ਸੁਨਾਮ :- ਮਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਦੀ ਮੰਗ ਨੂੰ ਲੈਕੇ ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਵਰਕਰਾਂ ਨੇ ਸੋਮਵਾਰ ਨੂੰ ਬਲਾਕ ਪ੍ਰਧਾਨ ਕਸ਼ਮੀਰ ਕੌਰ ਜਵੰਧਾ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਸੁਨਾਮ ਮੂਹਰੇ ਰੋਹ ਭਰਪੂਰ ਧਰਨਾ ਦੇਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਮਨਰੇਗਾ ਕਾਮਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਹੱਕੀ ਮੰਗਾਂ ਦੀ ਪ੍ਰਾਪਤੀ ਲਈ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮਨਰੇਗਾ ਫਰੰਟ ਦੀ ਜਨਰਲ ਸਕੱਤਰ ਹਰਦੀਪ ਕੌਰ ਪਾਲੀਆ,ਸੂਬਾ ਖਜਾਨਚੀ ਨਿਰਮਲਾ ਕੌਰ ਧਰਮਗੜ੍ਹ, ਜਿਲ੍ਹਾ ਪ੍ਰਧਾਨ ਭੋਲਾ ਸਿੰਘ ਘਾਸੀਵਾਲਾ, ਜਿਲ੍ਹਾ ਸਕੱਤਰ ਨਿਰਮਲ ਸਿੰਘ ਉਭਿਆ ਅਤੇ ਸੁਖਵਿੰਦਰ ਕੌਰ ਘਾਸੀਵਾਲਾ ਨੇ ਕਿਹਾ ਕਿ ਬੀਡੀਪੀਓ ਦਫਤਰ ਵੱਲੋਂ ਕਥਿਤ ਤੌਰ ਤੇ ਮਨਰੇਗਾ ਨੂੰ ਕਾਨੂੰਨ ਅਨੁਸਾਰ ਲਾਗੂ ਨਹੀਂ ਕੀਤਾ ਜਾ ਰਿਹਾ, ਅਰਜੀ ਦੇਕੇ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਬਜਾਏ ਪ੍ਰੇਸ਼ਾਨ ਕੀਤਾ ਜਾਂਦਾ ਹੈ। ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ,ਨਾ ਹੀ ਕੰਮ ਵਾਲੀ ਅਰਜੀ ਆਨਲਾਈਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਵੀ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ। ਸੂਬਾਈ ਆਗੂ ਬਲਜੀਤ ਕੌਰ ਸਤੌਜ, ਜ਼ਿਲ੍ਹਾ ਆਗੂ ਰਾਣੀ ਕੌਰ ਚੰਗਾਲ, ਗੁਰਧਿਆਨ ਕੌਰ ਨਮੋਲ, ਪਰਮਜੀਤ ਕੌਰ ਬੀਰਕਲਾਂ , ਰਾਜ ਸਿੰਘ ਜਵਾਹਰਕੇ, ਸੋਮਾ ਰਾਣੀ ਨਮੋਲ ਅਤੇ ਜਗਦੇਵ ਸਿੰਘ ਨੇ ਕਿਹਾ ਕਿ ਕਾਨੂੰਨ ਮੁਤਾਬਕ ਮੇਟਾਂ ਨੂੰ ਅਰਧ ਕੁਸ਼ਲ ਕਾਮੇ ਦਾ ਮਿਹਨਤਾਨਾ ਦੇਣਾ ਜਰੂਰੀ ਹੈ ਜੋ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਕਿਹਾ ਮਨਰੇਗਾ ਕਾਨੂੰਨ ਨੂੰ ਲਾਗੂ ਹੋਏ 18 ਸਾਲ ਹੋ ਚੁੱਕੇ ਹਨ। ਇੰਨੇ ਸਮੇਂ ਵਿੱਚ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਭੱਤੇ ਲਈ ਨਿਯਮ ਬਣਾਕੇ ਫੰਡ ਕਾਇਮ ਨਹੀਂ ਕੀਤਾ ਜੋ ਸੰਵਿਧਾਨਕ ਉਲੰਘਣਾ ਹੈ ਅਤੇ ਨਾ ਹੀ ਸੂਬੇ ਵਿੱਚ ਘੱਟੋ ਘੱਟ ਉਜਰਤ ਮੁਤਾਬਕ ਦਿਹਾੜੀ ਦਿੱਤੀ ਜਾ ਰਹੀ ਹੈ। ਧਰਨੇ ਚ ਪਹੁੰਚਕੇ ਸੰਜੀਵ ਕੁਮਾਰ ਬੀ ਡੀ ਪੀ ਓ ਸੁਨਾਮ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਇੰਟਰਨੈਸਨਲਿਸਿਟ ਡੈਮੋਕਰੇਟਿਕ ਪਲੇਟਫਾਰਮ (ਆਈ ਡੀ ਪੀ) ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰਘਰਾਟ ਅਤੇ ਜਿਲਾ ਪ੍ਰਧਾਨ ਹੰਸ ਰਾਜ ਭਵਾਨੀਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਬੱਜਟ ਵਿੱਚ ਵਾਧਾ ਕਰੇ, ਸਾਲ ਵਿੱਚ ਕੰਮ 100 ਦਿਨ ਦੀ ਬਜਾਏ 200 ਦਿਨ ਦਿੱਤਾ ਜਾਵੇ, ਕਾਨੂੰਨ ਅਨੁਸਾਰ ਜੇ ਈ, ਏ ਪੀ ਓ, ਜੀ ਐਸ ਆਰ ਤੇ ਹੋਰ ਸਟਾਫ ਦੀ ਰੈਗੂਲਰ ਭਰਤੀ ਕੀਤੀ ਜਾਵੇ।