ਸਿਵਲ ਹਸਪਤਾਲ ਵਿਖੇ " ਸਾਡੇ ਬਜ਼ੁਰਗ ਸਾਡਾ ਮਾਣ " ਮੁਹਿੰਮ ਤਹਿਤ ਲਗਾਏ ਕੈਂਪ ਦੌਰਾਨ ਪੈਨਸ਼ਨ ਸਕੀਮਾਂ ਦੇ 109 ਨਵੇਂ ਲਾਭਪਾਤਰਾਂ ਨੂੰ ਵੰਡੇ ਮਨਜੂਰੀ ਪੱਤਰ
ਕੈਂਪ ਦੌਰਾਨ 658 ਬਜ਼ੁਰਗਾਂ ਦੀ ਨਜ਼ਰ ਚੈੱਕ ਕਰਕੇ ਦਿੱਤੀਆਂ ਮੁਫਤ ਐਨਕਾਂ
ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਲਗਾਏ ਕੈਂਪ ਵਿੱਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕੀਤੀ ਸ਼ਿਰਕਤ
ਫ਼ਤਹਿਗੜ੍ਹ ਸਾਹਿਬ :- ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ ਅਤੇ ਉਨ੍ਹਾਂ ਦਾ ਮਾਣ ਸਨਮਾਨ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਲਗਾਏ ਕੈਂਪ ਦੌਰਾਨ ਬਜੁਰਗਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਮੁੱਢ ਕਦੀਮ ਤੋਂ ਹੀ ਆਪਣੇ ਬਜ਼ੁਰਗਾਂ ਦਾ ਮਾਣ ਸਨਮਾਨ ਕਰਦੇ ਰਹੇ ਹਨ ਪ੍ਰੰਤੂ ਜਿਸ ਤੇਜੀ ਨਾਲ ਪੰਜਾਬ ਅੰਦਰ ਓਲਡ ਏਜ ਹੋਮ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉਹ ਸਾਡੇ ਸਾਰਿਆਂ ਲਈ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਬਜੁਰਗਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ ਅਤੇ ਸਾਨੂੰ ਇਹ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਬਜੁਰਗ ਆਪਣੀ ਜਿੰਦਗੀ ਦਾ ਵੱਡਾ ਹਿੱਸਾ ਆਪਣੀ ਔਲਾਦ ਦੀ ਤਰੱਕੀ ਲਈ ਲਗਾਉਂਦੇ ਹਨ। ਜਿਸ ਨੂੰ ਯਾਦ ਰੱਖਦੇ ਹੋਏ ਸਾਨੂੰ ਕਦੇ ਵੀ ਬਜੁਰਗਾਂ ਦੇ ਆਦਰ ਸਤਿਕਾਰ ਵਿੱਚ ਅਵੇਸਲਾ ਨਹੀਂ ਹੋਣਾ ਚਾਹੀਦਾ। ਇਸ ਕੈਂਪ ਦੌਰਾਨ ਬੁਢਾਪਾ ਪੈਨਸ਼ਨ ਦੇ 109 ਨਵੇਂ ਲਾਭਪਾਤਰਾਂ ਨੂੰ ਮਨਜੂਰੀ ਪੱਤਰ ਵੰਡੇ ਗਏ ਅਤੇ 658 ਬਜੁਰਗਾਂ ਦੀ ਨਜ਼ਰ ਚੈੱਕ ਕਰਕੇ ਮੁਫਤ ਐਨਕਾਂ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਨਵ ਨਿਯੁਕਤ ਆਂਗਨਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ। ਵਿਧਾਇਕ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਬਜੁਰਗਾਂ ਨੂੰ ਘਰਾਂ ਨੇੜੇ ਲੋੜੀਂਦੀਆਂ ਸਹੂਲਤਾਂ ਦੇਣ ਲਈ ਪੂਰੇ ਸਮਰਪਣ ਦੀ ਭਾਵਨਾ ਨਾਲ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ 27 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਲਾਈਨਾਂ ਵਿੱਚ ਨਾ ਲੱਗਣਾ ਪਵੇ। ਉਨ੍ਹਾਂ ਹੋਰ ਕਿਹਾ ਕਿ ਇਸੇ ਤਰ੍ਹਾਂ ਬਜੁਰਗਾਂ ਪੈਨਸ਼ਨਾ ਘਰਾਂ ਤੱਕ ਪਹੁੰਚਾਉਣ ਦੀ ਯੋਜਨਾ ਵੀ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਹੋਰ ਕਿਹਾ ਕਿ ਸਰਕਾਰ ਆਪਣੇ ਕੀਤੇ ਗਏ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕਰ ਰਹੀ ਹੈ ਅਤੇ ਔਰਤਾਂ ਨੂੰ 1000/- ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਤੇ ਵੀ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਤਹਿਤ ਸਰਕਾਰੀ ਹਸਪਤਾਲਾਂ ਅੰਦਰ ਲੋਕਾਂ ਨੂੰ ਲਗਭਗ 300 ਕਿਸਮ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਅੰਦਰ ਦਿਲ ਦੇ ਰੋਗਾਂ ਸਮੇਤ ਹੋਰ ਰੋਗਾਂ ਨਾਲ ਸਬੰਧਤ 100 ਵੱਖ-ਵੱਖ ਤਰ੍ਹਾਂ ਦੀਆਂ ਮਹਿੰਗੀਆਂ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਅੰਦਰ ਛੇਤੀ ਹੀ ਆਈ.ਸੀ.ਯੂ. ਸੈਂਟਰ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਜੁਰਗਾਂ ਨੂੰ ਇੱਕੋ ਛੱਤ ਹੇਠ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਹ ਕੈਂਪ ਲਗਾਇਆ ਗਿਆ ਹੈ ਜਿਸ ਦਾ ਵੱਡੀ ਗਿਣਤੀ ਬਜੁਰਗਾਂ ਨੇ ਲਾਭ ਉਠਾਇਆ ਹੈ। ਉਨ੍ਹਾਂ ਕਿਹਾ ਕਿ ਬਜੁਰਗ ਸਾਡੇ ਸਾਰਿਆਂ ਲਈ ਇੱਕ ਗੌਰਵ ਦਾ ਪ੍ਰਤੀਕ ਹਨ ਕਿਉਂਕਿ ਇਨ੍ਹਾਂ ਬਜੁਰਗਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤੇਜੀ ਨਾਲ ਬੱਚਿਆਂ ਅੰਦਰ ਬਾਹਰ ਜਾਣ ਦਾ ਰੁਝਾਨ ਵੱਧ ਰਿਹਾ ਹੈ ਉਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਪੰਜਾਬ ਅੰਦਰ ਹੀ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵੱਡੀ ਗਿਣਤੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ ਅਤੇ ਸਰਕਾਰ ਬਜੁਰਗਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਹੋਣ ਦੇਵੇਗੀ।
ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਨਿਰੰਤਰ ਲਗਾਉਣ ਤੇ ਵੀ ਗੰਭੀਰਤਾ ਨਾਲ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਬਜੁਰਗਾਂ ਨੂੰ ਸਿਹਤ ਸਹੂਲਤਾਂ ਇੱਕੋ ਛੱਤ ਹੇਠ ਮਿਲ ਸਕਣ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਬਜੁਰਗਾਂ ਦਾ ਮੁਫਤ ਚੈਕਅੱਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਆਯੂਸ਼ ਵਿਭਾਗ ਵੱਲੋਂ ਬਜੁਰਗਾਂ ਨੂੰ ਤੰਦਰੁਸਤ ਰੱਖਣ ਲਈ ਲਾਫਟਰ ਥੈਰੇਪੀ ਵੀ ਕਰਵਾਈ ਗਈ। ਇਸ ਮੌਕੇ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜੋਬਨਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਰਿਤਾ, ਸਹਾਇਕ ਸਿਵਲ ਸਰਜਨ ਡਾ: ਸਵਪਨਜੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ: ਬਲਕਾਰ ਸਿੰਘ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਗੁਰਬਚਨ ਕੌਰ, ਸ਼੍ਰੀ ਗੁਰਸਤਿੰਦਰ ਸਿੰਘ ਜੱਲ੍ਹਾ, ਸ਼੍ਰੀ ਸਨੀ ਚੋਪੜਾ, ਸ਼੍ਰੀ ਸਤੀਸ਼ ਲਟੌਰ, ਸ਼੍ਰੀ ਬਹਾਦਰ ਖਾਨ, ਕਰਮ ਸਿੰਘ ਜੱਲ੍ਹਾ, ਮੋਹਿਤ ਸੂਦ, ਪ੍ਰਿਤਪਾਲ ਜੱਸੀ, ਬਲਵੀਰ ਸਿੰਘ ਸੋਢੀ, ਨਿਰਮਲ ਸਿੰਘ ਸੀੜਾ, ਸੰਤੋਖ ਸਿੰਘ,ਸਮੂਹ ਸੀ.ਡੀ.ਪੀ.ਓਜ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਜੁਰਗ ਹਾਜਰ ਸਨ।