਮ ਕਰਨ ਦੀ ਯੋਜਨਾ ਤੋਂ ਸਾਨੂੰ ਜਾਣੂ ਕਰਵਾ ਦਿੱਤਾ ਹੈ। ਡਿਪਲੋਮੈਟਾਂ ਦੀ ਸੁਰੱਖਿਆ ਨੂੰਧਿਆਨ ਵਿਚ ਰੱਖਦੇ ਹੋਏ ਅਸੀਂ ਭਾਰਤ ਵਿਚ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨਿਸ਼ਚਿਤ ਕੀਤੀ ਹੈ। ਇਸ ਦਾ ਮਲਬ ਹੈ ਕਿ ਭਾਰਤ ਵਿਚ ਰਹਿ ਰਹੇ 41 ਡਿਪਲੋਮੈਟ ਤੇ ਉਨ੍ਹਾਂ ਦਾ ਪਰਿਵਾਰ ਭਾਰਤ ਛੱਡ ਚੁੱਕੇ ਹਨ।